
ਡਾ. ਤੇਜਵੰਤ ਮਾਨ ਦੀ ਰਹਿਨੁਮਾਈ ਹੇਠ ਸੁਰਿੰਦਰਪਾਲ ਕੌਰ ਨੇ ਪੰਜਾਬੀ ਅਲੋਚਨਾ ਵਿਚ ਕਦਮ ਰਖਿਆ
SurinderPal Kaur: ਸਾਹਿਤ ਦੇ ਖੇਤਰ ਵਿਚ ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ, ਪ੍ਰਭਜੋਤ ਕੌਰ, ਅਜੀਤ ਕੌਰ, ਬਚਿੱਤ ਕੌਰ ਆਦਿ ਦੀ ਉਂਗਲ ਫੜ ਕੇ ਸਾਹਿਤ ਦੇ ਬਾਗ਼-ਬਗ਼ੀਚੇ ਵਿਚ ਅਪਣੇ-ਆਪ ਨੂੰ ਪਰਵੇਸ਼ ਕਰਨ ਵਾਲੀ, ਮਾਂ ਬੋਲੀ ਪੰਜਾਬੀ ਦੀ ਲਾਡਲੀ ਧੀ ਦਾ ਨਾਂ ਹੈ : ਸੁਰਿੰਦਰਪਾਲ ਕੌਰ। ਸੁਰਿੰਦਰਪਾਲ ਕੌਰ ਦਾ ਜਨਮ 6 ਦਸੰਬਰ, 1972 ਨੂੰ ਮਾਤਾ ਅਮਰਜੀਤ ਕੌਰ ਦੀ ਕੁੱਖੋਂ, ਪਿਤਾ ਮਨਜੀਤ ਸਿੰਘ ਦੇ ਘਰ, ਪਿੰਡ ਬੱਸੀਆਂ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਹ ਮਾਪਿਆਂ ਦੀ ਔਲਾਦ ਚਾਰ ਹਨ, ਜਿਨ੍ਹਾਂ ਦੇ ਨਾਮ ਸੁਖਵਿੰਦਰ ਕੌਰ, ਹਰਵਿੰਦਰ ਕੌਰ, ਸੁਰਿੰਦਰਪਾਲ ਕੌਰ, ਭੈਣਾਂ ਤੇ ਦਵਿੰਦਰ ਸਿੰਘ ਭਰਾ ਹੈ।
ਸੁਰਿੰਦਰਪਾਲ ਕੌਰ, ਦਾ ਵਿਆਹ 13 ਅਪ੍ਰੈਲ, 1997 ਨੂੰ ਪੰਜਾਬੀ ਦੇ ਪ੍ਰਸਿੱਧ ਲੇਖਕ ਪ੍ਰਿ੍ਰੰ: ਗੁਰਜਿੰਦਰ ਸਿੰਘ ਰਸੀਆ ਨਾਲ ਹੋਇਆ। ਉਨ੍ਹਾਂ ਦੇ ਘਰ ਬੇਟੀ ਗੁਰਅੰਮ੍ਰਿਤ ਕੌਰ ਤੇ ਬੇਟੇ ਗੁਰਸਿਮਰਨ ਸਿੰਘ ਦਾ ਜਨਮ ਹੋਇਆ। ਸੁਰਿੰਦਰਪਾਲ ਕੌਰ ਨੇ ਵਿਦਿਆ ਸਰਕਾਰੀ ਹਾਈ ਸਕੂਲ ਬੱਸੀਆਂ, ਸਵਾਮੀ ਗੰਗਾ ਗਿਰੀ ਗਰਲਜ਼ ਕਾਲਜ, ਰਾਏਕੋਟ, ਗੌਰਮਿੰਟ ਕਾਲਜ, ਲਧਿਆਣਾ, ਕੁਰੂਕਸ਼ੇਤਰ ਯੂਨੀਵਰਸਿਟੀ, (ਹਰਿਆਣਾ) ਵੱਖ-ਵੱਖ ਥਾਵਾਂ ਤੋਂ ਪ੍ਰਾਪਤ ਕੀਤੀ।
ਉਨ੍ਹਾਂ ਐਮ.ਏ (ਪੰਜਾਬੀ), ਬੀ.ਐੱਡ, ਐੱਮ.ਫਿਲ ਪੰਜਾਬੀ ਦੀ ਕੀਤੀ ਤੇ 1997 ਵਿਚ ਪ੍ਰਾਈਵੇਟ ਅਧਿਆਪਕਾ ਦੀ ਨੌਕਰੀ ਕਰਨ ਲੱਗੇ। ਉਹ ਜਮਾਤ ਵਿਚ ਬੱਚਿਆਂ ਨੂੰ ਉਸਾਰੂ ਵਿਦਿਆ ਪੜ੍ਹਾਉਣ ਦੇ ਨਾਲ ਉਨ੍ਹਾਂ ਵਿਚ ਚੰਗੀਆਂ ਅਤੇ ਉਸਾਰੂ ਕਦਰਾਂ ਕੀਮਤਾਂ ਸਿਖਾਉਣ ਵਿਚ ਅਤੇ ਵਿਦਿਆਰਥੀਆਂ ਦੇ ਅਮਲ ਵਿਚ ਲਿਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਸਕੂਲੀ ਬੱਚਿਆਂ ਨੂੰ ਚੰਗੀ ਤਾਲੀਮ ਦੇਣ ਦੇ ਨਾਲ ਉਨ੍ਹਾਂ ਵਿਚ ਸਾਹਿਤਕ ਰੁਚੀਆਂ ਪੈਦਾ ਕਰਨ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਹਨ ਜੋ ਇਕ ਅਧਿਆਪਕ ਦਾ ਫ਼ਰਜ਼ ਵੀ ਹੁੰਦਾ ਹੈ। ਅਪਣੀ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਉਣ ਦਾ।
ਸੁਰਿੰਦਰਪਾਲ ਕੌਰ ਅਪਣੇ ਵਿਦਿਆਰਥੀਆਂ ਨੂੰ ਅਪਣਾ ਕੀਮਤੀ ਸਰਮਾਇਆ ਸਮਝਦੀ ਹੈ। ਉਨ੍ਹਾਂ ਨੂੰ ਮਿਹਨਤ ਨਾਲ ਗੀਤ, ਗ਼ਜ਼ਲ, ਕਵਿਤਾ, ਕਵੀਸ਼ਰੀ ਤਿਆਰ ਕਰਵਾ ਕੇ ਮੁਕਾਬਲਿਆਂ ਵਿਚ ਲਿਜਾਂਦੀ ਹੈ। ਉਸ ਦੇ ਵਿਦਿਆਰਥੀਆਂ ਵਲੋਂ ਉਸ ਦੀ ਰਹਿਨੁਮਈ ਹੇਠ ਪ੍ਰਾਪਤ ਕੀਤੇ ਗਏ ਇਨਾਮਾਂ ਦੀ ਗਿਣਤੀ ਸੈਂਕੜੇ ਨਹੀਂ ਹਜ਼ਾਰਾਂ ਵਿਚ ਹੈ ਉਸ ਦੇ ਵਿਦਿਆਰਥੀ ਉਨ੍ਹਾਂ ਮੁਕਾਬਲਿਆਂ ਵਿਚ ਵੀ ਮੋਹਰੀ ਰਹਿੰਦੇ ਜਿਥੇ ਕੌਮੀ ਪੱਧਰ ਦੇ ਸਕੂਲ ਵਿਦਿਆਰਥੀ ਭਾਗ ਲੈਂਦੇ ਹਨ। ਸੁਰਿੰਦਰਪਾਲ ਦੇ ਪੇਕੇ ਪ੍ਰਵਾਰ ਵਿਚ ਕਿਸੇ ਨੂੰ ਸਾਹਿਤਕ ਸੰਗੀਤਕ ਰੁਚੀਆਂ ਨਾਲ ਜ਼ਿਆਦਾ ਲਗਾਅ ਨਹੀਂ ਸੀ
ਪਰ ਪਿਤਾ ਸਵ: ਸ. ਮਨਜੀਤ ਸਿੰਘ ਨੂੰ ਪੰਜਾਬੀ ਅਤੇ ਹਿੰਦੀ ਪੁਸਤਕਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਉਨ੍ਹਾਂ ਦੀ ਇਸ ਰੁਚੀ ਕਾਰਨ ਸੁਰਿੰਦਰਪਾਲ ਕੌਰ ਨੂੰ ਕਾਲਜ ਜੀਵਨ ਤੋਂ ਹੀ ਸਾਹਿਤ ਪੜ੍ਹਨ ਦਾ ਸ਼ੌਕ ਪੈ ਗਿਆ। ਉਸ ਨੇ ਸਵਾਮੀ ਗੰਗਾ ਗਿਰੀ ਕਾਲਜ ਵਿਚ ਪੜ੍ਹਦਿਆਂ ਕਾਲਜ ਦੀ ਲਾਇਬਰੇਰੀਅਨ ਮੈਡਮ ਸੁਰਿੰਦਰ ਕੌਰ ਗਿੱਲ ਦੀ ਪ੍ਰੇਰਣਾ ਨਾਲ ਅਣਗਿਣਤ ਪੁਸਤਕਾਂ ਪੜ੍ਹੀਆਂ ਜਿਨ੍ਹਾਂ ਰਾਹੀਂ ਉਸ ਦੀ ਸਾਹਿਤਕ ਸੂਝ-ਬੂਝ ਨਿਖਰੀ। ਉਸੇ ਕਾਲਜ ਦੀ ਪੰਜਾਬੀ ਲੈਕਚਰਾਰ ਸ੍ਰੀਮਤੀ ਸੁਰਿੰਦਰ ਗਿੱਲ, ਮੈਡਮ ਹਰਿੰਦਰ ਕੌਰ ਸੋਹੀ, ਮੈਡਮ ਸੁਰਿੰਦਰ ਕੌਰ ਪੰਧੇਰ ਦੀ ਯੋਗ ਰਹਿਨੁਮਾਈ ਨਾਲ ਸੁਰਿੰਦਰਪਾਲ ਕੌਰ ਨੇ ਖੁਲ੍ਹੀ ਕਵਿਤਾ ਲਿਖਣੀ ਸ਼ੁਰੂ ਕੀਤੀ।
ਉਨ੍ਹਾਂ ਕਵਿਤਾਵਾਂ ਨੂੰ ਹੀ ਵਿਆਹ ਤੋਂ ਬਾਅਦ ਸਾਹਿਤਕ ਰੁਚੀਆਂ ਦੇ ਮਾਲਕ ਉਨ੍ਹਾਂ ਦੇ ਪਤੀ ਸ. ਗੁਰਜਿੰਦਰ ਸਿੰਘ ਰਸੀਆ ਨੇ ਪੁਸਤਕ ‘ਅੰਨੀ ਰੌਸ਼ਨੀ’ ਦੇ ਨਾਂ ਹੇਠ ਛਪਵਾਇਆ। ਸੁਰਿੰਦਰਪਾਲ ਕੌਰ ਤਹਿ ਦਿਲੋਂ ਮੰਨਦੀ ਹੈ ਕਿ ਲੋਕ ਪੱਖੀ ਵਿਚਾਰਧਾਰਾ ਵਲ ਪ੍ਰੇਰਿਤ ਕਰਨ ਵਿਚ ਸੱਭ ਤੋਂ ਵੱਡਾ ਯੋਗਦਾਨ ਮੈਡਮ ਸੁਰਿੰਦਰ ਗਿੱਲ ਦਾ ਹੈ। ਸੁਰਿੰਦਰਪਾਲ ਕੌਰ ਅਪਣੇ ਮੂੰਹੋਂ ਇਹ ਗੱਲ ਕਹਿੰਦੀ ਹੈ ਕਿ ਉਨ੍ਹਾਂ ਨੇ ਜੀਵਨ ਦੀਆਂ ਤੰਗੀਆਂ-ਤੁਰਸ਼ੀਆਂ ਨਾਲ ਲੜਨਾ ਸਿਖਾਇਆ। ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ, ਅਮੀਰ-ਗ਼ਰੀਬ ਦੇ ਪਾੜ੍ਹੇ, ਅਨਿਆਂ ਅਤੇ ਅਸਮਾਨਤਾ ਵਿਰੁਧ ਡਟਣਾ ਅਤੇ ਕਲਮ ਦੇ ਹਥਿਆਰ ਰਾਹੀਂ ਲੜਨਾ ਸਿਖਾਇਆ। ਸੁਰਿੰਦਰਪਾਲ ਦੀਆਂ ਇਨ੍ਹਾਂ ਰੁਚੀਆਂ ਨੂੰ ਸਹੁਰੇ ਪ੍ਰਵਾਰ ਵਿਚ ਆ ਕੇ ਭਰਪੂਰ ਹੁੰਗਾਰਾ ਮਿਲਿਆ।
ਡਾ. ਤੇਜਵੰਤ ਮਾਨ ਦੀ ਰਹਿਨੁਮਾਈ ਹੇਠ ਸੁਰਿੰਦਰਪਾਲ ਕੌਰ ਨੇ ਪੰਜਾਬੀ ਅਲੋਚਨਾ ਵਿਚ ਕਦਮ ਰਖਿਆ। ਉਸ ਨੇ ਅਪਣੀ ਐਮ. ਫ਼ਿਲ. ਦੀ ਪੜ੍ਹਾਈ ਪ੍ਰਸਿੱਧ ਪੰਜਾਬੀ ਲੇਖਕ ਅਤੇ ਕਹਾਣੀਕਾਰ ਗੁਰਮੇਲ ਮਡਾਹੜ ਦੀਆਂ ਸਾਰੀਆਂ ਕਿਤਾਬਾਂ ਬਾਰੇ ਕੀਤੀ। ਉਸ ਦਾ ਥੀਸਿਸ ‘‘ਗੁਰਮੇਲ ਮਡਾਹੜ ਦੀਆਂ ਕਹਾਣੀਆਂ ਦਾ ਅਲੋਚਨਾਮਕ ਅਧਿਐਨ” ਹੈ। ਇਸ ਪੜ੍ਹਾਈ ਨੂੰ ਪੂਰ ਚੜ੍ਹਾਉਣ ਲਈ ਸੁਰਿੰਦਰਪਾਲ ਕੌਰ ਨੂੰ ਜਿਥੇ ਡਾਕਟਰ ਤੇਜਵੰਤ ਮਾਨ ਨੇ ਅਧਿਆਪਕ ਗਾਈਡ ਦੇ ਤੌਰ ’ਤੇ ਉਸ ਨੂੰ ਬਹੁਤ ਪ੍ਰੇਰਣਾ ਦਿਤੀ, ਉਥੇ ਉਸ ਦੇ ਪਤੀ ਸ. ਗੁਰਜਿੰਦਰ ਸਿੰਘ ਰਸੀਆ ਨੇ ਮੋਢੇ ਨਾਲ ਮੋਢਾ ਜੋੜ ਕੇ ਇਸ ਪੜ੍ਹਾਈ ਨੂੰ ਪੂਰ ਚਾੜ੍ਹਨ ਲਈ ਦਿਨ-ਰਾਤ ਇਕ ਕਰ ਦਿਤਾ।
ਸੁਰਿੰਦਰਪਾਲ ਕੌਰ ਨੇ ਅਣਗਿਣਤ ਅਲੋਚਨਾ ਪੇਪਰ ਅਤੇ ਨੈਤਿਕ ਕਦਰਾਂ ਕੀਮਤਾਂ ਬਾਰੇ ਲਿਖੇ ਲੇਖ ਪੰਜਾਬੀ ਦੇ ਸਿਰਮੌਰ ਅਖ਼ਬਾਰਾਂ ਵਿਚ ਛਪਦੇ ਰਹਿੰਦੇ ਹਨ। ਅੱਜ-ਕਲ ਉਨ੍ਹਾਂ ਦੇ ਲੇਖ ਵਿਦੇਸ਼ਾਂ (ਕੈਨੇਡਾ-ਅਮਰੀਕਾ) ਦੇ ਪੰਜਾਬੀ ਅਖ਼ਬਾਰਾਂ ਵਿਚ ਛਪ ਰਹੇ ਹਨ। ਸੁਰਿੰਦਰਪਾਲ ਕੌਰ ਕਵਿਤਾ, ਵਾਰਤਕ, ਨਿਬੰਧ ਲਿਖਦੇ ਹਨ ਅਤੇ ਅਲੋਚਨਾ ਪੇਪਰ, ਲਿਖਣ ਪੜ੍ਹਨ ਦੇ ਮਾਹਿਰ ਹਨ। ਸਾਹਿਤਕ ਸਮਾਗਮਾਂ ਵਿਚ ਉਨ੍ਹਾਂ ਅਪਣੇ ਅਨੇਕਾਂ ਪੇਪਰ ਕਿਤਾਬਾਂ ਤੇ ਲਿਖੇ ਪੜ੍ਹੇ, ਹਨ ਜੋ ਕਿ ਬਹੁਤ ਸਲਾਹੇ ਗਏ ਹਨ।
ਅਲੋਚਨਾ ਕਰਦੇ ਉਹ ਕਿਸੇ ਦਾ ਪੱਖ-ਪਾਤ ਨਹੀਂ ਕਰਦੇ, ਕਿਸੇ ਦੀ ਕਿਤਾਬ ਦੀ ਝੂਠੀ ਪ੍ਰਸ਼ੰਸਾ ਨਹੀਂ ਕਰਦੇ, ਸਗੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰ ਧਰਦੇ ਹਨ। ਅਲੋਚਨਾ ਦੇ ਖੇਤਰ ਵਿਚ ਉਨ੍ਹਾਂ ਦਾ ਨਾਮ ਉਂਗਲਾਂ ਤੇ ਗਿਣੇ ਜਾਣ ਵਾਲੇ ਅਲੋਚਕਾਂ ਵਿਚੋਂ ਇਕ ਹੈ। ਲੇਖਕਾ ‘ਅੰਨ੍ਹੀ ਰੋਸ਼ਨੀ’, (ਕਾਵਿ ਸੰਗ੍ਰਹਿ) ਨਾਲ ਸਾਹਿਤ ਜਗਤ ਵਿਚ ਪਰਵੇਸ਼ ਕੀਤਾ। ਉਨ੍ਹਾਂ ਦੀ ਅੰਨ੍ਹੀ ਰੋਸ਼ਨੀ ਦੀ ਰੋਸ਼ਨੀ ਸਾਹਿਤਕ ਖੇਤਰਾਂ ਵਿਚ ਫੈਲ ਗਈ ਜਿਸ ਨਾਲ ਸੁਰਿੰਦਰਪਾਲ ਕੌਰ ਦਾ ਨਾਂ ਸਾਹਿਤਕ ਖੇਤਰਾਂ ਵਿਚ ਬੜੇ ਮਾਣ ਨਾਲ ਲਿਆ ਜਾਣ ਲੱਗ ਪਿਆ। ਪਾਠਕਾਂ ਦੇ ਮਿਲੇ ਪ੍ਰਸ਼ੰਸਾ ਪੱਤਰ ਨਾਲ ਉਨ੍ਹਾਂ ਦੇ ਹੌਂਸਲੇ ਨੂੰ ਬਹੁਤ ਬਲ ਮਿਲਿਆ। ਅੱਜਕਲ ਉਨ੍ਹਾਂ ਨਿਰਮਲ ਸਿੰਘ ਕਾਹਲੋਂ ਦੀਆਂ ਛੇ ਕਿਤਾਬਾਂ ਦੀ ਸੰਪਾਦਨਾ ਕਰੀ ਹੈ।
‘ਕਾਵਿ ਕਲਾ’ (ਅਲੋਚਨਾਤਮਕ ਅਧਿਐਨ) ਕੀਤਾ ਹੈ। ਇਸੇ ਤਰ੍ਹਾਂ ਕੁੱਝ ਹੋਰ ਕਿਤਾਬਾਂ ਅਣ-ਪ੍ਰਕਾਸ਼ਤ ਪਈਆਂ ਹਨ ਤੇ ਕੁੱਝ ਹੋਰ ਕਿਤਾਬਾਂ ਤੇ ਵੀ ਕੰਮ ਹੋ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀਆਂ ਅਖ਼ਬਾਰਾਂ, ਮੈਗਜ਼ੀਨਾਂ, ਮੰਥਲੀ ਛਪਣ ਵਾਲੇ ਰਸਾਲਿਆਂ ਵਿਚ ਵੀ ਰਚਨਾਵਾਂ ਛਪਦੀਆਂ ਹੀ ਰਹਿੰਦੀਆਂ ਹਨ। ਸੁਰਿੰਦਰਪਾਲ ਕੌਰ ਬਹੁਤ ਖ਼ੂਬਸੂਰਤ ਤੇ ਵਜ਼ਨਦਾਰ ਵਿਚਾਰਧਾਰਾ ਦੀ ਮਾਲਕ ਹੈ।
ਉਸ ਦੇ ਵਿਚਾਰ ਪਾਠਕ ਤੇ ਅਪਣਾ ਪ੍ਰਭਾਵ ਛਡਦੇ ਹਨ ਜੋ ਪਾਠਕ ਨੂੰ ਸੱਚਾਈ ਦਾ ਰਸਤਾ ਦਿਖਾਉਂਦੇ ਹਨ। ਉਹ ਦਿਨ ਦੂਰ ਨਹੀਂ ਜਦੋਂ ਸਾਡੀ ਭੈਣ ਸੁਰਿੰਦਰਪਾਲ ਕੌਰ ਦਾ ਨਾਂ ਸਾਹਿਤ ਜਗਤ ਵਿਚ ਧਰੂ ਤਾਰੇ ਵਾਂਗ ਚਮਕੇਗਾ। ਪ੍ਰਮਾਤਮਾ ਉਨ੍ਹਾਂ ਨੂੰ ਲੰਮੀ ਉਮਰ ਬਖ਼ਸ਼ੇ ਤਾਂ ਜੋ ਮਾਂ ਬੋਲੀ ਦੀ ਪਿਆਰੀ ਧੀ ਅਪਣਾ ਫ਼ਰਜ਼ ਨਿਭਾਉਂਦੀ ਹੋਈ, ਸਾਹਿਤਕ ਖੇਤਰ ਵਿਚ ਅਜਿਹੀਆਂ ਪੈੜਾਂ ਪਾਵੇ ਜੋ ਮਾਂ ਬੋਲੀ ਦੇ ਪਿਆਰਿਆਂ ਲਈ ਲਾਭਦਾਇਕ ਸਿੱਧ ਹੋਵੇ ਤੇ ਪ੍ਰਸਿੱਧ ਲੇਖਕਾਵਾਂ, ਕਵਿਤਰੀਆਂ ਵਿਚ ਉਨ੍ਹਾਂ ਦਾ ਨਾਮ ਅਦਬ ਨਾਲ ਲਿਆ ਜਾਇਆ ਕਰੇ।
-ਦਰਸ਼ਨ ਸਿੰਘ ਪ੍ਰੀਤੀਮਾਨ, ਰਾਮਪੁਰਾ।
ਮੋ: 98786-06963