
ਕੈਨੇਡਾ ਜਾ ਕੇ ਮਿੰਦੋ ਤੋਂ ਮਹਿੰਦਰ ਕੌਰ ਚੀਮਾ ਬਣੀ ਮਿੰਦੋ ਛੇ ਸਾਲ ਬਾਅਦ ਅਪਣੀ ਮਾਸੀ ਦੀ ਧੀ ਸੁਰਜੀਤ ਨੂੰ ਮਿਲਣ ਪੰਜਾਬ ਵਿਚ ਉਸ ਦੇ ਘਰ ਆਈ। ਸੁਰਜੀਤ ਦੇ ਸਿੱਧੇ-ਸਾਦ...
ਕੈਨੇਡਾ ਜਾ ਕੇ ਮਿੰਦੋ ਤੋਂ ਮਹਿੰਦਰ ਕੌਰ ਚੀਮਾ ਬਣੀ ਮਿੰਦੋ ਛੇ ਸਾਲ ਬਾਅਦ ਅਪਣੀ ਮਾਸੀ ਦੀ ਧੀ ਸੁਰਜੀਤ ਨੂੰ ਮਿਲਣ ਪੰਜਾਬ ਵਿਚ ਉਸ ਦੇ ਘਰ ਆਈ। ਸੁਰਜੀਤ ਦੇ ਸਿੱਧੇ-ਸਾਦੇ ਕਿਸਾਨ ਸਹੁਰਿਆਂ ਦੇ ਘਰ ਖੇਤਾਂ ਵਿਚ ਪਾਉਣ ਲਈ ਰੂੜੀ ਦੀ ਰੇਹ ਕੱਢਣ ਲਈ ਦਿਹਾੜੀਦਾਰ ਬੰਦੇ ਲੱਗੇ ਹੋਏ ਸਨ। ਪਿਛਲੇ ਪਾਸੇ ਮੱਝਾਂ ਵਾਲੇ ਵਾੜੇ ਵਿਚੋਂ ਭਰੀ ਆਉਂਦੀ ਰੇਹ ਦੀ ਟਰਾਲੀ ਕੁੱਝ ਕੁ ਰੇਹ ਮੂਹਰਲੇ ਵਿਹੜੇ ਵਿਚ ਵੀ ਸੁਟਦੀ ਜਾ ਰਹੀ ਸੀ।
Punjab village
''ਇਸੇ ਕਰ ਕੇ ਮੈਨੂੰ ਆਹ ਇੰਡੀਆ ਤੋਂ ਸੂਕ ਜਿਹੀ ਆਉਂਦੀ ਏ। ਇਥੇ ਤਾਂ ਬਸ ਧੂੜ-ਮਿੱਟੀ, ਗਰਦਾ ਤੇ ਜੈ ਖਣੇ ਦੇ ਇਹੋ ਜਿਹੇ ਕੰਮ।'' ਨੱਕ ਉਤੇ ਰੁਮਾਲ ਰੱਖ ਕੇ ਘਰ ਦੇ ਅੰਦਰ ਵੜਦਿਆਂ ਹੀ ਮਿੰਦੋ ਨੇ ਸੁਰਜੀਤ ਕੌਰ ਨੂੰ ਆਖਿਆ। ਸੁਰਜੀਤ ਦੇ ਘਰ ਦਾ ਚਾਹ-ਪਾਣੀ ਵੀ ਕੈਨੇਡੀਅਨ ਮਿੰਦੋ ਨੇ ਨੱਕ-ਬੁਲ੍ਹ ਕੱਢ ਕੇ ਹੀ ਪੀਤਾ। ''ਨਾਲ ਨੂੰ ਨਾ ਲੱਗੋ ਪੁੱਤਰ ਗਰਮੀ ਏ।'' ਕਹਿ ਕੇ ਮਿੰਦੋ ਨੇ ਸੁਰਜੀਤ ਦੇ ਬੱਚਿਆਂ ਨੂੰ ਅਪਣੇ ਤੋਂ ਦੂਰ ਹਟਾ ਕੇ ਫਿਰ ਨੱਕ ਉਤੇ ਰੁਮਾਲ ਰੱਖ ਲਿਆ।
Punjab
ਸੁਰਜੀਤ ਨੂੰ ਪਤਾ ਸੀ ਕਿ ਕੈਨੇਡਾ 'ਚ ਮਿੰਦੋ ਘੰਟੇ ਦੇ ਹਿਸਾਬ ਨਾਲ ਡਾਲਰ ਲੈ ਕੇ ਬੱਚਿਆਂ ਦੇ ਗੂੰਹ-ਮੂਤ ਸਾਫ਼ ਕਰਨ ਦਾ ਕੰਮ ਕਰਦੀ ਸੀ। ''ਭੈਣੇ ਤੈਨੂੰ ਕਦੇ ਕੈਨੇਡੀਅਨ ਬੱਚਿਆਂ ਦੇ ਪੋਤੜੇ ਸਾਫ਼ ਕਰਦੀ ਨੂੰ ਤਾਂ ਨੀ ਆਉਂਦੀ ਹੋਣੀ ਸੂਕ।'' ਸੁਰਜੀਤ ਬੋਲੀ ''ਲੈ ਸੂਕ ਉਥੇ ਕਾਹਦੀ, ਉਥੋਂ ਤਾਂ ਇਸ ਨੂੰ ਸੁਰਜੀਤ ਕੁਰੇ ਭਾਈ ਸੂਕ ਕਰਨ ਦੇ ਵੀ ਡਾਲਰ ਜੋ ਮਿਲਦੇ ਨੇ।'' ਮਿੰਦੋ ਦੇ ਰੰਗ-ਢੰਗ ਵੇਖ ਕੇ ਸੁਰਜੀਤ ਦੀ ਕੋਲ ਬੈਠੀ ਸੱਸ ਬੋਲੀ। ਮਿੰਦੋ ਨੂੰ ਹੁਣ ਕੋਈ ਜਵਾਬ ਨਾ ਅਹੁੜ ਰਿਹਾ ਹੋਣ ਕਾਰਨ ਉਹ ਕੋਲ ਬੈਠੀ ਹੁਣ ਭੈੜੇ ਜਿਹੇ ਮਨ ਨਾਲ ਮੁਸਕੁਰਾਈ ਜਾ ਰਹੀ ਸੀ। - ਜਸਵਿੰਦਰ ਕੌਰ ਦੱਧਾਹੂਰ, ਸੰਪਰਕ : 98144-94984