ਨਵਾਂ ਵਰ੍ਹਾ-ਔਰਤਾਂ ਲਈ ਨਵਾਂ ਕੀ?
Published : Jan 22, 2024, 10:44 am IST
Updated : Jan 22, 2024, 10:44 am IST
SHARE ARTICLE
File Photo
File Photo

ਜਿਥੇ ਔਰਤ ਜੱਜ ਹੀ ਸ੍ਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੀ ਹੋਵੇ ਉਥੇ ਨਿਆਂ ਕਿਸ ਤੋਂ ਮੰਗੋਗੇ? 

ਸੰਨ 2017 ’ਚ 86,001 ਕੇਸਾਂ ਵਿਚ ਭਾਰਤ ਵਿਚ ਔਰਤਾਂ ਦੀ ਬੇਪਤੀ ਜਾਂ ਬੇਇਜ਼ਤੀ ਕਰਨ ਦੇ ਕੇਸ ਸਾਹਮਣੇ ਆਏ। ਸੰਨ 2021 ਵਿਚ ਇਹ ਗਿਣਤੀ 89,200 ਕੇਸਾਂ ਤਕ ਪਹੁੰਚ ਗਈ। ਇਨ੍ਹਾਂ ਵਿਚੋਂ ਬੇਪਤੀ ਕਰਨ ਵਾਲਿਆਂ ’ਚੋਂ 2 ਫ਼ੀ ਸਦੀ ਔਰਤਾਂ ਸਨ ਅਤੇ 98 ਫ਼ੀ ਸਦੀ ਮਰਦ।

ਧਾਰਾ 354 ਵਿਚ ਸ਼ਾਮਲ ਤੱਥ :-
1. ਬੇਪਤੀ ਕਿਸੇ ਔਰਤ ਦੀ ਹੋਈ ਹੋਵੇ
2. ਬੇਪਤੀ ਕਰਨ ਵਾਲਾ ਅਪਣਾ ਪੂਰਾ ਜ਼ੋਰ ਅਤੇ ਰੁਤਬਾ ਵਰਤ ਰਿਹਾ ਹੋਵੇ 
3. ਔਰਤ ਨੂੰ ਬੇਇਜ਼ਤੀ ਮਹਿਸੂਸ ਹੋਈ ਹੋਵੇ।

ਇਹ ਬੇਪਤੀ ਭੱਦੀ ਜ਼ਬਾਨ ਵਰਤ ਕੇ ਜਾਂ ਜ਼ੋਰ ਜ਼ਬਰਦਸਤੀ ਨਾਲ ਕੀਤੀ ਜਾ ਸਕਦੀ ਹੈ। ਚਾਰ ਦਸੰਬਰ 2023 ਨੂੰ ਜਾਰੀ ਹੋਈ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰੀਪੋਰਟ ਅਨੁਸਾਰ ਸੰਨ 2022 ’ਚ 31.4 ਫ਼ੀ ਸਦੀ ਔਰਤਾਂ ਵਲੋਂ ਮਾਰ ਕੁਟਾਈ ਸਹਿਣ ਸਬੰਧੀ ਜੋ ਰੀਪੋਰਟਾਂ ਦਰਜ ਹੋਈਆਂ, ਉਹ ਜਾਂ ਤਾਂ ਪਤੀ ਵਲੋਂ ਜਾਂ ਉਸ ਦੇ ਰਿਸ਼ਤੇਦਾਰਾਂ ਵਲੋਂ ਔਰਤ ਦੀ ਮਾਰ ਕੁਟਾਈ ਦੀਆਂ ਕੀਤੀਆਂ ਗਈਆਂ, 19.2 ਫ਼ੀਸਦੀ ਉਧਾਲੇ ਜਾਂ ਚੁੱਕੇ ਜਾਣ ਦੀਆਂ, 18.7 ਫ਼ੀਸਦੀ ਔਰਤ ਦੀ ਬੇਪਤੀ ਦੀਆਂ ਤੇ 7.1 ਫ਼ੀ ਸਦੀ ਬਲਾਤਕਾਰ ਦੀਆਂ ਸ਼ਿਕਾਇਤਾਂ ’ਤੇ ਰੀਪੋਰਟਾਂ ਦਰਜ ਕੀਤੀਆਂ ਗਈਆਂ।

2022 ਵਿਚ ਅਜਿਹੀਆਂ 4.45 ਲੱਖ ਐਫ਼ਆਈਆਰ ਦਰਜ ਕੀਤੀਆਂ ਗਈਆਂ ਜੋ ਅਸਲ ਨਾਲੋਂ ਲਗਭਗ 60 ਗੁਣਾਂ ਘੱਟ ਸਨ ਕਿਉਂਕਿ ਪੂਰੇ ਕੇਸ ਸ਼ਿਕਾਇਤ ਕਰਨ ਪਹੁੰਚੇ ਹੀ ਨਹੀਂ ਤੇ ਕੁੱਝ ਨੂੰ ਜ਼ੋਰ ਜ਼ਬਰਦਸਤੀ ਚੁਪ ਕਰਵਾ ਦਿਤਾ ਗਿਆ। ਭਾਰਤ ਸਰਕਾਰ ਮੰਨ ਚੁਕੀ ਹੈ ਕਿ ਜੇ ਔਰਤਾਂ ਨਾਲ ਹੁੰਦੇ ਜੁਰਮਾਂ ਬਾਰੇ ਰਿਕਾਰਡ ਅਨੁਸਾਰ ਵੇਖੀਏ ਤਾਂ 51 ਐਫ਼ਆਈਆਰ ਪ੍ਰਤੀ ਘੰਟਾ ਦਰਜ ਹੋ ਰਹੀਆਂ ਹਨ। ਪ੍ਰਤੀ ਲੱਖ ਲੋਕਾਂ ’ਚੋਂ 268 ਔਰਤਾਂ ਭਾਰੀ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ।
ਇਨ੍ਹਾਂ ਵਿਚੋਂ ਬਹੁਤੀਆਂ ਨੂੰ ਕਾਨੂੰਨ ਜਾਂ ਪੁਲਿਸ ਵਲੋਂ ਨਿਆਂ ਨਸੀਬ ਨਹੀਂ ਹੋਇਆ।

ਦਿੱਲੀ ਨੂੰ ਔਰਤਾਂ ਪ੍ਰਤੀ ਹੁੰਦੇ ਜੁਰਮਾਂ ਲਈ ਪੂਰੇ ਭਾਰਤ ’ਚੋਂ ਪਹਿਲੇ ਨੰਬਰ ਉੱਤੇ ਰਖਿਆ ਗਿਆ ਹੈ ਜਿੱਥੇ 14,247 ਕੇਸ ਰੀਪੋਰਟ ਹੋਏ ਜੋ ਬਾਕੀ ਭਾਰਤ ਦੇ ਔਸਤਨ 66.4 ਦੀ ਥਾਂ 144.4 ਪ੍ਰਤੀ ਲੱਖ ਸਨ। ਜਨਗਣਨਾ ਦੇ ਹਿਸਾਬ ਨਾਲ ਉੱਤਰ ਪ੍ਰਦੇਸ਼ ਵਿਚ 66,743 ਕੇਸ, ਮਹਾਰਾਸ਼ਟਰ ’ਚ 43,331 ਕੇਸ, ਰਾਜਸਥਾਨ 45,058, ਬੰਗਾਲ, 34,738 ਅਤੇ ਮੱਧ ਪ੍ਰਦੇਸ਼ ਵਿਚ 32,765 ਕੇਸ। ਇਨ੍ਹਾਂ ਪੰਜਾਂ ਸੂਬਿਆਂ ਵਿਚਲੇ ਕੇਸ ਮਿਲਾ ਲਈਏ ਤਾਂ 2,23,635 ਔਰਤਾਂ ਉੱਤੇ ਜ਼ੁਲਮ ਹੋਏ ਜੋ ਪੂਰੇ ਭਾਰਤ ਵਿਚਲੇ ਕੁਲ ਰੀਪੋਰਟ ਹੋਏ ਕੇਸਾਂ ਦਾ 50.2 ਫ਼ੀਸਦੀ ਹਿੱਸਾ ਬਣ ਜਾਂਦੇ ਹਨ। 

ਇਸ ਨੂੰ ਜੇ ਪ੍ਰਤੀ ਲੱਖ ਜਨਸੰਖਿਆ ਦੇ ਹਿਸਾਬ ਨਾਲ ਵੰਡੀਏ ਤਾਂ ਦਿੱਲੀ 144.4, ਹਰਿਆਣਾ 118.7, ਤੇਲੰਗਾਨਾ 117, ਰਾਜਸਥਾਨ 115.1, ਉੜੀਸਾ 103, ਆਂਧਰ ਪ੍ਰਦੇਸ 96.2, ਅੰਡੇਮਾਨ ਨਿਕੋਬਾਰ 93.7, ਕੇਰਲ 82, ਆਸਾਮ 81, ਮੱਧ ਪ੍ਰਦੇਸ 78.8, ਉਤਰਾਖੰਡ 77, ਮਹਾਰਾਸ਼ਟਰ 75.1, ਬੰਗਾਲ 71.8 ਤੇ ਉੱਤਰ ਪ੍ਰਦੇਸ 58.6 ਬਣ ਜਾਂਦੇ ਹਨ।

ਇਹ ਜੁਰਮ ਲਗਾਤਾਰ ਵਧਦਾ ਹੀ ਜਾ ਰਿਹੈ ਕਿਉਂਕਿ ਸੰਨ 2020 ਵਿਚ 3,71,503 ਕੇਸ ਸਨ ਅਤੇ ਸੰਨ 2021 ਵਿਚ 4,28,278 ਕੇਸ। ਇਨ੍ਹਾਂ ਵਿਚੋਂ ਕੰਮਕਾਰ ਵਾਲੀ ਥਾਂ ਜਾਂ ਉੱਚੇ ਅਹੁਦਿਆਂ ਉੱਤੇ ਬੈਠੀਆਂ ਔਰਤਾਂ ਨਾਲ ਹੁੰਦੀ ਜਿਨਸੀ ਛੇੜਛਾੜ ਬਹੁਤੀ ਵਾਰ ਬਾਹਰ ਕੱਢੀ ਹੀ ਨਹੀਂ ਜਾਂਦੀ। ਜ਼ਿਆਦਾਤਰ ਔਰਤ ਅਪਣਾ ਅਹੁਦਾ ਬਰਕਰਾਰ ਰੱਖਣ, ਸਮਾਜਕ ਸ਼ਰਮ ਜਾਂ ਤਰੱਕੀ ਲੈਣ ਦੇ ਚੱਕਰ ਵਿਚ ਫਸ ਕੇ ਚੁੱਪ ਰਹਿੰਦੀ ਹੈ।

ਕੁੱਝ ਔਰਤਾਂ ਆਪ ਹੀ ਉੱਚੇ ਅਹੁਦੇ ਉੱਤੇ ਬੈਠੇ ਮਰਦ ਨਾਲ ਤਾਕਤ ਦਾ ਆਨੰਦ ਮਾਣਨ ਲਈ ਸਰੀਰਕ ਸਬੰਧ ਕਾਇਮ ਕਰ ਲੈਂਦੀਆਂ ਹਨ ਤੇ ਫਿਰ ਵਕਤ ਨਿਕਲ ਜਾਣ ਉੱਤੇ ਝੂਠੇ ਇਲਜ਼ਾਮ ਲਾ ਦਿੰਦੀਆਂ ਹਨ। ਗੱਲ ਕਰੀਏ ਸੰਨ 2023 ਦੀ! ਨੌਂ ਦਸੰਬਰ 2023, ਦੀ ਰਾਤ ਨੂੰ ਇਕ 19 ਸਾਲਾ ਗ਼ਰੀਬ ਬੇਟੀ ਅਪਣੇ ਮਾਮੇ ਕੋਲ ਨੌਕਰੀ ਲੈਣ ਲਈ ਕਾਨਪਰ ਤੋਂ ਜੈਪੁਰ ਬਸ ਵਿਚ ਗਈ। ਰਾਹ ’ਚ ਚਲਦੀ ਬੱਸ ਵਿਚ ਹੀ ਕੰਡਕਟਰ ਨੇ ਉਸ ਨੂੰ ਲੇਟਣ ਵਾਲੀ ਸੀਟ ਉਤੇ ਆਰਾਮ ਕਰਨ ਲਈ ਕਿਹਾ।
ਬੇਟੀ ਨੇ ਟਿਕਟ ਮਹਿੰਗੀ ਹੋਣ ਕਾਰਨ ਸਿਰਫ਼ ਬੈਠਣ ਦੀ ਸੀਟ ਹੀ ਬੁੱਕ ਕੀਤੀ ਸੀ।

ਕੰਡਕਟਰ ਨੇ ਅਪਣੀ ਕੇਬਿਨ ਵਿਚ ਲੱਗੇ ਬਿਸਤਰੇ ਉੱਤੇ ਉਸ ਨੂੰ ਕੁੱਝ ਦੇਰ ਆਰਾਮ ਕਰਨ ਲਈ ਕਿਹਾ ਕਿ ਉਹ ਤਾਂ ਬਾਹਰ ਹੀ ਬੈਠਾ ਹੈ। ਜਿਉਂ ਹੀ ਬੇਟੀ ਸੌਂ ਗਈ, ਵਾਰੋ ਵਾਰੀ ਦੋ ਡਰਾਈਵਰਾਂ ਅਤੇ ਕੰਡਕਟਰ ਨੇ ਉੱਚੀ ਗਾਣੇ ਲਾ ਕੇ, ਲੜਕੀ ਦਾ ਮੂੰਹ ਘੁੱਟ ਕੇ ਬੰਦ ਕਰ ਕੇ ਸਮੂਹਕ ਬਲਾਤਕਾਰ ਕਰ ਦਿਤਾ। ਸਾਰੀਆਂ ਸਵਾਰੀਆਂ ਅੱਧ ਰਾਤ ਹੋਣ ਕਾਰਨ ਘੂਕ ਸੁੱਤੀਆਂ ਰਹੀਆਂ। ਸਵੇਰੇ ਜੈਪੁਰ ਪਹੁੰਚ ਕੇ ਜਦੋਂ ਬੇਟੀ ਥੱਲੇ ਉਤਰੀ ਤਾਂ ਉਸ ਨੇ ਅਪਣੇ ਮਾਮੇ ਨੂੰ ਦਸਿਆ। ਉਸ ਤੋਂ ਬਾਅਦ ਹੀ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਤੇ ਇਹ ਮਾਮਲਾ ਮੀਡੀਆ ਦੀ ਨਜ਼ਰੀਂ ਆਇਆ।

ਨਿੱਕੀਆਂ ਬੱਚੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਭਾਵੇਂ ਬਹੁਤ ਜ਼ਿਆਦਾ ਹਨ ਪਰ ਉਹ ਲੋਕਾਂ ਦੀਆਂ ਨਜ਼ਰਾਂ ’ਚ ਘੱਟ ਹੀ ਆਉਂਦੇ ਹਨ ਕਿਉਂਕਿ ਕੋਈ ਸ਼ਿਕਾਇਤਕਰਤਾ ਹੁੰਦਾ ਹੀ ਨਹੀਂ। ਜ਼ਿਆਦਾ ਮਾਮਲਿਆਂ ਵਿਚ ਘਰ ਦਾ ਹੀ ਕੋਈ ਰਿਸ਼ਤੇਦਾਰ ਜਾਂ ਜਾਣਕਾਰ ਇਹ ਕਾਰਾ ਕਰਦਾ ਲਭਦਾ ਹੈ। ਫਿਰ ਇਸ ਸ਼ੋਸ਼ਣ ਉੱਤੇ ਮਿੱਟੀ ਪਾ ਦਿਤੀ ਜਾਂਦੀ ਹੈ ਅਤੇ ਨਾਬਾਲਗ਼ ਧੀ ਮਾਨਸਕ ਰੋਗੀ ਬਣ ਕੇ ਰਹਿ ਜਾਂਦੀ ਹੈ।

ਆਮ ਹੀ ਅਜਿਹੇ ਕੇਸ ਸੁਣਨ ਤੋਂ ਬਾਅਦ ਇਹ ਕਹਿ ਦਿਤਾ ਜਾਂਦਾ ਹੈ ਕਿ ਔਰਤ ਦਾ ਸਸ਼ਕਤੀਕਰਨ ਹੀ ਇਸ ਦਾ ਇਲਾਜ ਹੈ! ਜੇ ਔਰਤ ਆਪ ਉੱਚੇ ਅਹੁਦੇ ਉੱਤੇ ਹੋਵੇ ਜਾਂ ਕਾਨੂੰਨ ਅਤੇ ਨਿਆਂ ਕਰਨ ਵਾਲਿਆਂ ਵਿਚ ਸ਼ਾਮਲ ਹੋਵੇ ਤਾਂ ਉਹ ਅਪਣੀ ਜਿਨਸ ਨੂੰ ਬਚਾ ਸਕਦੀ ਹੈ। ਪਰ ਇਸ ਖ਼ਬਰ ਬਾਰੇ ਕੀ ਕਹਿਣਾ ਚਾਹੋਗੇ? ਸੰਨ 2014 ਵਿਚ ਖ਼ਬਰ ਛਪੀ ਕਿ ਉੁੱਤਰ ਪ੍ਰਦੇਸ਼ ਵਿਚ ਇਕ ਮਹਿਲਾ ਜੱਜ ਨੂੰ ਜਬਰੀ ਨਸ਼ਾ ਦੇ ਕੇ ਉਸ ਦੇ ਸਰਕਾਰੀ ਮਕਾਨ ਅੰਦਰ ਹੀ ਉਸ ਦਾ ਸਮੂਹਕ ਬਲਾਤਕਾਰ ਕਰ ਦਿਤਾ ਗਿਆ। ਉਸ ਦੇ ਸਰੀਰ ਉੱਤੇ ਅਣਗਿਣਤ ਡੂੰਘੇ ਜ਼ਖ਼ਮ ਵੇਖੇ ਗਏ।

ਇਸ ਕਾਰੇ ਤੋਂ ਦੋ ਦਿਨ ਪਹਿਲਾਂ ਬਦੌਣ ਵਿਖੇ ਦੋ ਨਾਬਾਲਗ਼ ਭੈਣਾਂ ਦਾ ਸਮੂਹਕ ਬਲਾਤਕਾਰ ਕਰ ਕੇ ਕਤਲ ਕਰ ਦੇਣ ਦੀ ਘਟਨਾ ਨੇ ਸਾਰੇ ਭਾਰਤ ਵਾਸੀਆਂ ਨੂੰ ਸ਼ਰਮਸਾਰ ਕਰ ਦਿਤਾ ਸੀ। ਕਾਰਨ ਇਹ ਸੀ ਕਿ ਜਿਸ ਬੇਹੂਦਗੀ ਨਾਲ ਉਨ੍ਹਾਂ ਧੀਆਂ ਨੂੰ ਮਾਰਿਆ ਗਿਆ ਸੀ, ਉਹ ਤਾਂ ਦਿਲ ਕੰਬਾਊ ਹੈ ਹੀ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਦਰੱਖ਼ਤ ਉੱਤੇ ਟੰਗ ਦਿਤਾ ਗਿਆ ਸੀ।

ਲਾਸ਼ਾਂ ਵਿਚੋਂ ਥੱਲੇ ਚੋਂਦੀਆਂ ਲਹੂ ਦੀਆਂ ਬੂੰਦਾਂ ਦਾ ਭਾਰ ਧਰਤੀ ਵੀ ਝੱਲਣ ਤੋਂ ਅਸਮਰਥ ਜਾਪਦੀ ਸੀ। ਨਿਰਭਯਾ ਕਾਂਡ ਹੋਵੇ ਜਾਂ ਜੈਸਿਕਾ ਲਾਲ ਕਤਲ ਜਾਂ ਨੈਨਾ ਨੂੰ ਤੰਦੂਰ ਵਿਚ ਭੁੰਨ ਦੇਣ ਦੀ ਗੱਲ ਹੋਵੇ, ਇਨ੍ਹਾਂ ਮਾਮਲਿਆਂ ਵਿਚ ਕਦੇ ਵੀ ਕਮੀ ਨਹੀਂ ਆਈ, ਭਾਵੇਂ ਭਾਰਤ ਵਿਚ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਤਕ ਦੇ ਅਹੁਦਿਆਂ ਉੱਤੇ ਔਰਤ ਬਿਰਾਜਮਾਨ ਹੋਵੇ!

ਤਾਜ਼ੀ ਘਟਨਾ ਔਰਤ ਦੀ ਲਾਚਾਰਗੀ ਦੀ ਸਪੱਸ਼ਟ ਤਸਵੀਰ ਸਾਹਮਣੇ ਰੱਖ ਦਿੰਦੀ ਹੈ। ਕੇਰਲ ਵਿਖੇ ਵਕੀਲ ਮਨੂ ਬਾਰੇ ਜੋ ਸ਼ਿਕਾਇਤ ਦਰਜ ਕੀਤੀ ਗਈ, ਉਸ ਅਨੁਸਾਰ ਉਸ ਨੇ ਬਲਾਤਕਾਰ ਪੀੜਤ ਮਹਿਲਾ ਦਾ ਕੇਸ ਲੜਨ ਦੌਰਾਨ ਤਿੰਨ ਵਾਰ ਉਸ ਦਾ ਜਬਰ ਜਨਾਹ ਕੀਤਾ, ਜਿਸ ਵਿਚੋਂ ਦੋ ਵਾਰ ਕੋਰਟ ਅੰਦਰਲੇ ਅਪਣੇ ਹੀ ਕਮਰੇ ਵਿਚ! ਜਦੋਂ ਸ਼ਿਕਾਇਤ ਦਰਜ ਹੋ ਗਈ ਤਾਂ ਉਸ ਹੱਥ ਜੋੜ ਕੇ ਮਹਿਲਾ ਕੋਲ ਜਾ ਕੇ ਬੇਨਤੀ ਕੀਤੀ ਕਿ ਉਹ ਸ਼ਿਕਾਇਤ ਵਾਪਸ ਲੈ ਲਵੇ ਕਿਉਂਕਿ ਉਸ ਦੀ ਜੱਜ ਬਣਨ ਦੀ ਵਾਰੀ ਆ ਚਲੀ ਹੈ! ਸੋਚ ਕੇ ਵੇਖੀਏ ਕਿ ਇਹੋ ਜਿਹੇ ਲੋਕ ਜੱਜ ਬਣ ਕੇ ਅੱਗੋਂ ਕੀ ਨਿਆਂ ਕਰ ਸਕਦੇ ਹਨ!

ਲੁਧਿਆਣੇ ਵਿਖੇ (24 ਜੂਨ 2022 ਦੀ ਖ਼ਬਰ ਹੈ) 32 ਸਾਲਾ ਵਕੀਲ ਨੂੰ ਉਸ ਦੇ ਪਤੀ ਦੇ ਦੋਸਤ ਨੇ ਹੀ ਕੋਲਡ ਡਰਿੰਕ ’ਚ ਨਸ਼ਾ ਰਲਾ ਕੇ ਬੇਹੋਸ਼ ਕਰ ਕੇ ਅਪਣੇ ਸਾਥੀਆਂ ਨਾਲ ਸਮੂਹਕ ਬਲਾਤਕਾਰ ਕਰ ਕੇ ਵੀਡੀਉ ਬਣਾ ਲਈ। ਹੁਣ ਤਾਂ ਹੱਦ ਹੀ ਹੋ ਗਈ ਜਦ ਭਾਰਤ ਦੀ ਇਕ ਜੱਜ ਇੱਛਾ ਮੌਤ ਤਕ ਮੰਗਣ ਲੱਗ ਪਈ ਹੈ।
ਕਾਰਨ?

ਉਹ ਅਪਣੇ ਆਪ ਨੂੰ ਜ਼ਿੰਦਾ ਲਾਸ਼ ਤੋਂ ਵੱਧ ਕੁੱਝ ਮੰਨ ਹੀ ਨਹੀਂ ਰਹੀ। ਚੀਫ਼ ਜਸਟਿਸ ਚੰਦਰਚੂੜ ਜੀ ਨੂੰ ਲਿਖੇ ਪੱਤਰ ਵਿਚ ਉਸ ਨੇ ਸਪੱਸ਼ਟ ਕੀਤਾ ਹੈ ਕਿ ਮੈਂ ਇਸ ਉੱਚੀ ਪਦਵੀ ਉੱਤੇ ਰਹਿ ਕੇ ਵੀ ਔਰਤ ਹੋਣ ਦੇ ਨਾਤੇ ਕੂੜੇ ਦੇ ਢੇਰ ਤੋਂ ਵੱਧ ਕੁੱਝ ਮੰਨੀ ਹੀ ਨਹੀਂ ਗਈ। ਉਸ ਨੂੰ ਹੋਰ ਸਾਥੀ ਅਤੇ ਉਪਰਲੇ ਜੱਜਾਂ ਨੇ ਰਾਤਾਂ ਨੂੰ ਮੀਟਿੰਗਾਂ ਵਾਸਤੇ ਸੱਦ ਕੇ, ਰੱਜ ਕੇ ਸਰੀਰਕ ਸ਼ੋਸ਼ਣ ਕੀਤਾ ਜਿਸ ਦੀ ਕਿਤੇ ਸੁਣਵਾਈ ਨਹੀਂ ਹੋਈ!

ਉਸ ਨੇ ਬਾਕੀ ਔਰਤਾਂ ਲਈ ਵੀ ਸੁਨੇਹਾ ਛਡਿਆ ਹੈ ਕਿ ਤੁਸੀਂ ਵੀ ਕਿਤੋਂ ਨਿਆਂ ਦੀ ਉਮੀਦ ਨਾ ਰਖਿਉ! ਜਿੱਥੇ ਭਾਰੀ ਗਿਣਤੀ ’ਚ ਜੱਜ ਹੀ ਬਲਾਤਕਾਰੀਏ ਹੋਣ ਤੇ ਔਰਤ ਜੱਜ ਵੀ ਸ਼ਿਕਾਰ ਬਣ ਰਹੀ ਹੋਵੇ ਤਾਂ ਕਿਸ ਕੋਲੋਂ ਨਿਆਂ ਮੰਗਣ ਜਾ ਰਹੀਆਂ ਹੋ?

ਇਹ ਸੁਨੇਹਾ ਅਪਣੇ ਆਪ ਵਿਚ ਬਹੁਤ ਵੱਡਾ ਤੇ ਸਪੱਸ਼ਟ ਹੈ।
ਔਰਤਾਂ ਪ੍ਰਤੀ ਨਿਤ ਵਧਦੇ ਜਾਂਦੇ ਜੁਰਮ ਕੁੱਝ ਗੱਲਾਂ ਸਪੱਸ਼ਟ ਕਰ ਰਹੇ ਹਨ :-
(1) ਔਰਤ ਨੂੰ ਸ਼ਕਤੀ ਦਾ ਪ੍ਰਤੀਕ ਜ਼ਰੂਰ ਮੰਨਿਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਧਾਰਮਕ ਥਾਵਾਂ ਅੰਦਰ ਕੈਦ ਕਰ ਕੇ ਪੈਸੇ ਕਮਾਉਣ ਦੇ ਜ਼ਰੀਆ ਤਕ ਹੀ ਸੀਮਤ ਕਰ ਦਿਤਾ ਗਿਆ ਹੈ ਕਿਉਂਕਿ ਧਾਰਮਕ ਥਾਵਾਂ ਅੰਦਰ ਵੀ ਔਰਤ ਦੀ ਪੱਤ ਲੁੱਟੇ ਜਾਣ ਦੀਆਂ ਖ਼ਬਰਾਂ ਨਸ਼ਰ ਹੋ ਚੁਕੀਆਂ ਹਨ।
(2) ਹੱਕਾਂ ਬਾਰੇ ਆਵਾਜ਼ ਚੁਕਦੀ ਔਰਤ ਨੂੰ ਚਰਿੱਤਰਹੀਣ, ਚੁੜੇਲ, ਮਾਨਸਕ ਰੋਗੀ ਆਦਿ ਕਹਿ ਕੇ ਸਮਾਜਕ ਰੱਸਿਆਂ ਵਿਚ ਜਕੜ ਕੇ ਉਸ ਨੂੰ ਇਕੱਲਿਆਂ ਕਰ ਕੇ, ਉਸ ਦੇ ਹੱਕ ’ਚ ਉਠਦੀ ਹਰ ਆਵਾਜ਼ ਦੱਬ ਕੇ, ਮਰਨ ਲਈ ਛੱਡ ਦਿਤਾ ਜਾਂਦਾ ਹੈ।

(3) ਜ਼ਾਲਮ ਨੂੰ ਰਾਜਸੀ ਤਾਕਤ ਦੇ ਕੇ, ਅਪਣਾ ਆਗੂ ਮੰਨਣ ਦਾ ਰਿਵਾਜ ਪਾ ਦਿਤਾ ਗਿਆ ਹੈ ਤਾਂ ਜੋ ਚੁਫੇਰੇ ਭੈਅ ਦਾ ਰਾਜ ਹੋ ਜਾਵੇ।
(4) ਨਿਆਂ ਪ੍ਰਣਾਲੀ ਕਮਜ਼ੋਰ ਕਰ ਕੇ ਪੂਰੀ ਉਮਰ ਕੋਰਟਾਂ ਦੇ ਧੱਕੇ ਖਾਂਦਿਆਂ ਮਾਨਸਕ ਤੌਰ ਉੱਤੇ ਲੋਕਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ।
(5) ਜ਼ੁਲਮ ਵਿਰੁਧ ਆਵਾਜ਼ ਚੁੱਕਣ ਵਾਲੇ ਬਥੇਰੇ ਲੋਕ ਤਾ-ਉਮਰ ਕੈਦਖ਼ਾਨਿਆਂ ’ਚ ਧੱਕ ਦਿਤੇ ਜਾਂਦੇ ਹਨ।

(6) ਆਪਸੀ ਵੈਰ ਭਾਵ ਜਗਾ ਕੇ, ਮਨਾਂ ’ਚ ਇਕ ਦੂਜੇ ਲਈ ਨਫ਼ਰਤ ਭਰ ਕੇ, ਆਮ ਲੋਕਾਂ ’ਚ ਫੁੱਟ ਪਾ ਕੇ, ਉਨ੍ਹਾਂ ਨੂੰ ਆਸਾਨ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਿਸ ਵਿਚ ਉਨ੍ਹਾਂ ਦੀਆਂ ਧੀਆਂ-ਭੈਣਾਂ ਦੀਆਂ ਕਦਰਾਂ ਉੱਕਾ ਹੀ ਮੁਕਾ ਦਿਤੀਆਂ ਗਈਆਂ ਹਨ ਤੇ ਧੀਆਂ ਦੇ ਰਾਖੇ ਬਣਨ ਵਾਲੇ ਬਚੇ ਹੀ ਨਹੀਂ। ਪੁਲਿਸ ਕਰਮੀ ਵੀ ਅਪਣੀ ਧੀ ਦੀ ਪਤ ਬਚਾਉਣ ਗਿਆ ਤਾਂ ਜ਼ਾਲਮਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ।
(7) ਔਰਤ ਨੂੰ ਸਿਰਫ਼ ਅਹੁਦਿਆਂ ਦਾ ਸ਼ਿੰਗਾਰ ਹੀ ਬਣਾਇਆ ਜਾਂਦੈ ਪਰ ਤਾਕਤ ਵਿਹੂਣੀ ਬਣਾ ਕੇ!

(8) ਔਰਤਾਂ ਦੇ ਥਾਣਿਆਂ ’ਚ ਵੀ ਔਰਤ ਅਫ਼ਸਰਾਂ ਉੱਤੇ ਬੈਠੇ ਮਰਦ ਅਫ਼ਸਰ ਜ਼ੁਲਮ ਜਾਂ ਘਰੇਲੂ ਹਿੰਸਾ ਸਹਿੰਦੀ ਔਰਤ ਦੇ ਹੱਕ ’ਚ ਆਵਾਜ਼ ਚੁੱਕਣ ਦੀ ਥਾਂ ਆਪਸੀ ਸਮਝੌਤਾ ਕੇਂਦਰ ਬਣਾਉਣ ਨੂੰ ਤਰਜੀਹ ਦਿੰਦੇ ਹਨ ਜਿੱਥੇ ਔਰਤ ਨੂੰ ਦਿਤੇ ਜਾਂਦੇ ਕਾਨੂੰਨੀ ਹੱਕ ਦਰਕਿਨਾਰ ਕਰ ਕੇ ਉਸੇ ਘਰ ਵਿਚ ਮਰਨ ਤਕ ਪਤੀ ਵਲੋਂ ਮਾਰ ਕੁਟਾਈ ਸਹਿੰਦੀ ਰਹਿਣ ਲਈ ਧੱਕਿਆ ਜਾ ਰਿਹਾ ਹੈ। 

ਇਸ ਸਾਰੇ ਵਰਤਾਰੇ ਨੂੰ ਵੇਖਦਿਆਂ ਕੋਈ ਦੱਸਣ ਦੀ ਹਿਮਾਕਤ ਤਾਂ ਕਰੇ ਕਿ ਹੁਣ ਔਰਤ ਇਸ ਭਾਰਤ ਵਿਚ ਕਿਹੜੀ ਥਾਂ, ਹਿੱਕ ਤਾਣ ਕੇ, ਸੁਰੱਖਿਅਤ ਕਹਿ ਸਕਦੇ ਹੋ? ਜੇ ਨਹੀਂ ਤਾਂ ਕੀ ਇਕੋ ਰਾਹ ਬਚਿਆ ਹੈ-ਕਿ ਔਰਤ ਦੀ ਕੁੱਖੋਂ ਮਰਦ ਦੀ ਪੈਦਾਇਸ਼ ਹੋਣੀ ਬੰਦ ਹੋ ਜਾਏ? ਹਾਲੇ ਵੀ ਜੇ ਅਣਖੀ ਲੋਕ ਅਪਣੀ ਚੁੱਪੀ ਤੋੜ ਕੇ ਮੌਜੂਦਾ ਹਾਲਾਤ ਨੂੰ ਵੇਲੇ ਸਿਰ ਸਮਝ ਕੇ ਇਕਜੁਟ ਹੋ ਜਾਣ ਤਾਂ ਆਉਣ ਵਾਲਾ ਸਮਾਂ ਸਹੀ ਕੀਤਾ ਜਾ ਸਕਦਾ ਹੈ! ਉਮੀਦ ਉੱਤੇ ਦੁਨੀਆ ਖੜੀ ਹੈ! ਔਰਤ ਨੂੰ ਕਦੋਂ ਇਸ਼ਤਿਹਾਰਾਂ ਵਿਚ ਸ਼ੈਅ ਵਜੋਂ ਵਿਖਾਉਣਾ ਬੰਦ ਕਰ ਕੇ ਰਿਸ਼ਤਿਆਂ ਦੇ ਨਿੱਘ ਦਾ ਆਧਾਰ ਮੰਨਣਾ ਸ਼ੁਰੂ ਕਰ ਕੇ ਘਰ ਵਿਚ ਸਹੀ ਅਰਥਾਂ ’ਚ ਬਰਾਬਰੀ ਦਾ ਦਰਜਾ ਦਿਆਂਗੇ?

28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ
ਫ਼ੋਨ ਨੰ : 0175-2216783 

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement