Advertisement

ਸਾਡੇ ਸਮਾਜਕ ਰਿਸ਼ਤਿਆਂ ਵਿਚੋਂ ਖ਼ਤਮ ਹੋ ਰਿਹਾ ਨਿੱਘ

ਸਪੋਕਸਮੈਨ ਸਮਾਚਾਰ ਸੇਵਾ
Published Jun 21, 2019, 5:38 pm IST
Updated Jun 21, 2019, 5:38 pm IST
ਮਾਮੇ, ਚਾਚੇ, ਤਾਏ, ਫੁੱਫੜ, ਭਰਾ, ਭਰਜਾਈਆਂ, ਭਤੀਜੇ, ਸੱਸ, ਸਹੁਰਾ, ਨੂੰਹ, ਦੋਸਤ ਆਦਿ ਕਿੰਨੇ ਹੀ ਸਮਾਜਕ ਰਿਸ਼ਤੇ ਜੋ ਸਾਨੂੰ ਸਦੀਆਂ ਤੋਂ ਨਿੱਘ ਤੇ ਮਿਠਾਸ ਦਿੰਦੇ ਆ ਰਹੇ...
Social relationships
 Social relationships

ਮਾਮੇ, ਚਾਚੇ, ਤਾਏ, ਫੁੱਫੜ, ਭਰਾ, ਭਰਜਾਈਆਂ, ਭਤੀਜੇ, ਸੱਸ, ਸਹੁਰਾ, ਨੂੰਹ, ਦੋਸਤ ਆਦਿ ਕਿੰਨੇ ਹੀ ਸਮਾਜਕ ਰਿਸ਼ਤੇ ਜੋ ਸਾਨੂੰ ਸਦੀਆਂ ਤੋਂ ਨਿੱਘ ਤੇ ਮਿਠਾਸ ਦਿੰਦੇ ਆ ਰਹੇ ਸਨ ਪ੍ਰੰਤੂ ਅੱਜ ਤੋਂ ਕੋਈ 20-25 ਕੁ ਸਾਲ ਪਹਿਲਾਂ ਤੋਂ ਪਤਾ ਨਹੀਂ ਕਿਉਂ ਇਨ੍ਹਾਂ ਰਿਸ਼ਤਿਆਂ ਵਿਚੋਂ ਨਿੱਘ ਦੀ ਬਜਾਏ ਠੰਢ ਤੇ ਮਿਠਾਸ ਦੀ ਬਜਾਏ ਕੁੜੱਤਣ ਝਲਕਣ ਲੱਗ ਪਈ ਹੈ। ਪੈਸੇ ਤੇ ਹਉਮੈ ਦੀ ਦੌੜ ਨੇ ਹੋਰ ਸੱਭ ਰਿਸ਼ਤੇ ਬੌਣੇ ਕਰ ਕੇ ਰੱਖ ਦਿਤੇ ਹਨ। ਇਨਸਾਨ ਹੋਰ-ਹੋਰ ਦੀ ਲਾਲਸਾ ਵਿਚ ਅੰਨ੍ਹਾ ਹੋ ਕੇ ਇਨ੍ਹਾਂ ਸਮਾਜਕ ਰਿਸ਼ਤਿਆਂ ਦਾ ਘਾਣ ਕਰ ਰਿਹਾ ਹੈ ਤੇ ਇਨਸਾਨ ਦਾ ਸਿਰਫ਼ ਪੈਸੇ ਨਾਲ ਰਿਸ਼ਤਾ ਹੋਰ ਗੂੜ੍ਹਾ ਹੁੰਦਾ ਜਾ ਰਿਹਾ ਹੈ।

ਛੋਟੇ ਹੁੰਦਿਆਂ ਜਦੋਂ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਤਾਂ ਕਿੰਨੇ ਦਿਨ ਪਹਿਲਾਂ ਹੀ ਨਾਨਕੇ ਜਾਣ ਦਾ ਚਾਅ ਚੜ੍ਹ ਜਾਂਦਾ ਕਿ ਉਥੇ ਜਾ ਕੇ ਖੁੱਲ੍ਹ ਕੇ ਖੇਡਾਂਗੇ, ਫਿਰਾਂਗੇ, ਮੌਜਾਂ ਕਰਾਂਗੇ ਤੇ ਪੜ੍ਹਾਈ ਤੋਂ ਕੁੱਝ ਦਿਨ ਜਾਨ ਛੁਟ ਜਾਏਗੀ। ਪ੍ਰੰਤੂ ਵਕਤ ਬੀਤਿਆ, 20ਵੀਂ ਸਦੀ ਪਲਟੀ ਤੇ ਸਮਾਂ ਇਹ ਆ ਗਿਆ ਕਿ ਹੁਣ ਕੋਈ ਟਾਵਾਂ-ਟੱਲਾ ਜੁਆਕ ਹੀ ਛੁੱਟੀਆਂ ਵਿਚ ਨਾਨਕੇ ਘਰ ਛੁੱਟੀਆਂ ਮਨਾਉਣ ਜਾਂਦਾ ਹੋਵੇਗਾ। ਕਿਉਂਕਿ ਅੱਜ ਦੀ ਸਖ਼ਤ ਪੜ੍ਹਾਈ ਕਾਰਨ ਸਕੂਲੀ ਛੁੱਟੀਆਂ ਵਿਚ ਵੀ ਟਿਊਸ਼ਨ ਤੋਂ ਛੁੱਟੀਆਂ ਨਹੀਂ ਮਿਲਦੀਆਂ। ਫਿਰ ਵਿਚਾਰਾ ਜੁਆਕ ਜਾਵੇ ਕਦੋਂ? ਇਸੇ ਕਰ ਕੇ ਜਵਾਕਾਂ ਦਾ ਹੁਣ ਨਾਨਾ-ਨਾਨੀ, ਮਾਮੇ-ਮਾਮੀਆਂ ਤੇ ਉਨ੍ਹਾਂ ਦੇ ਬੱਚਿਆਂ ਨਾਲ ਉਹੋ ਜਿਹਾ ਨਿੱਘਾ ਰਿਸ਼ਤਾ ਨਹੀਂ ਰਿਹਾ ਜੋ 20-25 ਸਾਲ ਪਹਿਲਾਂ ਹੁੰਦਾ ਸੀ। ਬਸ ਰਸਮੀ ਜਹੀ ਫਤਿਹ ਜਾਂ ਹੈਲੋ ਹਾਏ ਹੁੰਦੀ ਹੈ। ਜੇ ਜਾਣਾ ਵੀ ਹੋਵੇ ਤਾਂ ਬਸ ਇਕ-ਦੋ ਦਿਨ ਦੂਰ ਦੇ ਮਹਿਮਾਨਾਂ ਵਾਂਗ ਨਿਆਣੇ ਜਾ ਕੇ ਮੁੜ ਆਉਂਦੇ ਹਨ। ਉਹ ਖੇਡਾਂ, ਚਾਵਾਂ ਤੇ ਰਿਸ਼ਤਿਆਂ ਦੇ ਨਿੱਘ ਦੀ ਅਣਹੋਂਦ ਮਹਿਸੂਸ ਹੁੰਦੀ ਹੈ।

Social relationshipsSocial relationships

ਅਗਲੀ ਗੱਲ ਕਿ ਰਿਸ਼ਤਿਆਂ ਦੀ ਨਿੱਘ ਤਾਂ ਛੱਡੋ, ਨਾਂ ਵੀ ਉਹ ਨਹੀਂ ਰਹੇ। ਸਾਰੇ ਮਾਮੇ, ਫੁੱਫੜ, ਚਾਚੇ, ਤਾਏ ਆਦਿ ਅੰਕਲ ਹੋ ਗਏ ਹਨ ਤੇ ਮਾਮੀਆਂ, ਚਾਚੀਆਂ, ਤਾਈਆਂ, ਭੂਆ ਆਦਿ ਅੰਟੀ। ਇਨ੍ਹਾਂ ਰਿਸ਼ਤਿਆਂ ਦਾ ਨਿੱਘਾਸ ਦੇਣ ਵਾਲੇ ਨਾਂ ਵੀ ਅਸੀ ਮਾਰ ਦਿਤੇ। ਜੋ ਨਿੱਘ ਤੇ ਅਪਣਾਪਨ ਰਿਸ਼ਤਿਆਂ ਦੇ ਪੰਜਾਬੀ ਨਾਵਾਂ ਵਿਚ ਹੁੰਦਾ ਸੀ, ਉਹ ਅੰਕਲਾਂ ਤੇ ਅੰਟੀਆਂ ਵਿਚੋਂ ਭਾਲਿਆਂ ਵੀ ਨਹੀਂ ਲਭਦਾ। ਵਕਤ ਦੇ ਨਾਲ ਚੱਲਣ ਤੇ ਪੈਸੇ ਦੀ ਦੌੜ ਨੇ ਸੱਭ ਰਿਸ਼ਤੇ ਖੋਖਲੇ ਕਰ ਛੱਡੇ ਹਨ। ਆਲਮ ਇਹ ਹੈ ਕਿ ਅੱਜ ਕਿਸੇ ਮਰੀਜ਼ ਕੋਲ ਰਹਿਣ ਵਾਸਤੇ ਕੋਈ ਰਿਸ਼ਤੇਦਾਰ ਲਭਣਾ ਔਖਾ ਹੋਇਆ ਪਿਆ ਹੈ। 

ਛੋਟੇ ਹੁੰਦਿਆਂ ਵੇਖਦੇ ਜਾਂ ਸੁਣਦੇ ਸੀ ਕਿ ਮੀਆਂ-ਬੀਵੀ ਦੀ ਲੜਾਈ ਤਾਂ ਭਾਵੇਂ ਨਿੱਤ ਹਰ ਘਰ ਵਿਚ ਹੁੰਦੀ, ਪਰ ਅੱਜ ਵਾਂਗਰ ਖਿਲਾਰਾ ਕਦੇ ਨਹੀਂ ਪਿਆ ਵੇਖਿਆ ਸੀ। ਇਸ ਖ਼ਿਲਾਰੇ ਦੀ ਮੂਲ ਜੜ੍ਹ ਮੋਬਾਈਲ ਹਨ। ਪਹਿਲਾਂ ਜਦੋਂ ਪਤੀ-ਪਤਨੀ ਲੜਦੇ ਤਾਂ ਦੋ-ਚਾਰ ਦਿਨਾਂ ਬਾਅਦ ਖ਼ੁਦ ਹੀ ਬੋਲ ਪੈਣਾ ਤੇ ਗੱਲ ਖ਼ਤਮ। ਪ੍ਰੰਤੂ ਅਜਕਲ ਘਰਵਾਲੀ ਲੜਦੀ ਬਾਅਦ ਵਿਚ ਹੈ ਤੇ ਪੇਕੇ ਫ਼ੋਨ ਪਹਿਲਾਂ ਘੁਮਾ ਦਿੰਦੀ ਹੈ। ਅੱਗੇ ਕੁੜੀ ਦੇ ਭਰਾ ਤੇ ਪਿਉ ਵੀ ਕੋਈ ਵਿਰਲੇ ਹੀ ਸਿਆਣੇ ਹੁੰਦੇ ਹਨ, ਜੋ ਸਮਝਦੇ ਹਨ ਕਿ ਜਿਥੇ ਦੋ ਭਾਂਡੇ ਹੋਣਗੇ, ਖੜਕਣਗੇ ਹੀ। ਪ੍ਰੰਤੂ ਜ਼ਿਆਦਾਤਰ ਤਾਂ ਬਾਰ ਵਿਚੋਂ ਰੂੜੀ ਚੱਕ ਕੇ ਜਾਂ ਕੰਧ ਤੇ ਕੁੱਤੀਆਂ ਚੜ੍ਹਾ ਕੇ ਹੀ ਮੁੜਦੇ ਹਨ ਤੇ ਅੱਗੋਂ ਮੁੰਡੇ ਦੇ ਮਾਪੇ ਵੀ ਕਲੇਸ਼ ਮਿਟਾਉਣ ਦੀ ਥਾਂ ਬਲਦੀ ਤੇ ਤੇਲ ਪਾਉਣ ਦਾ ਕੰਮ ਵਧੇਰੇ ਕਰਦੇ ਨਜ਼ਰ ਆਉਂਦੇ ਹਨ। ਫਿਰ ਗੱਲ ਥਾਣੇ ਪਹੁੰਚਦੀ ਹੈ, ਫਿਰ ਅਦਾਲਤ ਤੇ ਫਿਰ ਤਲਾਕ। 7 ਜਨਮਾਂ ਦਾ ਬੰਧਨ 7 ਸਾਲਾਂ ਵਿਚ ਹੀ ਦਮ ਤੋੜ ਜਾਂਦਾ ਹੈ। ਕਹਿਣ ਦਾ ਭਾਵ ਕਿ ਰਿਸ਼ਤਾ ਹੀ ਖੋਖਲਾ ਹੋ ਗਿਆ ਹੈ, ਬਸ ਨਾਂ ਹੀ ਬਾਕੀ ਹੈ।

Social relationshipsSocial relationships

ਪਹਿਲਾਂ ਦਾਦੇ-ਦਾਦੀਆਂ ਦੀ ਵੀ ਪੋਤੇ-ਪੋਤੀਆਂ ਨਾਲ ਪੂਰੀ ਆੜੀ ਹੁੰਦੀ ਸੀ। ਦਾਦੀਆਂ ਰਾਤ ਨੂੰ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਸਿਖਿਆਦਾਇਕ ਕਹਾਣੀਆਂ ਸੁਣਾਉਂਦੀਆਂ, ਜੋ ਕਿ ਉਨ੍ਹਾਂ ਦੇ ਬੌਧਿਕ ਵਿਕਾਸ ਵਿਚ ਵਾਧਾ ਕਰਦੀਆਂ। ਉਨ੍ਹਾਂ ਨੂੰ ਸੇਵੀਆਂ, ਖੀਰ, ਕੜਾਹ, ਪੰਜੀਰੀ ਆਦਿ ਪੌਸ਼ਟਿਕ ਭੋਜਨ ਬਣਾ ਕੇ ਦਿੰਦੀਆਂ ਸਨ। ਪ੍ਰੰਤੂ ਅਜਕਲ ਨਾ ਤਾਂ ਦਾਦੇ-ਦਾਦੀਆਂ ਨੂੰ ਟੈਲੀਵਿਜ਼ਨ ਤੋਂ ਵਿਹਲ ਹੈ ਤੇ ਨਾ ਪੋਤੇ-ਪੋਤੀਆਂ ਨੂੰ ਫ਼ੋਨ ਤੋਂ ਫ਼ੁਰਸਤ ਹੈ। ਰਾਤ ਨੂੰ ਕਹਾਣੀਆਂ ਤੇ ਬਾਤਾਂ ਦੀ ਥਾਂ ਮੋਬਾਈਲ ਚੈਟ ਜਾਂ ਗ਼ੇਮ ਨੇ ਲੈ ਲਈ ਹੈ। ਨਾ ਦਾਦੇ-ਦਾਦੀਆਂ ਕੋਲ ਨੈਤਿਕ ਸਿਖਿਆ ਦੇਣ ਦਾ ਸਮਾਂ ਹੈ ਤੇ ਨਾ ਪੋਤੇ-ਪੋਤੀਆਂ ਕੋਲ ਸਿੱਖਣ ਦਾ। ਦਾਦੇ-ਦਾਦੀਆਂ ਨੂੰ ਬੇਬੇ ਤੇ ਬਾਪੂ ਦੀ ਥਾਂ ਵੱਡੇ ਮੰਮਾਂ, ਵੱਡੇ ਪਾਪਾ ਜਾਂ ਗਰੈਂਡ ਪਾ, ਗਰੈਂਡ ਮਾਂ ਨੇ ਲੈ ਲਈ ਹੈ। ਫਿਰ ਰਿਸ਼ਤਿਆਂ ਦਾ ਨਿੱਘ ਕਿਥੋਂ ਆਵੇ? 

ਦੋਸਤੀ ਦਾ ਰਿਸ਼ਤਾ ਪਹਿਲਾਂ ਬੜੇ ਮਾਇਨੇ ਰਖਦਾ ਸੀ। ਹਰ ਇਨਸਾਨ ਦੇ 2-3 ਅਜਿਹੇ ਦੋਸਤ ਜਾਂ ਸਹੇਲੀਆਂ ਹੁੰਦੀਆਂ ਸਨ, ਜੋ ਲੋੜ ਪੈਣ ਤੇ ਜਾਨ ਤਕ ਵਾਰ ਦਿੰਦੇ ਸਨ। ਪ੍ਰੰਤੂ ਅਜਕਲ ਦੇ ਦੋਸਤ ਅਸਲੀ ਜ਼ਿੰਦਗੀ ਵਿਚ ਨਹੀਂ ਸਗੋ ਫ਼ੇਸਬੁੱਕ ਤੇ ਇੰਸਟਾਗ੍ਰਾਮ ਆਦਿ ਐਪਸ ਉਤੇ ਨਕਲੀ ਚਿਹਰੇ ਹੁੰਦੇ ਹਨ ਜਿਨ੍ਹਾਂ ਨੂੰ ਨਾਂ ਤਾਂ ਕਦੇ ਉਹ ਮਿਲਿਆ ਹੁੰਦਾ ਹੈ, ਨਾ ਵੇਖਿਆ ਹੁੰਦਾ ਹੈ ਤੇ ਨਾ ਹੀ ਸਮਝਿਆ ਹੁੰਦਾ ਹੈ। ਇਹ ਵੀ ਨਹੀਂ ਪਤਾ ਹੁੰਦਾ ਕਿ ਦੋਸਤ ਅਸਲ ਵਿਚ ਹੈ ਵੀ ਕਿ ਨਕਲੀ ਆਈ.ਡੀ ਹੈ। ਬਸ ਉਥੇ ਹੀ ਉਹ ਸਾਰਾ ਸਮਾਂ ਇਨ੍ਹਾਂ ਮੋਬਾਈਲਾਂ ਉਤੇ ਉਂਗਲਾਂ ਮਾਰ-ਮਾਰ ਕੇ ਬਤੀਤ ਕਰ ਦਿੰਦੇ ਹਨ। ਅਸਲੀ ਯਾਰ ਦੋਸਤ ਜਾਂ ਸਹੇਲੀਆਂ ਬਣਾਉਣ ਦੀ ਅਜਕਲ ਦੀ ਨਵੀਂ ਪੀੜ੍ਹੀ ਕੋਲ ਫ਼ੁਰਸਤ ਹੀ ਨਹੀਂ।

Social relationshipsSocial relationships

'ਯਾਰੀ ਜੱਟ ਦੀ ਤੂਤ ਦਾ ਮੋਛਾ' ਵਾਲੀ ਯਾਰੀ ਦੇ ਦਰਸ਼ਨ ਅਜਕਲ ਕਿਤੇ ਰੱਬ ਸਬੱਬੀ ਭਾਵੇਂ ਹੋ ਜਾਣ ਨਹੀਂ ਤਾਂ ਇਸ ਰਿਸ਼ਤੇ ਦਾ ਨਿੱਘ ਵੀ ਠੰਢਕ ਵਿਚ ਤਬਦੀਲ ਹੋ ਚੁਕਾ ਹੈ। ਮੋਬਾਈਲ ਨੇ ਤਾਸ਼ ਨੂੰ ਵੀ ਖੂੰਜੇ ਲਗਾ ਦਿਤਾ ਹੈ। ਪਹਿਲਾਂ ਤਾਸ਼ ਦੀਆਂ ਖੇਡਾਂ ਜਿਵੇ ਸੀਪ ਤੇ ਸਰਾਂ ਬੋਲ ਆਦਿ ਵਿਹਲਾ ਸਮਾਂ ਬਤੀਤ ਕਰਨ ਤੇ ਦਿਮਾਗ਼ੀ ਕਸਰਤ ਦਾ ਵਧੀਆ ਸਾਧਨ ਸਨ ਪ੍ਰੰਤੂ ਅਜਕਲ 99 ਫ਼ੀ ਸਦੀ ਨਵੀਂ ਪੀੜ੍ਹੀ ਨੂੰ ਤਾਸ਼ ਖੇਡਣੀ ਹੀ ਨਹੀਂ ਆਉਂਦੀ ਤੇ ਇਕੱਲੇ ਮੋਬਾਈਲ ਨਾਲ ਮੱਥਾ ਮਾਰ-ਮਾਰ ਕੇ ਡਿਪ੍ਰੈਸ਼ਨ ਦੇ ਸ਼ਿਕਾਰ ਹੋ ਰਹੇ ਹਨ।

ਅਪਣੀ ਭੂਆ ਨਾਲ ਜਾਂ ਭੈਣਾਂ ਨਾਲ ਰਿਸ਼ਤਾ ਵੀ ਪੈਸੇ ਦੀ ਦੌੜ ਨੇ ਖਾ ਲਿਆ ਹੈ। ਅਜਕਲ ਕੁੜੀਆਂ ਦੀ ਕਦਰ ਉਦੋਂ ਤਕ ਹੀ ਹੁੰਦੀ ਹੈ ਜਦੋਂ ਤਕ ਪਿਉ ਵਾਲੀ ਜਾਇਦਾਦ ਅਪਣੇ ਨਾਂ ਨਹੀਂ ਹੋ ਜਾਂਦੀ। ਫਿਰ ਤੂੰ ਕੌਣ ਤੇ ਮੈਂ ਕੌਣ? ਘੱਟ ਅੱਜ ਦੀਆਂ ਭੂਆ ਤੇ ਕੁੜੀਆਂ ਵੀ ਨਹੀਂ। ਬਹੁਤੀ ਵਾਰੀ ਤੁਸੀ ਖ਼ੁਦ ਵੇਖਿਆ ਹੋਵੇਗਾ ਤੇ ਮੇਰੇ ਪਿੰਡ ਵਿਚ ਤਾਂ ਮੈਂ ਅਜਿਹੇ ਬਹੁਤ ਕਿੱਸੇ ਵੇਖੇ ਹਨ ਕਿ ਕੋਈ ਪਿੰਡ ਦੀ ਕੁੜੀ ਭਰਾ ਤੇ ਭਤੀਜੇ ਦੇ ਹੁੰਦਿਆਂ ਅਪਣਾ ਹਿੱਸਾ ਵੰਡਾ ਕੇ ਲੈ ਗਈਆਂ ਤੇ ਕਈ ਪਿੰਡ ਦੀਆਂ ਨੂਹਾਂ ਅਪਣੇ ਭਰਾ ਭਤੀਜੇ ਦੇ ਹੁਂੰਦਿਆਂ ਅਪਣਾ ਹਿੱਸਾ ਵੇਚ ਵੱਟ ਆਈਆਂ। ਪਹਿਲਾਂ ਵਾਲੇ ਸਮੇਂ ਵਿਚ ਪੇਕਿਆਂ, ਭੈਣਾਂ ਜਾਂ ਭੂਆ ਨਾਲੋਂ ਟੁੱਟ ਜਾਣਾ ਇਕ ਮਿਹਣਾ ਮਨਿਆਂ ਜਾਂਦਾ ਸੀ। ਪ੍ਰੰਤੂ ਅਜਕਲ ਇਹ ਕੋਈ ਖ਼ਾਸ ਗੱਲ ਨਹੀਂ ਰਹੀ। ਬੱਸ ਪੈਸੇ ਦੀ ਦੌੜ ਹੈ, ਰਿਸ਼ਤਿਆਂ ਦੀ ਕੋਈ ਕੀਮਤ ਨਹੀਂ ਰਹੀ।                       Social relationshipsSocial relationships

ਪਹਿਲਾਂ ਮੇਰੇ ਛੋਟੇ ਹੁੰਦਿਆਂ ਵੇਖਦੇ ਕਿ ਜਦੋਂ ਕਦੇ ਪਿੰਡ ਵਿਚ ਵੋਟਾਂ ਹੁੰਦੀਆਂ ਤਾਂ ਲਾਣੇ ਦਾ ਬਜ਼ੁਰਗ ਜਿਸ ਪਾਸੇ ਕਹਿ ਦਿੰਦਾ, ਸਾਰੇ ਲਾਣੇ ਦੇ ਘਰ ਉਸੇ ਪਾਸੇ ਵੋਟਾਂ ਪਾ ਦਿੰਦੇ। ਨਾ ਕੋਈ ਰੌਲਾ ਨਾ ਰੱਪਾ। ਪ੍ਰੰਤੂ ਅਜਕਲ ਜੇ ਘਰ ਦੇ ਚਾਰ ਜੀਅ ਹਨ ਤਾਂ ਚਾਰਾਂ ਦੇ ਮੂੰਹ ਅੱਡੋ ਅੱਡ ਹਨ। ਪੁੱਤਰ-ਪਿਉ ਦੀ ਨਹੀਂ ਸੁਣਦਾ, ਮਾਂ ਧੀ ਦੀ ਨਹੀਂ ਸੁਣਦੀ ਤੇ ਧੀ ਕਿਸੇ ਦੀ ਨਹੀਂ ਸੁਣਦੀ। ਕਿਸੇ ਰਿਸ਼ਤੇ ਨਾਤੇ ਦੀ ਸ਼ਰਮ ਹੀ ਨਹੀਂ ਰਹੀ। ਅੱਖ ਦੀ ਜੋ ਸ਼ਰਮ ਬਜ਼ੁਰਗਾਂ ਅੱਗੇ ਹੁੰਦੀ ਸੀ, ਉਹ ਕਿਤੇ ਖੰਭ ਲਗਾ ਕੇ ਉੱਡ ਗਈ ਹੈ।

ਛੋਟੇ ਹੁੰਦਿਆਂ ਆਮ ਤੌਰ ਉਤੇ ਜਦੋਂ ਸਕਿਆਂ ਦੇ ਜਾਂ ਗਆਂਢੀਆਂ ਦੇ ਵਿਆਹ ਸਮੇਂ ਕੜਾਹੀ ਚੜ੍ਹੀ ਹੁੰਦੀ ਸੀ ਤਾਂ ਸੱਭ ਭੱਜ-ਭੱਜ ਕੇ ਕੰਮ ਕਰਦੇ। ਵਿਆਹ ਵਾਲੇ ਘਰ ਦੇ ਕੰਮ ਨੂੰ ਅਪਣਾ ਕੰਮ ਸਮਝਿਆ ਜਾਂਦਾ ਤੇ 7-8 ਦਿਨ ਪੂਰੀ ਰੌਣਕ ਰਹਿੰਦੀ। ਪਰ ਅਜਕਲ ਉਥੇ ਵੀ ਹਾਲਾਤ ਉਹ ਨਹੀਂ ਰਹੇ। ਪਹਿਲੀ ਗੱਲ ਤਾਂ ਸਕੇ ਵਿਆਹ ਵਿਚ ਵੜਦੇ ਹੀ ਨਹੀਂ ਤੇ ਜੇ ਮਿੰਨਤਾਂ ਤਰਲਿਆਂ ਨਾਲ ਆ ਵੀ ਜਾਣ ਤਾਂ ਸਵਾਰਦੇ ਕੁੱਝ ਨਹੀਂ ਸਗੋ ਵਿਗਾੜ ਕੇ ਹੀ ਜਾਣਗੇ। ਇਸ ਤਰ੍ਹਾਂ ਦੇ ਹਾਲਾਤ ਕਾਰਨ ਅਜਕਲ ਹਰ ਕੋਈ ਬਜਾਏ ਸ਼ਰੀਕਿਆਂ ਦੇ ਵੇਟਰਾਂ ਤੋਂ ਹੀ ਕੰਮ ਕਰਾਉਣ ਨੂੰ ਤਰਜੀਹ ਦਿੰਦੇ ਹਨ ਤਾਕਿ ਨਾ ਕਿਸੇ ਦਾ ਅਹਿਸਾਨ ਹੋਵੇ ਤੇ ਨਾ ਕਿਸੇ ਵਲੋਂ ਕੰਮ ਖ਼ਰਾਬ ਕਰਨ ਦਾ ਡਰ।

Social relationshipsSocial relationships

ਸੱਚ ਪੁੱਛੋ ਤਾਂ ਦੂਜਿਆਂ ਨੂੰ ਕੀ ਕਹੀਏ, ਕਈ ਵਾਰ ਤਾਂ ਅਪਣੇ ਆਪ 'ਤੇ ਹੀ ਸ਼ੱਕ ਹੋਣ ਲੱਗ ਜਾਂਦਾ ਹੈ। ਇਹ ਵਕਤ ਦਾ ਤਕਾਜ਼ਾ ਹੈ ਜਾਂ ਸਮੇਂ ਦੀ ਅੰਨ੍ਹੀ ਰਫ਼ਤਾਰ ਦੀ ਦੇਣ ਕਿ ਰਿਸ਼ਤੇ ਆਖ਼ਰ ਉਹ ਪਹਿਲਾਂ ਵਾਲੇ ਕਿਉਂ ਨਹੀਂ ਰਹੇ? ਮੇਰੇ ਸੱਭ ਤੋਂ ਅਜ਼ੀਜ਼ ਦੋਸਤ ਮੇਰੇ ਪਿੰਡ ਵਿਚ ਸੀਰੇ ਨੂੰ ਕਦੇ ਸਾਲ ਛਿਮਾਹੀ ਹੀ ਰਸਮੀ ਜਿਹਾ ਮਿਲਦਾ ਹਾਂ ਜਦੋਂ ਕਿ 18-20 ਸਾਲ ਪਹਿਲਾਂ ਅਸੀ ਦਿਨ ਵਿਚ 2-3 ਵਾਰ ਪੂਰੀ ਸ਼ਿੱਦਤ ਨਾਲ ਮਿਲਦੇ ਸਾਂ। ਇਕੱਲਾ ਸੀਰਾ ਕੀ, ਰਾਜੂ, ਕੁਲਵੰਤ, ਅਮਨੀ, ਬੀਰਾ, ਬੂਟਾ, ਜੁਗਾ, ਸੇਵੀ, ਪਾਲਾ, ਮਾਕੋ, ਤਾਰੀ, ਲਾਡੀ, ਭੀਤੀ ਆਦਿ ਕਿੰਨੇ ਹੀ ਬਚਪਨ ਦੇ ਦੋਸਤਾਂ ਨਾਲ ਮਿਲਦੇ ਹਾਂ ਤਾਂ ਉਹ ਅਪਣਾਪਨ, ਉਹ ਨਿੱਘ ਪਤਾ ਨਹੀਂ ਕਿਉਂ ਮਹਿਸੂਸ ਨਹੀਂ ਹੁੰਦਾ। ਅੱਜ ਤੋ ਕੋਈ 10-12 ਸਾਲ ਪਹਿਲਾਂ ਮੈਂ ਰਮਨ, ਬਿੱਟੂ ਤੇ ਇੰਕਾ ਇਕੱਠੇ ਬਠਿੰਡੇ ਕੰਪਿਊਟਰ ਦਾ ਬੇਸਿਕ ਕੋਰਸ ਕਰਦੇ ਹੁੰਦੇ ਸੀ।

ਹੁਣ ਇੰਕੇ ਨੇ ਲੈਬਾਰਟਰੀ ਖੋਲ੍ਹ ਲਈ ਹੈ, ਬਿੱਟੂ ਪਿੰਡੋਂ ਬਾਹਰ ਕੰਮ 'ਤੇ ਲੱਗ ਗਿਆ ਹੈ ਤੇ ਰਮਨ ਨੇ ਰਮਨ ਰਿਜ਼ਾਰਟ ਖੋਲ੍ਹ ਲਿਆ ਹੈ। ਉਹੀ ਰਮਨ ਤੇ ਉਹੀ ਮੈਂ ਜੋ ਕਦੇ ਰੋਜ਼ ਇਕੱਠੇ ਜਾਂਦੇ ਆਉਂਦੇ ਸਾਂ। ਕਦੇ ਅਹਿਸਾਸ ਹੀ ਨਹੀਂ ਹੋਇਆ ਸੀ ਕਿ ਕਦੇ ਅਜਿਹੇ ਦਿਨ ਵੀ ਆਉਣਗੇ ਕਿ 10 ਸਾਲ ਪਹਿਲਾਂ ਦੇ ਰਿਸ਼ਤੇ ਵਾਲਾ ਨਿੱਘ ਬਸ ਹੈਲੋ ਹਾਏ ਤਕ ਸੀਮਿਤ ਹੋ ਕੇ ਰਹਿ ਜਾਵੇਗਾ। ਲਗਦਾ ਹੈ ਕਿ ਅਸੀ ਜਿਵੇਂ ਬਸ ਪੈਸੇ ਦੀ ਦੌੜ ਵਿਚ ਤਕਨਾਲੋਜੀ ਦੇ ਗ਼ੁਲਾਮ ਹੋ ਕੇ ਰਹਿ ਗਏ ਹਾਂ। ਰਿਸ਼ਤਿਆਂ ਦੇ ਰਸ ਨੁਚੜ ਚੁੱਕੇ ਹਨ। ਬੇਰਸ ਤੇ ਠੰਢੇ ਰਿਸ਼ਤੇ। ਮੰਟੋ ਦੀ ਕਹਾਣੀ 'ਠੰਢਾ ਗੋਸ਼ਤ' ਵਾਂਗ।
- ਸੁਰਿੰਦਰ ਸਿੰਘ 'ਸ਼ਮੀਰ' , ਸੰਪਰਕ : 94785-22228

Location: India, Punjab
Advertisement
Advertisement

 

Advertisement