
ਅੱਜ ਭਾਰਤ ਵਿਚ ਸਿਆਸਤ ਬਹੁਤ ਵੱਡਾ ਵਪਾਰ ਬਣ ਚੁੱਕੀ ਹੈ। ਹਰ ਭਾਰਤੀ ਚਾਹੇ, ਉਹ ਅਨਪੜ੍ਹ ਹੀ ਕਿਉਂ ਨਾ ਹੋਵੇ, ਇਹ ਗੱਲ ਚੰਗੀ ਤਰ੍ਹਾਂ ਸਮਝਦਾ ਹੈ ਕਿ ਸਿਆਸਤਦਾਨ ਪੈਸਾ...
ਅੱਜ ਭਾਰਤ ਵਿਚ ਸਿਆਸਤ ਬਹੁਤ ਵੱਡਾ ਵਪਾਰ ਬਣ ਚੁੱਕੀ ਹੈ। ਹਰ ਭਾਰਤੀ ਚਾਹੇ, ਉਹ ਅਨਪੜ੍ਹ ਹੀ ਕਿਉਂ ਨਾ ਹੋਵੇ, ਇਹ ਗੱਲ ਚੰਗੀ ਤਰ੍ਹਾਂ ਸਮਝਦਾ ਹੈ ਕਿ ਸਿਆਸਤਦਾਨ ਪੈਸਾ ਕਮਾਉਣ ਲਈ ਹੀ ਸਿਆਸਤ ਵਿਚ ਆਉਂਦੇ ਹਨ, ਪੈਸਾ ਕੋਈ ਵੀ ਢੰਗ ਤਰੀਕਾ ਜਾਂ ਕੋਈ ਹਰਬਾ-ਜਰਬਾ ਵਰਤ ਕੇ ਕਿਉਂ ਨਾ ਬਣਾਉਣਾ ਪਵੇ। ਵੱਡੇ-ਵੱਡੇ ਕਾਰੋਬਾਰਾਂ ਉਤੇ 60, 70 ਫ਼ੀ ਸਦੀ ਕਬਜ਼ਾ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਿਆਸਤਦਾਨਾਂ ਦਾ ਹੀ ਹੈ। ਜਿਵੇਂ ਕਿ 5 ਤਾਰਾ ਵੱਡੇ ਹੋਟਲ, ਸ਼ਰਾਬ ਦਾ ਕਾਰੋਬਾਰ, ਟਰਾਂਸਪੋਰਟ, ਸ਼ੈਲਰ, ਫ਼ੈਕਟਰੀਆਂ, ਗੋਦਾਮ, ਵੱਡੇ ਸ਼ੋ ਰੂਮ, ਕਾਲੋਨੀਆਂ, ਬਹੁਮੰਤਵੀ ਇਮਾਰਤਾਂ, ਵੱਡੀਆਂ ਨਿਰਮਾਣ ਕੰਪਨੀਆਂ, ਇਥੋਂ ਤਕ ਕਿ ਰੇਤਾ ਵੀ
Leaders
ਇਨ੍ਹਾਂ ਸਿਆਸਤਦਾਨਾਂ ਦੇ ਅਪਣੀਆਂ-ਅਪਣੀਆਂ ਪਾਰਟੀਆਂ ਵਿਚ ਅਹੁਦੇ, ਰੁਤਬੇ ਅਕਸਰ ਬਦਲੀ ਹੁੰਦੇ ਰਹਿੰਦੇ ਹਨ। ਕਦੇ ਕਿਸੇ ਮੰਤਰੀ ਜਾਂ ਪਾਰਲੀਮੈਂਟਰੀ ਸੈਕਟਰੀ ਦਾ ਕੋਈ ਅਹੁਦਾ ਵਾਪਸ ਲੈ ਕੇ ਕੋਈ ਹੋਰ ਰੁਤਬਾ ਦੇ ਦਿਤਾ ਜਾਂਦਾ ਹੈ, ਫਿਰ ਬੈਨਰਾਂ ਅਤੇ ਅਖ਼ਬਾਰਾਂ ਵਿਚ ਸ਼ੁਰੂ ਹੋ ਜਾਂਦਾ ਹੈ, ਇਸ ਤਰ੍ਹਾਂ ਦਾ ਸਿਲਸਿਲਾ। ਫਿਰ ਇਹ ਵਿਅਕਤੀ ਨਵਾਂ ਅਹੁਦਾ ਮਿਲਦਿਆਂ ਹੀ ਅਪਣੇ ਮੁੱਖ ਧਾਰਮਕ ਸਥਾਨ ਤੇ ਜਾ ਕੇ ਮੱਥਾ ਟੇਕਦਿਆਂ ਅਪਣਾ ਨਵਾਂ ਅਹੁਦਾ ਮਿਲਣ ਤੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਨ। ਫਿਰ ਅਪਣੇ ਖ਼ਾਸ ਹਮਾਇਤੀਆਂ ਦੇ ਸੱਦੇ ਉਪਰ ਇਨ੍ਹਾਂ ਦੇ ਇਲਾਕਿਆਂ ਵਿਚ ਜਾਂਦੇ ਹਨ। ਇਹ ਖ਼ਾਸ ਹਮਾਇਤੀ ਆਮ ਪਬਲਿਕ ਨੂੰ ਇਕੱਠਿਆਂ ਕਰ ਕੇ ਅਪਣੀ ਪੈਂਠ ਅਪਣੇ ਇਲਾਕੇ ਵਿਚ ਜੰਮ ਜਾਣ ਦਾ ਸਬੂਤ ਦਿੰਦੇ ਹਨ।
Leaders
ਬਦਲੇ ਵਿਚ ਸਿਆਸਤਦਾਨਾਂ ਪਾਸੋਂ ਲੋਕ ਅਪਣੇ ਉਪਰ ਰਹਿਮੋ ਕਰਮ ਦੀ ਨਜ਼ਰ ਰੱਖਣ ਦੀ ਲਾਲਸਾ ਰਖਦੇ ਹਨ ਤਾਕਿ ਪਾਰਟੀ ਵਿਚ ਟੰਬਾ ਦਰਜ ਟੰਬਾ ਪੌੜੀ ਚੜ੍ਹੀ ਜਾ ਸਕੇ। ਇਨ੍ਹਾਂ ਚਾਪਲੂਸਾਂ ਵਲੋਂ ਵਿਕਾਊ ਅਖ਼ਬਾਰਾਂ ਵਿਚ ਵੱਡੇ-ਵੱਡੇ ਇਸ਼ਤਿਹਾਰ ਦਿਤੇ ਜਾਂਦੇ ਹਨ। ਇਸ ਤਰ੍ਹਾਂ ਪਾਰਟੀ ਪ੍ਰਧਾਨ ਦੀ, ਫਿਰ ਹਲਕੇ ਦੇ ਲੀਡਰ ਦੀ, ਫਿਰ ਅਪਣੀ ਫ਼ੋਟੋ ਲਗਾਈ ਜਾਂਦੀ ਹੈ। ਇਸ਼ਤਿਹਾਰ ਵਿਚ ਵੱਡੇ-ਵੱਡੇ ਸ਼ਬਦਾਂ ਵਿਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਕ 'ਸੇਵਕ ਕਉ ਸੇਵਾ ਬਨਿ ਆਈ' ਲਿਖ ਦਿਤੀ ਜਾਂਦੀ ਹੈ। ਕੀ ਪਵਿੱਤਰ ਬਾਣੀ ਦੀ ਇਹ ਤੁਕ ਸਿਰਫ਼ ਤੇ ਸਿਰਫ਼ ਇਸ ਤਰ੍ਹਾਂ ਦੇ ਇਸ਼ਤਿਹਾਰਾਂ ਲਈ ਹੀ ਹੈ? ਇਸ ਨੂੰ ਹਲਕੇ ਕਿਸਮ ਦਾ ਯਤਨ ਕਿਉਂ ਨਾ ਸਮਝਿਆ ਜਾਵੇ ਤੇ ਅਪਣੇ ਆਕਾਵਾਂ ਨੂੰ ਖ਼ੁਸ਼ ਕਰਨ ਢਕੌਂਸਲਾ ਤਾਂ ਨਹੀਂ?
Gurudwara Sahib
ਕੀ ਇਹ ਸਿਆਤਸਦਾਨ (ਸੇਵਕ) ਗੁਰੂ ਘਰਾਂ ਵਿਚ ਸੇਵਾ ਕਰਦੇ, ਬਰਤਨ ਸਾਫ਼ ਕਰਦੇ, ਜੋੜੇ ਝਾੜਦੇ, ਗੁਰੂ ਘਰਾਂ ਵਿਚ ਸਫ਼ਾਈ ਲਈ ਅਪਣੇ ਹੱਥੀਂ ਪੋਚੇ ਲਗਾਉਂਦੇ ਵੇਖੇ ਹਨ? ਜਵਾਬ ਹੋਵੇਗਾ ਨਹੀਂ। ਜੇ ਨਹੀਂ ਤਾਂ ਫਿਰ ਕਿਉਂ ਅਸੀ ਨਿਜੀ ਸੁਆਰਥਾਂ ਲਈ ਪਵਿੱਤਰ ਬਾਣੀ ਦੀਆਂ ਤੁਕਾਂ ਦਾ ਇਸਤੇਮਾਲ ਕਰਦੇ ਹਾਂ ਜਦੋਂ ਨਿਜੀ ਜ਼ਿੰਦਗੀ ਵਿਚ ਇਨ੍ਹਾਂ ਗੁਰਬਾਣੀ ਤੋਂ ਕੋਈ ਸੇਧ ਤਾਂ ਲੈਣੀ ਹੈ ਹੀ ਨਹੀਂ? ਸਾਰੇ ਪੰਜਾਬ ਨੂੰ ਸਿਆਸਤਦਾਨਾਂ ਦੀ ਸੇਵਾ ਦਾ ਚੰਗੀ ਤਰ੍ਹਾਂ ਪਤਾ ਤਾਂ ਹੈ ਈ। ਅਸੀ ਪਵਿੱਤਰ ਬਾਣੀ ਦੀ ਜਗ੍ਹਾ ਪੰਜਾਬੀ ਦੇ ਹੋਰ ਲਫ਼ਜ਼ਾਂ ਦਾ ਇਸਤੇਮਾਲ ਕਿਉਂ ਨਹੀਂ ਕਰਦੇ? ਪੰਜਾਬੀ ਇਕ ਬਹੁਤ ਪੁਰਾਣੀ ਅਤੇ ਵੱਡੀ (ਵਿਸ਼ਾਲ) ਭਾਸ਼ਾ ਹੈ ਜਿਸ ਦਾ ਸ਼ਬਦਕੋਸ਼ ਬਹੁਤ ਲੰਮਾ, ਚੌੜਾ ਤੇ ਅਪਣੇ ਆਪ ਵਿਚ ਪੂਰਨ ਹੈ। ਇਸ ਦੀ ਵਰਤੋਂ ਹੀ ਸੁਚੱਜੇ ਢੰਗ ਨਾਲ ਕੀਤੀ ਜਾਵੇ ਤਾਂ ਪੂਰਾ ਤੇ ਠੀਕ ਪ੍ਰਭਾਵ ਵੀ ਦੇ ਸਕਦੀ ਹੈ।
Guru granth sahib
ਅਸੀ ਸੱਭ ਜਾਣਦੇ ਹਾਂ ਇਨ੍ਹਾਂ ਲਾਣੇਦਾਰੀਆਂ ਅਤੇ ਅਹੁਦੇਦਾਰੀਆਂ ਨੂੰ ਜੋ ਦੁਨਿਆਵੀਂ ਤੌਰ ਉਤੇ ਆਰਜ਼ੀ ਹੀ ਹਨ, ਕੋਈ ਵੀ ਚਿਰ ਸਥਾਈ ਨਹੀਂ। ਫਿਰ ਕਿਉਂ ਅਸੀ ਜੁਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕੁੱਝ ਤੁਕਾਂ ਲੈ ਕੇ ਇਨ੍ਹਾਂ ਆਰਜ਼ੀ ਅਹੁਦੇਦਾਰਾਂ ਦੀ ਵਡਿਆਈ ਕਰਨ ਲਈ ਵਰਤਦੇ ਹਾਂ? ਰੱਬ ਦਾ ਵਾਸਤਾ ਜੇ ਸਮੂਹ ਪੰਜਾਬੀ ਭਾਈਚਾਰੇ ਨੂੰ ਇਸ ਤਰ੍ਹਾਂ ਪਵਿੱਤਰ ਬਾਣੀ ਨੂੰ ਨਿਜੀ ਮੁਫ਼ਾਦਾਂ ਲਈ ਨਾ ਵਰਤੋ।
- ਕਮਲਜੀਤ ਸਿੰਘ ਢਿੱਲੋਂ, ਸੰਪਰਕ : 98760-42500