Chandigarh News : ਦੋ ਵਿਸ਼ੇਸ਼ ਸ਼ਖਸ਼ੀਅਤਾਂ ਨੂੰ ਕੀਤਾ ਸਨਮਾਨਿਤ
Chandigarh News : ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ’ਚ ਦੋ ਵਿਸ਼ੇਸ਼ ਸ਼ਖਸ਼ੀਅਤਾਂ ਗੁਰਮੀਤ ਸਿੰਘ ਜੌੜਾ ਮੈਂਬਰ ਬੀ.ਸੀ. ਸਟੇਟ ਕਮਿਸ਼ਨ ਅਤੇ ਪ੍ਰਸਿੱਧ ਸੱਭਿਆਚਾਰਿਕ ਪ੍ਰਚਾਰਕ ਅਤੇ ਗੁਰਮੀਤ ਸਿੰਘ ਹੈਡੋ ਵਿਸ਼ੇਸ਼ ਪੰਜਾਬੀ ਪ੍ਰਚਾਰਕ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਗੁਰਮੀਤ ਸਿੰਘ ਜੌੜਾ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ ਜਦੋਂ ਕਿ ਗੁਰਮੀਤ ਸਿੰਘ ਹੈਂਡੋ ਵਿਸ਼ੇਸ਼ ਮਹਿਮਾਨ ਸਨ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵਲੋਂ ਕੀਤੀ ਗਈ ਅਤੇ ਬਹੁਤ ਸਾਰੇ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਸਾਹਿਤਕ ਮਿਲਣੀ ’ਚ ਹਾਜ਼ਰੀ ਭਰੀ।
ਸਮਾਗਮ ਦੇ ਸ਼ੁਰੂ ’ਚ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਦੂਜੇ ਹਾਜ਼ਰ ਸਾਹਿਤਕਾਰਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ, ਮਹਿਮਾਨਾਂ ਅਤੇ ਸਭ ਸਾਹਿਤਕਾਰਾਂ ਨਾਲ ਜਾਣ ਪਹਿਚਾਣ ਕਰਵਾਈ ਅਤੇ ਗੁਰੀਮਤ ਜੌੜਾ ਦੀਆਂ ਪੰਜਾਬੀ ਸੱਭਿਆਚਾਰਿਕ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਇਸ ਤੋਂ ਪਿਛੋਂ ਸੰਸਥਾ ਦੇ ਸਮੂਹ ਅਹੁਦੇਦਾਰਾਂ ਵਲੋਂ ਸਮੂਹਿਕ ਤੌਰ ’ਤੇ ਗੁਰਮੀਤ ਸਿੰਘ ਜੌੜਾ ਅਤੇ ਗੁਰਮੀਤ ਸਿੰਘ ਹੈਡੋ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਦੂਜੇ ਅਹੁਦੇਦਾਰਾਂ ਜੋ ਦੋਹਾਂ ਸ਼ਖਸ਼ੀਅਤਾਂ ਨੂੰ ਇੱਕ ਸ਼ਾਲ, ਇੱਕ ਸਨਮਾਨ ਚਿੰਨ੍ਹ, ਕਿਤਾਬਾਂ ਦਾ ਸੈੱਟ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ । ਇਸ ਤੋਂ ਪਹਿਲਾਂ ਇਨ੍ਹਾਂ ਦੋਹਾਂ ਸ਼ਖਸ਼ੀਅਤਾਂ ਨੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਚੰਡੀਗੜ੍ਹ ਦਫਤਰ ਪਹੁੰਚ ਕੇ ਮੈਂਬਰਸ਼ਿਪ ਲੈ ਕੇ ਸੰਸਥਾ ’ਚ ਜੁਆਇੰਨ ਕੀਤਾ ਅਤੇ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਤਨ-ਮਨ-ਧਨ ਨਾਲ ਮਦਦ ਕਰਨ ਦਾ ਭਰੋਸਾ ਦਿੱਤਾ ਅਤੇ ਸੰਸਥਾ ਵਲੋਂ ਕੀਤੇ ਸਨਮਾਨ ਲਈ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ।
ਸਮਾਗਮ ਦੇ ਦੂਜੇ ਪੜਾਅ ’ਚ ਸਾਹਿਤਕ ਮਿਲਣੀ ਦੌਰਾਨ ਇੱਕ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਜਗਤਾਰ ਸਿੰਘ ਜੋਗ ਵਲੋਂ ਪ੍ਰਿੰ. ਗੋਸਲ ਰਚਿਤ ਗੀਤ ‘‘ਉਠੋ ਮਾਰੋ ਹੰਭਲਾ, ਦੂਰ ਕਰੋ ਹਨ੍ਹੇਰੇ, ਹਰ ਹਨ੍ਹੇਰੇ ਘਰ ਵਿੱਚ ਦੀਵਾ ਧਰੋ ਬਨੇਰੇ’’ ਗਾਇਆ ,ਦਲਬੀਰ ਸਿੰਘ ਸਰੋਆ ਸਾਬਕਾ ਡਿਪਟੀ ਸੈਕਟਰੀ ਪੰਜਾਬ ਸਰਕਾਰ, ਪ੍ਰਸਿੱਧ ਸਾਹਿਤਕਾਰ ਬਲਜਿੰਦਰ ਕੌਰ ਸ਼ੇਰਗਿੱਲ, ਰੁਪਿੰਦਰ ਕੌਰ ਮੁਕਤਸਰੀ ਮਾਨ, ਪ੍ਰਿੰ. ਬਹਾਦਰ ਸਿੰਘ ਗੋਸਲ, ਨੈਸ਼ਨਲ ਅਵਾਡਰੀ ਕ੍ਰਿਸ਼ਨ ਰਾਹੀ, ਜਸਪਾਲ ਸਿੰਘ ਕੰਵਲ, ਗੁਰਮੀਤ ਸਿੰਘ ਜੌੜਾ ਦੀ ਸਭ ਸਰੋਤਿਆਂ ਵਲੋਂ ਖੂਬ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਬਲਵਿੰਦਰ ਸਿੰਘ, ਸਰਵਨ ਸਿੰਘ, ਗੁਰਮੀਤ ਸਿੰਘ ਹੈਡੋ, ਸੰਨੀ ਕੁਮਾਰ ਆਦਿ ਸ਼ਾਮਲ ਸਨ। ਇਸ ਮੌਕੇ ਤੇ ਸੰਸਥਾ ਦੇ ਸਮੂਹ ਮੈਂਬਰਾਂ ਨੇ ਫੈਸਲਾ ਕੀਤਾ ਕਿ ਜਿਨ੍ਹਾਂ ਬੱਚਿਆਂ ਨੇ ਪੰਜਾਬ ਸਕੂਲ ਬੋਰਡ ਜਾਂ ਸੀ.ਬੀ.ਐਸ.ਈ. ਬੋਰਡ ਵਿੱਚ ਪੰਜਾਬੀ ਵਿੱਚ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ ਉਨ੍ਹਾਂ ਨੂੰ ਸੰਸਥਾ ਵਲੋਂ ਬੜੀ ਜਲਦੀ ਸਨਮਾਨਿਤ ਕੀਤਾ ਜਾਵੇਗਾ।
ਸਮਾਗਮ ਦੇ ਅੰਤ ਵਿੱਚ ਸੰਸਥਾ ਦੀ ਸਰਗਰਮ ਮੈਂਬਰ ਰੁਪਿੰਦਰ ਮਾਨ ਨੇ ਸਭ ਮਹਿਮਾਨਾਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਜਦੋਂ ਕਿ ਸਟੇਜ ਸਕੱਤਰ ਦੀ ਸੇਵਾ ਸਾਹਿਤਕਾਰ ਕ੍ਰਿਸ਼ਨ ਰਾਹੀ ਵਲੋਂ ਬਾਖੂਬੀ ਨਿਭਾਈ ਗਈ।
(For more news apart from Gurmeet Singh Jora honored by Vishwa Punjabi Prachar Sabha Chandigarh News in Punjabi, stay tuned to Rozana Spokesman)