ਚੜ੍ਹਦੇ ਅਤੇ ਲਹਿੰਦੇ ਦੋਹਾਂ ਪੰਜਾਬਾਂ 'ਚ ਮਕਬੂਲ ਅਫ਼ਜ਼ਲ ਅਹਿਸਨ ਰੰਧਾਵਾ
Published : Sep 24, 2020, 8:11 am IST
Updated : Sep 24, 2020, 8:11 am IST
SHARE ARTICLE
Afzal Ahsan Randhawa
Afzal Ahsan Randhawa

ਪੰਜਾਬੀ ਤੋਂ ਛੁਟ ਰੰਧਾਵਾ ਉਰਦੂ ਅਤੇ ਅੰਗਰੇਜ਼ੀ ਦਾ ਵੀ ਚੰਗਾ ਲੇਖਕ ਸੀ

ਅਫ਼ਜ਼ਲ ਅਹਿਸਨ ਰੰਧਾਵਾ (1 ਸਤੰਬਰ, 1937-18 ਸਤੰਬਰ, 2017) ਪਾਕਿਸਤਾਨ ਦੇ ਆਧੁਨਿਕ ਪੰਜਾਬੀ ਸਾਹਿਤ ਦੇ ਪ੍ਰਸਿੱਧ ਗਲਪਕਾਰ ਸਨ। ਅਫ਼ਜ਼ਲ ਅਹਿਸਨ ਰੰਧਾਵਾ ਦਾ ਜਨਮ ਪਹਿਲੀ ਸਤੰਬਰ 1937 ਨੂੰ ਅੰਮ੍ਰਿਤਸਰ ਵਿਚ ਹੋਇਆ। ਉਸ ਸਮੇਂ ਉਨ੍ਹਾਂ ਦੇ ਪਿਤਾ ਇਥੇ ਪੁਲਿਸ ਵਿਚ ਥਾਣੇਦਾਰ ਸਨ। ਮਾਪਿਆਂ ਨੇ ਉਨ੍ਹਾਂ ਦਾ ਨਾਂ ਮੁਹੰਮਦ ਅਫ਼ਜ਼ਲ ਰਖਿਆ ਪਰ ਉਹ ਅਪਣੇ ਕਲਮੀ ਨਾਂ ਅਫ਼ਜ਼ਲ ਅਹਿਸਨ ਰੰਧਾਵਾ ਵਜੋਂ ਮਸ਼ਹੂਰ ਹੋਇਆ। ਅਫ਼ਜ਼ਲ ਰੰਧਾਵਾ ਦਾ ਜੱਦੀ ਪਿੰਡ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਨਾਰੋਵਾਲ ਵਿਚ ਕਿਆਮਪੁਰ ਹੈ ਜਿਹੜਾ ਰਾਵੀ ਤੋਂ ਪਾਰ ਕਰਤਾਰਪੁਰ ਦੇ ਨੇੜੇ ਹੈ।

Pakistan Pakistan

ਅਪਣੇ ਪਿੰਡ ਵਿਚ ਜ਼ਮੀਨ ਦੀ ਦੇਖ-ਭਾਲ ਅਤੇ ਵਕਾਲਤ 'ਚੋਂ ਸਮਾਂ ਕੱਢ ਕੇ ਉਨ੍ਹਾਂ ਨੇ ਅਪਣੇ ਆਪ ਨੂੰ ਪੂਰੀ ਤਰ੍ਹਾਂ ਪੜ੍ਹਨ-ਲਿਖਣ ਨਾਲ ਜੋੜਿਆ ਹੋਇਆ ਸੀ। ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਵਿਚ ਹੁਣ ਤਕ ਉਨ੍ਹਾਂ ਦੀਆਂ ਇਕ ਦਰਜਨ ਪੁਸਤਕਾਂ ਛਪ ਚੁਕੀਆਂ ਹਨ। ਗਲਪ ਦੇ ਖੇਤਰ ਵਿਚ ਦੀਵਾ ਤੇ ਦਰਿਆ (1961), ਦੁਆਬਾ (1981), ਸੂਰਜ ਗ੍ਰਹਿਣ (1985), ਪੰਧ (1998) ਨਾਮੀ ਨਾਵਲ ਅਤੇ ਰੰਨ, ਤਲਵਾਰ ਤੇ ਘੋੜਾ (1973), ਮੁੰਨਾ ਕੋਹ ਲਾਹੌਰ (1989) ਨਾਮੀ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਕਵਿਤਾ ਦੇ ਖੇਤਰ ਵਿਚ 'ਸ਼ੀਸ਼ਾ ਇਕ ਲਿਸ਼ਕਾਰੇ ਦੋ' (1965), 'ਰੱਤ ਦੇ ਚਾਰ ਸਫ਼ਰ' (1975), 'ਪੰਜਾਬ ਦੀ ਵਾਰ' (1979), 'ਮਿੱਟੀ ਦੀ ਮਹਿਕ' (1983), 'ਪਿਆਲੀ ਵਿਚ ਅਸਮਾਨ' (1983), 'ਛੇਵਾਂ ਦਰਿਆ' (1997) ਛਪ ਚੁੱਕੇ ਹਨ।

Partition 1947Partition 1947

ਇਸ ਤੋਂ ਇਲਾਵਾ 'ਸੱਪ ਸ਼ੀਂਹ' ਤੇ 'ਫ਼ਕੀਰ' ਵਰਗੇ ਨਾਟਕ ਟੀ.ਵੀ. ਉਪਰ ਨਸ਼ਰ ਹੋ ਚੁੱਕੇ ਹਨ। ਇਸ ਨਾਲ ਹੀ ਅੱਧੀ ਦਰਜਨ ਅਨੁਵਾਦ ਵੀ ਛਪ ਚੁੱਕੇ ਹਨ ਜਿਨ੍ਹਾਂ ਵਿਚੋਂ ਟੁੱਟ-ਭੱਜ (ਅਫ਼ਰੀਕੀ ਨਾਵਲ), ਤਾਰੀਖ ਨਾਲ ਇੰਟਰਵਿਊ (ਯੂਨਾਨੀ), ਕਾਲਾ ਪੈਂਡਾ (19 ਅਫ਼ਰੀਕੀ ਮੁਲਕਾਂ ਦੀਆਂ 82 ਕਵਿਤਾਵਾਂ ਅਤੇ ਅਮਰੀਕਾ ਦੇ 19 ਕਾਲੇ ਕਵੀਆਂ ਦੀਆਂ ਨਜ਼ਮਾਂ ਦੀ ਚੋਣ) ਅਤੇ 'ਪਹਿਲਾਂ ਦੱਸੀ ਗਈ ਮੌਤ ਦਾ ਰੋਜ਼ਨਾਮਚਾ' (ਹਿਸਪਾਨਵੀ ਨਾਵਲ) ਆਦਿ ਖ਼ਾਸ ਤੌਰ 'ਤੇ ਵਰਣਨਯੋਗ ਹਨ।
ਅਫ਼ਜ਼ਲ ਅਹਿਸਨ ਰੰਧਾਵਾ ਨੂੰ ਇਸ ਗੱਲ ਤੇ ਬਹੁਤ ਮਾਣ ਸੀ ਕਿ ਉਨ੍ਹਾਂ ਦੇ ਜੱਦੀ ਪਿੰਡ ਕਿਆਮਪੁਰ ਦੇ ਨੇੜੇ ਹੀ ਕਰਤਾਰਪੁਰ ਦਾ ਉਹ ਪਵਿੱਤਰ ਅਸਥਾਨ ਹੈ ਜਿਸ ਨੂੰ ਗੁਰੂ ਨਾਨਕ ਦੇਵ ਨੇ ਵਸਾਇਆ ਸੀ। 1947 ਤੋਂ ਪਿਛੋਂ ਕੋਈ ਵਿਰਲਾ ਹੀ ਸਿੱਖ ਇਸ ਭੂਮੀ ਦੇ ਦਰਸ਼ਨ ਕਰ ਸਕਿਆ ਹੈ।

Guru Nanak DeviGuru Nanak Devi

ਪਰ ਰੰਧਾਵਾ ਜਦ ਵੀ ਪਿੰਡ ਜਾਂਦੇ ਤਾਂ ਉਹ ਬੜੀ ਸ਼ਰਧਾ ਨਾਲ ਬਾਬੇ ਨਾਨਕ ਦੀ ਵਰੋਸਾਈ ਹੋਈ ਧਰਤੀ, ਬਾਬੇ ਨਾਨਕ ਦੀ ਯਾਦ ਵਿਚ ਉਸਾਰੇ ਗੁਰਦੁਆਰੇ ਨੂੰ ਪ੍ਰਣਾਮ ਕਰਦੇ। ਅਜਿੱਤੇ ਰੰਧਾਵੇ ਦੀ ਬਾਬਾ ਨਾਨਕ ਨਾਲ ਹੋਈ ਮੁਲਾਕਾਤ ਦੀ ਸਾਖੀ ਪੜ੍ਹ ਕੇ ਉਹ ਖ਼ੁਸ਼ੀ ਵਿਚ ਫੁਲਿਆ ਨਹੀਂ ਸਮਾਉਂਦੇ। ਉਹ ਮਹਿਸੂਸ ਕਰਦੇ ਹਨ ਕਿ ਜਿਵੇਂ ਅਜਿੱਤਾ ਰੰਧਾਵਾ ਉਨ੍ਹਾਂ ਦੇ ਵਡਿਕਿਆਂ ਵਿਚੋਂ ਹੀ ਹੋਵੇ। ਉਨ੍ਹਾਂ ਨੂੰ ਕਰਤਾਰਪੁਰ ਦੀ ਧਰਤੀ ਦੇ ਚੱਪੇ-ਚੱਪੇ ਵਿਚੋਂ ਬਾਬਾ ਨਾਨਕ ਦੀ ਰੱਬੀ ਬਾਣੀ ਰਾਹੀਂ ਸਾਂਝੀਵਾਲਤਾ, ਪਿਆਰ ਅਤੇ 'ਏਕ ਪਿਤਾ ਏਕਸ ਦੇ ਹਮ ਬਾਰਕ' ਦਾ ਸੰਦੇਸ਼ ਸੁਣਾਈ ਦਿੰਦਾ ਹੋਵੇ। ਇਸ ਪੈਗ਼ਾਮ ਨੂੰ ਉਹ ਅਪਣੀਆਂ ਰਚਨਾਵਾਂ ਦਾ ਆਧਾਰ ਵੀ ਬਣਾਉਂਦੇ ਹਨ।

Partition 1947Partition 1947

1947 ਤੋਂ ਪਹਿਲਾਂ ਅਤੇ ਪਿਛੋਂ ਪੰਜਾਬ ਦੀ ਜਿਹੜੀ ਤਸਵੀਰ ਉਨ੍ਹਾਂ ਦੀਆਂ ਰਚਨਾਵਾਂ ਵਿਚੋਂ ਨਿਖਰ ਕੇ ਸਾਹਮਣੇ ਆਈ ਹੈ, ਉਸ ਵਿਚ ਉਨ੍ਹਾਂ ਬਹਾਦਰ ਸਿੰਘ, ਸਿੰਘਣੀਆਂ ਅਤੇ ਯੋਧਿਆਂ ਦਾ ਵਰਣਨ ਹੈ ਜਿਹੜੇ ਅਪਣੀ ਅਣਖ ਦੀ ਖ਼ਾਤਰ ਮਰ ਮਿਟਦੇ ਹਨ। ਜਿਹੜੇ ਲੋਕ ਪੰਜਾਬੀ ਬੋਲੀ ਤੇ ਸਾਹਿਤ ਨੂੰ ਧਰਮ ਨਾਲ ਜੋੜ ਕੇ ਵੇਖਦੇ ਹਨ, ਉਹ ਉਸ ਨੂੰ ਪਾਕਿਸਤਾਨ ਅਤੇ ਇਸਲਾਮ ਦੇ ਵਿਰੋਧੀ ਵਜੋਂ ਵੇਖ ਕੇ ਰੰਧਾਵਾ ਉਪਰ 'ਪਾਕਿਸਤਾਨੀ ਸਿੱਖ' ਹੋਣ ਦਾ ਲੇਬਲ ਲਾਉਂਦੇ ਹਨ। ਅਜਿਹੇ ਪਿਛੋਕੜ ਵਿਚ ਅਫ਼ਜ਼ਲ ਰੰਧਾਵਾ ਇਕ ਅਜਿਹਾ ਸੂਰਮਾ ਹੈ ਜਿਹੜਾ ਅਪਣੀ ਕਲਮ ਰਾਹੀਂ ਸਾਂਝੀ ਪੰਜਾਬੀਅਤ ਦਾ ਵਾਤਾਵਰਣ ਪੈਦਾ ਕਰਨ ਲਈ ਹੱਕ ਅਤੇ ਸੱਚ ਦੀ ਲੜਾਈ ਲੜ ਰਿਹਾ ਹੈ।

Partition 1947Partition 1947

ਉਨ੍ਹਾਂ ਦੀਆਂ ਰਚਨਾਵਾਂ ਨਫ਼ਰਤ ਦੀ ਥਾਂ ਪਿਆਰ ਅਤੇ ਮੁਹੱਬਤ ਦਾ ਸੰਦੇਸ਼ ਦਿੰਦੀਆਂ ਹਨ। ਦੋਹਾਂ ਪੰਜਾਬਾਂ ਦੀ ਨਵੀਂ ਪੀੜ੍ਹੀ ਲਈ ਉਨ੍ਹਾਂ ਦੀਆਂ ਲਿਖਤਾਂ ਦਾ ਮਹੱਤਵ ਹੋਰ ਵੀ ਵਧੇਰੇ ਹੈ। ਲੇਖਕ ਨੂੰ ਅਪਣੀ ਜਨਮ-ਭੂਮੀ ਪੰਜਾਬ ਨਾਲ ਖ਼ਾਸ ਮੋਹ ਹੈ। ਉਨ੍ਹਾਂ ਦੀਆਂ ਲਿਖਤਾਂ ਜਿਥੇ ਪਾਠਕਾਂ ਨੂੰ ਟੁੰਬਦੀਆਂ ਹਨ, ਉਨ੍ਹਾਂ ਦੇ ਗਿਆਨ ਵਿਚ ਵਾਧਾ ਕਰਦੀਆਂ ਹਨ, ਉਥੇ ਇਨ੍ਹਾਂ ਦਾ ਸਮਾਜਕ ਅਤੇ ਸਭਿਆਚਾਰਕ ਮਹੱਤਵ ਵੀ ਘੱਟ ਨਹੀਂ। ਇਹ ਰਚਨਾਵਾਂ ਪੰਜਾਬੀ ਬੋਲੀ ਅਤੇ ਸਾਹਿਤ ਨੂੰ ਅਮੀਰ ਬਣਾਉਂਦੀਆਂ ਹਨ। ਅਫ਼ਜ਼ਲ ਅਹਿਸਨ ਰੰਧਾਵਾ ਦੇ ਸਾਰੇ ਨਾਵਲ, ਦੋਵੇਂ ਕਹਾਣੀ-ਸੰਗ੍ਰਹਿ ਅਤੇ ਕੁੱਝ ਕਵਿਤਾਵਾਂ ਭਾਰਤੀ ਪੰਜਾਬ ਵਿਚ ਗੁਰਮੁਖੀ ਅੱਖਰਾਂ ਵਿਚ ਵੀ ਛਪ ਚੁਕੀਆਂ ਹਨ। ਉਹ ਪਾਕਿਸਤਾਨ ਦੇ ਟਾਕਰੇ ਤੇ ਭਾਰਤ ਵਿਚ ਕਿਤੇ ਵਧੇਰੇ ਜਾਣਿਆ ਜਾਂਦਾ ਹੈ। ਪੰਜਾਬੀ ਤੋਂ ਛੁਟ ਰੰਧਾਵਾ ਉਰਦੂ ਅਤੇ ਅੰਗਰੇਜ਼ੀ ਦਾ ਵੀ ਚੰਗਾ ਲੇਖਕ ਸੀ।

Partition 1947Partition 1947

ਵੱਖ-ਵੱਖ ਖੇਤਰਾਂ ਵਿਚ ਅਫ਼ਜ਼ਲ ਅਹਿਸਨ ਰੰਧਾਵਾ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ਭਾਰਤ ਤੇ ਪਾਕਿਸਤਾਨ ਵਿਚ ਕੁੱਝ ਸੰਸਥਾਵਾਂ ਜਾਂ ਅਦਾਰਿਆਂ ਵਲੋਂ ਉਨ੍ਹਾਂ ਨੂੰ ਸਨਮਾਨ ਵੀ ਮਿਲ ਚੁੱਕੇ ਹਨ।
ਚੜ੍ਹਦੇ ਪੰਜਾਬ 'ਚ ਰੰਧਾਵਾ ਦੀ ਸੱਭ ਤੋਂ ਮਸ਼ਹੂਰ ਰਚਨਾ 'ਨਵਾਂ ਘੱਲੂਘਾਰਾ' ਹੈ ਜੋ ਕਿ ਉਨ੍ਹਾਂ ਨੇ 1984 ਦੇ ਸਾਕਾ ਨੀਲਾ ਤਾਰਾ ਦੇ ਵਿਰੋਧ 'ਚ ਲਿਖੀ ਸੀ:
...ਮੇਰੇ ਬੁਰਜ ਮੁਨਾਰੇ ਢਾਹ ਦਿਤੇ
ਢਾਹ ਦਿਤਾ ਤਖਤ ਅਕਾਲ।
ਮੇਰਾ ਸੋਨੇ ਰੰਗ ਰੰਗ ਅੱਜ
ਮੇਰੇ ਲਹੂ ਨਾਲ ਲਾਲੋ ਲਾਲ।
ਮੇਰੀਆਂ ਖੁੱਥੀਆਂ ਟੈਂਕਾਂ ਮੀਢੀਆਂ
ਮੇਰੀ ਲੂਹੀ ਬੰਬਾਂ ਗੁੱਤ।
ਮੇਰੇ ਕੁੱਛੜ ਅੰਨ੍ਹੀਆਂ ਗੋਲੀਆਂ
ਭੁੰਨ ਸੁੱਟੇ ਮੇਰੇ ਪੁੱਤ।...

18 ਸਤੰਬਰ, 2017 ਦੀ ਸ਼ਾਮ ਨੂੰ ਉਹ ਪਾਕਿਸਤਾਨ ਦੇ ਫ਼ੈਸਲਾਬਾਦ ਵਿਖੇ ਅਪਣੇ 80ਵੇਂ ਜਨਮਦਿਨ ਤੋਂ 17 ਦਿਨ ਬਾਅਦ ਗੁਜ਼ਰ ਗਏ। ਉਨ੍ਹਾਂ ਨੂੰ ਅਪਣੇ ਪੁੱਤਰ ਅਤੇ ਪਤਨੀ ਦੀ ਕਬਰ ਕੋਲ ਕਾਇਮ ਸਾਈਂ ਕਬਰਸਤਾਨ 'ਚ ਦਫ਼ਨਾਇਆ ਗਿਆ। ਉਨ੍ਹਾਂ ਦੀ ਮੌਤ 'ਤੇ ਵਿਸ਼ਵ ਪੰਜਾਬੀ ਕਾਂਗਰਸ ਦੇ ਚੇਅਰਮੈਨ ਫ਼ਖ਼ਰ ਜ਼ਾਮਨ ਨੇ ਕਿਹਾ ਸੀ, ''ਰੰਧਾਵਾ ਦੀਆਂ ਕਵਿਤਾਵਾਂ ਅਤੇ ਛੋਟੀਆਂ ਕਹਾਣੀਆਂ ਨਵੀਂ ਪਿਰਤ ਪਾਉਣ ਵਾਲੀਆਂ ਹਨ ਅਤੇ ਉਹ ਅਜਿਹੇ ਕੁੱਝ ਕੁ ਲੇਖਕਾਂ 'ਚ ਸ਼ਾਮਲ ਜੋ ਕਿ ਪਾਕਿਸਤਾਨ ਅਤੇ ਭਾਰਤ ਦੋਹਾਂ ਦੇਸ਼ਾਂ 'ਚ ਮਸ਼ਹੂਰ ਹਨ।''

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM
Advertisement