
ਜਨੇਤੀਆਂ ਨੂੰ ਔਰਤਾਂ ਗੀਤਾਂ, ਦੋਹੇ ਅਤੇ ਸਿਠਣੀਆਂ ਰਾਹੀਂ ਗਾਲਾਂ ਕੱਢ ਕੇ ਚਿਤ ਖ਼ੁਸ਼ ਕਰਦੀਆਂ ਸਨ.....
ਜਨੇਤੀਆਂ ਨੂੰ ਔਰਤਾਂ ਗੀਤਾਂ, ਦੋਹੇ ਅਤੇ ਸਿਠਣੀਆਂ ਰਾਹੀਂ ਗਾਲਾਂ ਕੱਢ ਕੇ ਚਿਤ ਖ਼ੁਸ਼ ਕਰਦੀਆਂ ਸਨ। ਕਈ ਜਨੇਤੀਆਂ ਦੀ ਪਿੱਠ 'ਤੇ ਥਾਪੇ ਵੀ ਲਾਏ ਜਾਂਦੇ ਸਨ। ਬਰਾਤ ਵਿਚ ਨਕਲੀਏ ਅਤੇ ਨਚਾਰ ਲਿਆਉਣ ਦਾ ਰਿਵਾਜ ਸੀ। ਬਰਾਤੀਆਂ ਦੇ ਗਲਾਂ ਵਿਚ ਸੋਨੇ ਦੇ ਕੈਂਠੇ ਆਮ ਵੇਖੇ ਜਾਂਦੇ ਸਨ। ਜਿਸ ਥਾਈ ਵਿਚ ਜੰਨ ਦਾ ਉਤਾਰਾ ਹੁੰਦਾ, ਰਾਤ ਨੂੰ ਲੋਕ ਟੋਲੀਆਂ ਬਣਾ ਕੇ ਉਸ ਅੱਗੇ ਆ ਬੈਠਦੇ ਅਤੇ ਸਪੀਕਰ ਵਾਲੇ ਤੋਂ ਅਪਣੀ ਪਸੰਦ ਦੀਆਂ ਕਲੀਆਂ ਦੇ ਤਵੇ (ਰੀਕਾਰਡ) ਲਗਵਾ ਕੇ ਅੱਧੀ ਰਾਤ ਤਕ ਸੁਣਦੇ ਰਹਿੰਦੇ ਸਨ। ਉਦੋਂ ਪੱਥਰ ਦੇ ਤਵੇ ਹੁੰਦੇ ਸਨ। ਥਾਈ ਦੇ ਛੱਤ ਉਪਰ ਦੇ ਮੰਜੇ ਖੜੇ ਕਰ ਕੇ ਸਪੀਕਰ ਟੰਗਿਆ ਹੁੰਦਾ ਸੀ।
ਰਾਤ ਨੂੰ ਮਾਮੀਆਂ (ਨਾਨਕਿਆਂ) ਦੀ ਟੋਲੀ ਵਲੋਂ ਜਾਗੋ ਕੱਢੀ ਜਾਂਦੀ ਅਤੇ ਛੱਜ ਕੁਟਿਆ ਜਾਂਦਾ ਸੀ। ਮਖ਼ੌਲਾਂ ਵਿਚ ਕਈ ਘਰ ਅਤੇ ਦੁਕਾਨਾਂ ਦੇ ਪਰਨਾਲੇ ਉਖਾੜ ਦਿਤੇ ਜਾਂਦੇ ਸਨ। ਸਾਉਣ ਮਹੀਨੇ ਤੀਆਂ ਦੇ ਦਿਨਾਂ ਵਿਚ ਕੁਆਰੀਆਂ ਅਤੇ ਵਿਆਹੀਆਂ ਮੁਟਿਆਰਾਂ ਪੀਂਘਾਂ ਝੂਟ ਕੇ ਨਜ਼ਾਰੇ ਲੈਂਦੀਆਂ ਸਨ। ਨਵ-ਵਿਆਹੀਆਂ ਮੁਟਿਆਰਾਂ ਤੀਆਂ ਦੇ ਦਿਨਾਂ ਵਿਚ ਅਪਣੇ ਪੇਕੇ ਪਿੰਡ ਆ ਜਾਂਦੀਆਂ ਸਨ। ਪਿੰਡ ਦੇ ਬਾਹਰਵਾਰ ਜਿਥੇ ਪਿੱਪਲ ਅਤੇ ਬੋਹੜ ਆਦਿ ਦਰੱਖ਼ਤ ਹੁੰਦੇ ਅਤੇ ਨੱਚਣ-ਟੱਪਣ ਲਈ ਖੁਲ੍ਹੀ ਥਾਂ ਹੁੰਦੀ, ਉਥੋਂ ਤੀਆਂ ਲਗਦੀਆਂ ਅਤੇ ਪੀਂਘਾਂ ਪਾਈਆਂ ਜਾਂਦੀਆਂ ਸਨ।
ਕਿਸੇ-ਕਿਸੇ ਪੀਂਘ 'ਤੇ ਦੋ ਮੁਟਿਆਰਾਂ ਅੰਦਰ ਨੂੰ ਮੂੰਹ ਕਰ ਕੇ ਇਕੱਠੀਆਂ ਪੀਂਘ ਚੜ੍ਹਾਉੁਂਦੀਆਂ ਅਤੇ ਪੀਂਘ ਦੇ ਉੱਚੇ ਹੁਲਾਰੇ ਨਾਲ ਦਰੱਖ਼ਤ ਦੇ ਪੱਤੇ ਤੋੜ ਲਿਆਉਂਦੀਆਂ ਸਨ। ਇਹ ਨਜ਼ਾਰਾ ਵੇਖਣਯੋਗ ਹੁੰਦਾ ਸੀ। ਕੁੜੀਆਂ ਗਿੱਧੇ ਵਿਚ ਨਚਦੀਆਂ ਅਤੇ ਬੋਲੀਆਂ ਪਾ ਕੇ ਮਾਨੋ ਵਲਵਲੇ ਪੂਰੇ ਕਰਦੀਆਂ ਸਨ। ਅੱਜ ਕਲ ਜਦ ਕਿਸੇ ਪਿੰਡ ਖੇਡ ਮੇਲਾ ਹੋਵੇ ਜਾਂ ਕਿਸੇ ਹੋਰ ਸਮਾਗਮ ਵਿਚ ਕਿਸੇ ਗਾਇਕ ਨੇ ਪ੍ਰੋਗਰਾਮ ਪੇਸ਼ ਕਰਨਾ ਹੋਵੇ, ਤਾਂ ਉਸ ਦੀ ਪਬਲੀਸਿਟੀ ਨਿਰੋਲ ਸਭਿਆਚਾਰਕ ਪ੍ਰੋਗਰਾਮ ਦੇ ਤੌਰ 'ਤੇ ਕੀਤੀ ਜਾਂਦੀ ਹੈ ਜਦਕਿ ਸਭਿਆਚਾਰ ਵਾਲੀ ਕੋਈ ਗੱਲ ਉਸ ਵਿਚ ਨਜ਼ਰ ਨਹੀਂ ਆਉੁਂਦੀ।
ਸਟੇਜ 'ਤੇ ਏਨੇ ਜ਼ਿਆਦਾ ਸਾਜ਼ ਵਜਦੇ ਹਨ ਕਿ ਸਾਜ਼ਾਂ ਦੇ ਢੋਲ-ਢਮੱਕੇ ਦੇ ਸ਼ੋਰ ਵਿਚ ਗਾਉਣ ਵਾਲੇ ਦੀ ਆਵਾਜ਼ ਗੁਆਚੀ ਜਾਪਦੀ ਹੈ। ਸਭਿਆਚਾਰ ਦੇ ਨਾਮ 'ਤੇ ਇਸ ਤੋਂ ਵੀ ਬੁਰਾ ਹਾਲ ਕਈ ਟੀ.ਵੀ. ਚੈਨਲਾਂ ਦਾ ਹੈ ਜਿਥੇ ਗਾਉਣ ਵਾਲੇ ਨਾਲ 10-12 ਮੁੰਡੇ ਅਤੇ ਅੱਧ ਨੰਗੀਆਂ ਕੁੜੀਆਂ ਨੂੰ ਨਚਾ ਕੇ ਲੋਕਾਂ ਦਾ ਧਿਆਨ ਖਿਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਮਾਡਲਾਂ ਵਲੋਂ ਅਸ਼ਲੀਲ ਦ੍ਰਿਸ਼ ਪੇਸ਼ ਕੀਤੇ ਜਾਂਦੇ ਹਨ ਜਦਕਿ ਸਟੇਜ ਦੇ ਸਾਹਮਣੇ ਚਰਖਾ, ਘੜਾ, ਪੱਖੀਆਂ ਅਤੇ ਫੁਲਕਾਰੀਆਂ ਸਜਾ ਕੇ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ ਦਰਸਾਈ ਜਾਂਦੀ ਹੈ ਅਤੇ ਇਸ ਨੂੰ ਸਭਿਆਚਾਰਕ ਪ੍ਰੋਗਰਾਮ ਦਾ ਨਾਂ ਦਿਤਾ ਜਾਂਦਾ ਹੈ। ਕਈ ਗਾਇਕ ਸਾਜ਼ਾਂ ਅਤੇ ਮਾਡਲਾਂ ਦੇ ਸਿਰ 'ਤੇ ਹੀ ਰੋਟੀ ਰੋਜ਼ੀ ਚਲਾ ਰਹੇ ਹਨ। (ਚਲਦਾ)