
ਮਨਜੀਤ ਟਿਵਾਣਾ ਦੀ ਪਹਿਲੀ ਕਾਵਿ ਪੁਸਤਕ ਇਲਹਾਮ 1976 ਵਿਚ ਪ੍ਰਕਾਸ਼ਤ ਹੋਈ।
ਡਾ. ਮਨਜੀਤ ਟਿਵਾਣਾ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਪੰਜਾਬੀ ਦੀ ਮਸ਼ਹੂਰ ਕਵਿਤਰੀ ਹਨ। ਉਨ੍ਹਾਂ ਦੀ ਪਹਿਲੀ ਕਵਿਤਾ ਅੰਮ੍ਰਿਤਾ ਪ੍ਰੀਤਮ ਦੁਆਰਾ ਸੰਪਾਦਿਤ ਨਾਗਮਣੀ ਵਿਚ ਪ੍ਰਕਾਸ਼ਿਤ ਹੋਈ ਸੀ। ਮਨਜੀਤ ਟਿਵਾਣਾ ਨੇ ਪੰਜਾਬ ਯੂਨੀਵਰਸਟੀ, ਚੰਡੀਗੜ੍ਹ ਤੋਂ ਸਾਈਕਾਲੋਜੀ ਅਤੇ ਅੰਗਰੇਜ਼ੀ ਵਿਚ ਕ੍ਰਮਵਾਰ 1969 ਅਤੇ 1973 ਵਿਚ ਐਮ.ਏ. ਕੀਤੀ ਅਤੇ ਸਾਈਕਾਲੋਜੀ 'ਚ ਪੀ.ਐਚ.ਡੀ. 1984 ਵਿਚ ਕੀਤੀ। ਉਨ੍ਹਾਂ ਨੇ 1975 ਵਿਚ ਭਾਰਤੀ ਥੀਏਟਰ (ਐਕਟਿੰਗ ਅਤੇ ਨਿਰਦੇਸ਼ਨ) ਵਿਚ ਡਿਪਲੋਮਾ ਵੀ ਕੀਤਾ ਸੀ। ਉਨ੍ਹਾਂ ਦੀ ਕਾਵਿ ਪੁਸਤਕ 'ਉਨੀਂਦਾ ਵਰਤਮਾਨ' ਨੂੰ 1990 ਵਿਚ ਸਾਹਿਤ ਅਕਾਦਮੀ ਇਨਾਮ ਮਿਲਿਆ ਸੀ।
Manjeet Tiwana
ਮਨਜੀਤ ਟਿਵਾਣਾ ਦੀ ਪਹਿਲੀ ਕਾਵਿ ਪੁਸਤਕ ਇਲਹਾਮ 1976 ਵਿਚ ਪ੍ਰਕਾਸ਼ਤ ਹੋਈ। ਇਹ ਪੁਸਤਕ ਉਸ ਸਮੇਂ ਪ੍ਰਕਾਸ਼ਤ ਹੋਈ ਸੀ ਜਿਸ ਸਮੇਂ ਨਾਰੀਵਾਦ ਦੀ ਦੂਸਰੀ ਲਹਿਰ ਪੂਰੇ ਜ਼ੋਰਾਂ 'ਤੇ ਸੀ। ਟਿਵਾਣਾ ਉਸ ਕੱਟੜ ਨਾਰੀਵਾਦ ਨੂੰ ਅਪਣਾ ਲੈਂਦੀ ਹੈ ਜੋ ਸਮਾਜ ਨੂੰ ਨਕਾਰ ਕੇ ਕਿਸੇ ਅਲੱਗ ਟਿਕਾਣੇ ਦੀ ਭਾਲ ਵਿਚ ਹੈ। ਉਹ ਹੁਣ ਤਕ ਰੈਡੀਕਲ ਕਵਿਤਰੀ ਦੇ ਤੌਰ 'ਤੇ ਸਥਾਪਤ ਕੀਤੀ ਗਈ ਹੈ ਪਰ ਉਸ ਦੀ ਸੋਚ ਬਹੁਤ ਥਾਵਾਂ 'ਤੇ ਅਪਣੀਆਂ ਪੁਰਾਣੀਆਂ ਧਾਰਨਾਵਾਂ ਨੂੰ ਤੋੜਦੀ ਨਜ਼ਰ ਆਉਂਦੀ ਹੈ।
ਟਿਵਾਣਾ ਕਾਵਿ ਨੂੰ ਜਦੋਂ ਉੱਤਰ-ਨਾਰੀਵਾਦੀ ਚੌਖਟੇ ਰਾਹੀਂ ਅਧਿਐਨ ਦੀ ਵਸਤੂ ਵਜੋਂ ਨਿਹਾਰਦੇ ਹਾਂ ਤਾਂ ਉੱਤਰ-ਨਾਰੀਵਾਦ ਇਸ ਵਿਚਾਰ ਦੀ ਪ੍ਰੋੜ੍ਹਤਾ ਕਰਦਾ ਹੈ ਕਿ ਔਰਤ ਅਤੇ ਮਰਦ ਸਮਾਜ ਦੇ ਅਟੁੱਟ ਹਿੱਸੇ ਹਨ। ਇਹ ਦੋਵੇਂ ਸਮਾਜ ਤੋਂ ਬਾਹਰ ਅਪਣੀ ਹੋਂਦ ਨੂੰ ਸਥਾਪਤ ਨਹੀਂ ਕਰ ਸਕਦੇ ਪਰ ਟਿਵਾਣਾ ਦੀ ਕਵਿਤਾ ਨਾਰੀਵਾਦ ਦੇ ਪ੍ਰਭਾਵ ਹੇਠ ਰਚੀ ਗਈ ਹੈ। ਇਸ ਉੱਤਰ-ਨਾਰੀਵਾਦੀ ਵਿਚਾਰ ਅਨੁਸਾਰ ਟਿਵਾਣਾ ਵੀ ਬਹੁਤ ਥਾਵਾਂ 'ਤੇ ਸਮੁੱਚੀ ਮਰਦ ਜਾਤੀ ਨੂੰ ਨਕਾਰਦੀ ਹੈ ਪਰ ਅਪਣੀ ਅਗਲੇਰੀ ਪੁਸਤਕ ਵਿਚ ਹੀ ਉਸੇ ਮਰਦ ਦੀ ਉਡੀਕ ਕਰਦੀ ਹੈ। ਉਦਾਹਰਣ ਲਈ ਇਲਜ਼ਾਮ ਪੁਸਤਕ ਵਿਚ 'ਪਤੀ' ਕਵਿਤਾ ਵਿਚ ਮਰਦ ਨੂੰ ਨਕਾਰਦੀ ਹੈ:
ਪਤੀ ਇਕ ਭੁੱਖਾ ਭੇੜੀਆ ਹੈ
ਜੋ ਤੁਹਾਨੂੰ ਹੋਰ ਭੇੜੀਆਂ ਤੋਂ ਤਾਂ
ਬਚਾ ਲੈਦਾ ਹੈ
ਪਰ ਆਪ...
..........................
ਉਸ ਵਕਤ ਤੁਸੀਂ ਭਮੱਤਰੇ ਹੋਏ
ਆਪਾ ਲੱਭਣ ਦੀ ਕੋਸ਼ਿਸ਼ ਕਰਦੇ ਹੋ
ਪਤੀ ਇਕ...
ਇਸ ਤਰ੍ਹਾਂ ਉਹ ਅੱਗ ਦੇ ਮੋਤੀ ਕਾਵਿ ਪੁਸਤਕ ਵਿਚ ਉਸੇ ਪਤੀ ਦੀ ਉਡੀਕ ਕਰਦੀ ਹੈ:
ਡੋਲੀ
ਕਹਾਰ
ਸ਼ਗਨ
ਵਿਦਾਇਗੀ
ਦੁਲਹਨ
ਜਹਾਨ
ਸਭ ਕਝ ਹੈ ਸਿਰਫ਼ ਲਾੜਾ ਹੀ ਨਹੀਂ
Dr manjeet Tiwana
ਟਿਵਾਣਾ ਪੰਜਾਬੀ ਕਾਵਿ ਵਿਚ ਵਿਦਰੋਹੀ ਕਵਿੱਤ੍ਰੀ ਵਜੋਂ ਜਾਣੀ ਜਾਂਦੀ ਹੈ ਪਰ ਉਸ ਦਾ ਬਹੁਤ ਸਾਰਾ ਕਾਵਿ ਅਜਿਹਾ ਹੈ ਜਿਸ ਵਿਚ ਉਹ ਮਰਦ ਪ੍ਰੇਮ ਲਈ ਬਹੁਤ ਤੜਪ ਮਹਿਸੂਸ ਕਰ ਰਹੀ ਹੈ। ਉਸ ਦੇ ਕਾਵਿ ਵਿਚ ਮਰਦ ਪ੍ਰਤੀ ਵਿਦਰੋਹ ਦੀ ਸੁਰ ਬਹੁਤ ਉੱਚੀ ਹੈ ਪਰ ਜਦੋਂ ਉਸ ਦੀ ਗ਼ੈਰਹਾਜ਼ਰੀ ਨੂੰ ਮਹਿਸੂਸ ਕਰਦੀ ਹੈ ਤਾਂ ਉਸ ਨੂੰ ਅਪਣੀ ਹਾਲਤ ਦਾ ਗਿਆਨ ਹੁੰਦਾ ਹੈ। ਜਿਸ ਮਰਦ ਨੂੰ ਉਹ ਭੁੱਖਾ ਭੇੜੀਆ ਪੁਕਾਰਦੀ ਹੈ ਉਸੇ ਹੀ ਮਰਦ ਨੂੰ ਉਹ ਦੋਸਤ, ਬਾਪ, ਨੀਲਾਂਬਰ ਅਤੇ ਪਿਆਰ ਦੀ ਨਜ਼ਰ ਨਾਲ ਵੇਖਦੀ ਹੈ।
ਰਚਨਾਵਾਂ
ਕਾਵਿ ਸੰਗ੍ਰਹਿ
ਇਲਹਾਮ (1976)
ਇਲਜ਼ਾਮ (1980)
ਉਨੀਂਦਾ ਵਰਤਮਾਨ
ਤਾਰਿਆਂ ਦੀ ਜੋਤ (1982)
ਹੋਰ ਰਚਨਾਵਾਂ
ਸਵਿਤਰੀ (ਪ੍ਰਬੰਧ ਕਾਵਿ)
ਸਤਮੰਜ਼ਿਲਾ ਸਮੁੰਦਰ (ਨਾਵਲ)
ਸਨਮਾਨ