ਨਾਇਕ-ਪੂਜਾ ਦੇ ਵਿਚਾਰ ਤੁਹਾਡੇ ਲਈ ਬਰਬਾਦੀ ਦਾ ਕਾਰਨ
Published : Jan 28, 2024, 9:25 am IST
Updated : Jan 28, 2024, 9:25 am IST
SHARE ARTICLE
B. R. Ambedkar
B. R. Ambedkar

ਪੁਸ਼ਪ ਮਿੱਤਰ ਸੁੰਗ ਬ੍ਰਾਹਮਣ ਦੁਆਰਾ ਸ਼ੁਰੂ ਕੀਤੀ ਅਸਮਾਨਤਾਵਾਦੀ, ਵਿਤਕਰੇਵਾਦੀ ਵਿਵਸਥਾ ਨੂੰ ਬ੍ਰਾਹਮਣਵਾਦੀ ਵਿਵਸਥਾ ਕਿਹਾ ਜਾਂਦਾ ਹੈ

ਭਾਰਤੀ ਸਮਾਜਕ ਵਿਵਸਥਾ- ਸੰਸਾਰ ਵਿਚ ਲੋਕਤੰਤਰ, ਤਾਨਾਸ਼ਾਹੀ, ਰਾਜਾਸ਼ਾਹੀ, ਸਮਾਜਵਾਦੀ, ਹਾਈਬਿ੍ਰਡ ਅਤੇ ਮਾਰਕਸਵਾਦੀ ਜਾਂ ਹੋਰ ਕਈ ਸਮਾਜਕ ਰਾਜਨੀਤਿਕ ਵਿਵਸਥਾਵਾਂ ਹਨ। ਭਾਰਤ ਹਜ਼ਾਰਾਂ ਸਾਲਾਂ ਤੋਂ ਜਿਸ ਵਿਵਸਥਾ ਨਾਲ ਚਲ ਰਿਹਾ ਹੈ ਉਸ ਨੂੰ ਬ੍ਰਾਹਮਣਵਾਦੀ ਵਿਵਸਥਾ ਕਿਹਾ ਜਾਂਦਾ ਹੈ। ਇਹ ਵਿਵਸਥਾ ਅਸਮਾਨਤਾ ਅਤੇ ਵਿਤਕਰੇ ਅਧਾਰਤ ਵਿਵਸਥਾ ਹੈ। ਭਾਰਤ ਵਿਚ ਹਜ਼ਾਰਾਂ ਰਾਜ ਬਦਲੇ, ਰਾਜੇ ਬਦਲੇ ਸੱਤਾ ਬਦਲੀ ਪਰ ਸਮਾਜ ਤੇ ਸੱਤਾ ਵਿਚ ਬ੍ਰਾਹਮਣਵਾਦੀ ਵਿਵਸਥਾ ਹੀ ਸਥਾਪਤ ਰਹੀ। ਅਸਮਾਨਤਾ ਆਧਾਰਤ ਵਿਵਸਥਾ ਦਾ ਬਦਲ ਸਮਾਨਤਾਵਾਦੀ ਵਿਵਸਥਾ ਹੀ ਹੁੰਦਾ ਹੈ। 

ਸਮਾਨਤਾਵਾਦੀ ਵਿਵਸਥਾ ਭਾਰਤ ਵਿਚ ਬਹੁਤ ਪੁਰਾਣੀ ਹੈ। 2000 ਸਾਲ ਪਹਿਲਾਂ ਭਾਰਤੀ ਮੂਲ ਨਿਵਾਸੀਆਂ ਦਾ ਰਾਜ, ਮੌਰੀਆ ਸਾਮਰਾਜ ਸਮਾਨਤਾ ਆਧਾਰਤ ਰਾਜ ਸੀ। ਮੌਰੀਆ ਸਮਰਾਟ ‘ਵ੍ਰੈਦਰਥ ਮੌਰੀਆ’ ਦਾ ਉਸ ਦੇ ਅਪਣੇ ਹੀ ਸੇਨਾਪਤੀ ‘ਪੁਸ਼ਪ ਮਿੱਤਰ ਸੁੰਗ ਬ੍ਰਾਹਮਣ’ ਦੁਆਰਾ ਕਤਲ ਕਰ ਕੇ ਅਸਮਾਨਤਾਵਾਦੀ ਵਿਵਸਥਾ ਦੀ ਸਥਾਪਨਾ ਕੀਤੀ। ਮੌਰੀਆ ਸਾਮਰਾਜ ਦਾ ਵ੍ਰੈਦਰਥ ਮੌਰੀਆ ਆਖ਼ਰੀ ਸਮਰਾਟ ਸੀ। ਬੁੱਧਵਾਦੀ ਮੌਰੀਆ ਸਾਮਰਾਜ ਸਮਾਨਤਾ ਆਧਾਰਤ ਸੀ। ਰਾਜਾ ਦੇ ਕਤਲ ਕਰਨ ਨਾਲ ਸ਼ੁਰੂ ਹੋਈ ਅਸਮਾਨਤਾ ਸਥਾਪਤ ਕਰਨ ਲਈ ਆਮ ਭਾਰਤੀ ਦੇ ਸਮਾਨਤਾਵਾਦੀਆਂ ਦੇ ਕਤਲਾਂ ਅਤੇ ਅਮਾਨਵੀ ਸਜ਼ਾਵਾਂ ਦੇਣ ਦਾ ਸਿਲਸਿਲਾ ਸਮਾਨਤਾਵਾਦੀਆਂ ਦੇ ਖਿਲਾਫ਼ ਹਜ਼ਾਰਾਂ ਸਾਲਾਂ ਤੋਂ ਚਲਦਾ ਆ ਰਿਹਾ ਹੈ। 

ਪੁਸ਼ਪ ਮਿੱਤਰ ਸੁੰਗ ਬ੍ਰਾਹਮਣ ਦੁਆਰਾ ਸ਼ੁਰੂ ਕੀਤੀ ਅਸਮਾਨਤਾਵਾਦੀ, ਵਿਤਕਰੇਵਾਦੀ ਵਿਵਸਥਾ ਨੂੰ ਬ੍ਰਾਹਮਣਵਾਦੀ ਵਿਵਸਥਾ ਕਿਹਾ ਜਾਂਦਾ ਹੈ। ਬ੍ਰਾਹਮਣਵਾਦ ਦਾ ਇਤਿਹਾਸ ਭਾਰਤੀ ਮੂਲ ਦੇ ਲੋਕਾਂ ਲਈ ਘੋਰ ਅਨਿਆਇ ਅਤੇ ਜ਼ੁਲਮਾਂ ਨਾਲ ਭਰਿਆ ਹੋਇਆ ਹੈ। ਇਹ ਲਗਭਗ 2000 ਸਾਲ ਤਕ ਕਠੋਰਤਾ ਨਾਲ ਅੰਗਰੇਜ਼ਾਂ ਦੇ ਭਾਰਤ ਵਿਚ ਆਉਣ ਤਕ ਚਲਦਾ ਰਿਹਾ।

ਅੰਗਰੇਜ਼ਾਂ ਨੇ ਭਾਰਤ ਵਿਚ ਮਾਨਵਤਾਵਾਦੀ ਕਾਨੂੰਨ ਅਤੇ ਵਿਵਸਥਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਿਸ ਨਾਲ ਬ੍ਰਾਹਮਣਵਾਦ ਦੁਆਰਾ, ਅਛੂਤ ਬੇਦਖ਼ਲ ਵੰਚਿਤ ਬਣਾਏ ਸਮਾਜ ਲਈ ਰੋਜ਼ਗਾਰ, ਨੌਕਰੀਆਂ ਤਰੱਕੀਆਂ ਦੇ ਰਾਹ ਖੁੱਲ੍ਹੇ। ਇਸ ਦੀ ਬਦੌਲਤ ਸਮਾਨਤਾਵਾਦੀ ਵਿਵਸਥਾ ਬਣਾਉਣ ਲਈ ਫੂਲੇ, ਪੇਰੀਅਰ, ਅੰਬੇਡਕਰ ਅਤੇ ਹੋਰ ਬਹੁਤ ਸਾਰੇ ਸ਼ੂਦਰ ਅਤੇ ਅਛੂਤ ਸਮਾਜ ਸੁਧਾਰਕ ਪੈਦਾ ਹੋਏ ਉਨ੍ਹਾਂ ਸੱਭ ਦਾ ਸਮੇਂ ਅਨੁਸਾਰ ਬਹੁਤ ਅਹਿਮ ਯੋਗਦਾਨ ਰਿਹਾ। 

ਡਾ. ਅੰਬੇਡਕਰ ਨੂੰ ਸਮਾਨਤਾਵਾਦੀ ਵਿਵਸਥਾ ਲਈ ਕੰਮ ਕਰਦੇ ਹੋਏ ਵਧੇਰੇ ਸਫ਼ਲਤਾ ਮਿਲੀ। ਉਨ੍ਹਾਂ ਸੰਵਿਧਾਨ ਬਣਾ ਕੇ 1950 ਵਿਚ ਸਵਾ 5 ਕਰੋੜ ਦੇ ਕਰੀਬ ਭਾਰਤੀ ਅਛੂਤਾਂ ਨੂੰ ਉਨ੍ਹਾਂ ਦੇ ਗਲ ਪਾਈ ਅਛੂਤਤਾ ਇਕੋ ਝਟਕੇ ਨਾਲ ਖ਼ਤਮ ਕਰ ਦਿਤੀ। ਅਜਿਹੇ ਕਾਰਨਾਂ ਕਰ ਕੇ ਹੀ ਵਿਸ਼ਵ ਉਨ੍ਹਾਂ ਨੂੰ ਸਮਾਨਤਾਵਾਦ ਦਾ ਪ੍ਰਤੀਕ ਮੰਨਦਾ ਹੈ। ਅਮਰੀਕਾ ਜਿਸ ਨੇ ਸੰਸਾਰ ਦੇ ਖ਼ਾਸ ਲੋਕਾਂ ਦੇ ਬੁੱਤ ਪ੍ਰਤੀਕ ਦੇ ਰੂਪ ਵਿਚ ਜਿਵੇਂ ‘ਸਟੈਚੂ ਆਫ਼ ਲਿਬਰਟੀ’, ‘ਸਟੈਚੂ ਆਫ਼ ਫ੍ਰੀਡਮ’ ਸਥਾਪਤ ਕੀਤੇ ਹੋਏ ਹਨ, ਹੁਣ ਡਾ. ਅੰਬੇਡਕਰ ਨੂੰ ਸਮਾਨਤਾ ਦਾ ਪ੍ਰਤੀਕ ਮੰਨਦੇ ਹੋਏ ਅਮਰੀਕਾ ਵਿਚ 13 ਏਕੜ ਜ਼ਮੀਨ ਉੱਤੇ ਉਨ੍ਹਾਂ ਦਾ ਬੁੱਤ ‘ਸਟੈਚੂ ਆਫ਼ ਇਕੁਐਲਿਟੀ’ ਸਮਾਨਤਾ ਦਾ ਪ੍ਰਤੀਕ ਸਥਾਪਤ ਕਰ ਰਹੇ ਹਨ। 

ਭਾਰਤ ਵਿਚ ਅੰਗਰੇਜ਼ਾਂ ਦਾ ਰਾਜ ਹੋਣ ਦੇ ਸਮੇਂ ਵੀ ਭਾਰਤ ਵਿਚ ਸਮਾਜਕ ਸੱਤਾ ਹਮੇਸ਼ਾ ਭਾਰਤੀ ਉੱਚ ਜਾਤੀ ਦੇ ਲੋਕਾਂ ਦੇ ਹੱਥਾਂ ਵਿਚ ਰਹੀ। ਜਦੋਂ ਅੰਗਰੇਜ਼ ਸਮਾਨਤਾਵਾਦੀ ਕਾਨੂੰਨ ਬਣਾਉਂਦੇ ਸਨ ਤਾਂ ਉਨ੍ਹਾਂ ਨੂੰ ਲਾਗੂ ਕਰਨ ਲਈ ਉਨ੍ਹਾਂ ਨੂੰ ਉੱਚ ਜਾਤੀ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ। ਅੰਗਰੇਜ਼ਾਂ ਨੇ ਕਾਨੂੰਨ ਬਣਾ ਕੇ ਅਛੂਤਾਂ ਨੂੰ ਸਿਖਿਅਤ ਕਰਨ ਲਈ ਰਾਹ ਖੋਲ੍ਹਿਆ। ਸਰਕਾਰੀ ਸਹਾਇਤਾ ਨਾਲ ਬਣੇ ਤਾਲਾਬ, ਸੜਕਾਂ ਅਤੇ ਹੋਰ ਸਾਂਝੀਆਂ ਪਬਲਿਕ ਥਾਵਾਂ ਉੱਤੇ ਸੱਭ ਲਈ ਬਰਾਬਰ ਵਰਤੋਂ ਕਰਨ ਦਾ ਕਾਨੂੰਨ ਬਣਾਇਆ। 

18 ਫ਼ਰਵਰੀ 1933 ਨੂੰ ਕਸਾਰਾ ਵਿਖੇ ਠਾਣੇ ਜ਼ਿਲ੍ਹਾ ਕਾਨਫ਼ਰੰਸ ਹੋਈ। ਡਾ. ਬੀ. ਆਰ. ਅੰਬੇਡਕਰ ਨੇ ਕਾਨਫ਼ਰੰਸ ਦੀ ਪ੍ਰਧਾਨਗੀ ਕੀਤੀ। ਟੈਂਪਲ ਐਂਟਰੀ ਬਿੱਲ ’ਤੇ ਅਪਣਾ ਬਿਆਨ ਜਾਰੀ ਕਰਨ ਤੋਂ ਬਾਅਦ ਡਾ. ਅੰਬੇਡਕਰ ਨੇ ਅਪਣੇ ਲੋਕਾਂ ਦੇ ਅਧਿਆਤਮਕ ਚਰਿੱਤਰ ਅਤੇ ਅੰਧ-ਵਿਸ਼ਵਾਸਾਂ ਵਿਰੁਧ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਅਛੂਤਾਂ ਲਈ ਰੋਟੀ ਪਰਮੇਸ਼ਰ ਦੀ ਉਪਾਸਨਾ ਨਾਲੋਂ ਚੰਗੀ ਸੀ।

ਡਾ. ਅੰਬੇਡਕਰ ਨੇ ਕਿਹਾ ਕਿ ਅਸੀ ਹਿੰਦੂ ਧਰਮ ਵਿਚ ਬਰਾਬਰੀ ਚਾਹੁੰਦੇ ਹਾਂ। ਚਤੁਰ-ਵਰਣਵਾਦ ਵਿਵਸਥਾ ਨੂੰ ਜੜ੍ਹੋਂ ਪੁੱਟ ਦੇਣਾ ਚਾਹੀਦਾ ਹੈ। ਇਹ ਉਹ ਸਿਧਾਂਤ ਹੈ ਜੋ ਉੱਚ ਵਰਗਾਂ ਨੂੰ ਅਮੀਰੀ ਸੁੱਖ ਸਾਧਨ ਅਤੇ ਨੀਵੇਂ ਵਰਗਾਂ ਨੂੰ ਗ਼ਰੀਬੀ, ਲਾਚਾਰੀ, ਗ਼ੁਲਾਮੀ, ਸ਼ੋਸ਼ਣ ਕਰਨ ਲਈ ਵਿਸ਼ੇਸ ਅਧਿਕਾਰ ਦਿੰਦਾ ਹੈ। ਹੇਠਲੇ ਵਰਗਾਂ ਲਈ ਹੁਣ ਸ਼ੋਸ਼ਣ ਖ਼ਤਮ ਹੋਣਾ ਚਾਹੀਦਾ ਹੈ। ਆਪਸੀ ਮਤਭੇਦ ਖ਼ਤਮ ਕਰੋ, ਇਹ ਤਬਾਹੀ ਦਾ ਰਾਹ ਹਨ। ਤੁਸੀਂ ਜੋ ਗੁਆਇਆ ਹੈ, ਦੂਜਿਆਂ ਨੇ ਹਾਸਲ ਕੀਤਾ ਹੈ। ਤੁਹਾਨੂੰ ਇੱਛਾਵਾਂ ਮਾਰ ਲੈਣ ਅਤੇ ਅਪਮਾਨ ਸਹਿਣ ਲਈ ਬਣਾਇਆ ਗਿਆ ਹੈ।

ਇਹ, ਇਸ ਲਈ ਨਹੀਂ ਕਿ ਇਹ ਤੁਹਾਡੇ ਪਿਛਲੇ ਜਨਮ ਦੇ ਕੀਤੇ ਗਏ ਪਾਪਾਂ ਦੁਆਰਾ ਪਹਿਲਾਂ ਤੋਂ ਨਿਰਧਾਰਤ ਕੀਤਾ ਗਿਆ ਸੀ। ਇਹ ਉਨ੍ਹਾਂ ਲੋਕਾਂ ਨੇ ਜਬਰ ਜ਼ੁਲਮ ਅਤੇ ਧੋਖਾ ਕਰਨ ਲਈ ਬਣਾਇਆ ਜੋ ਤੁਹਾਡੇ ਤੋਂ ਉੱਪਰ ਹਨ। ਤੁਹਾਡੇ ਕੋਲ ਕੋਈ ਜ਼ਮੀਨ ਨਹੀਂ ਹੈ ਕਿਉਂਕਿ ਦੂਜਿਆਂ ਨੇ ਉਨ੍ਹਾਂ ਨੂੰ ਹੜੱਪ ਲਿਆ ਹੈ। ਤੁਹਾਡੇ ਕੋਲ ਕੋਈ ਔਹਦਾ ਨਹੀਂ ਹੈ ਕਿਉਂਕਿ ਦੂਜਿਆਂ ਨੇ ਉਨ੍ਹਾਂ ’ਤੇ ਏਕਾਧਿਕਾਰ ਕੀਤਾ ਹੋਇਆ ਹੈ। ਇਹ ਸਭ ਪ੍ਰਾਪਤ ਕਰਨ ਲਈ ਤੁਸੀ ਕਿਸਮਤ ਵਿਚ ਵਿਸ਼ਵਾਸ ਨਾ ਕਰੋ। ਤੁਸੀ ਅਪਣੀ ਤਾਕਤ ਵਿਚ ਵਿਸ਼ਵਾਸ ਕਰੋ।

ਅਛੂਤਾਂ ਦੀ ਮੀਟਿੰਗ ਬੰਬੇ ਸੈਂਡੋਹਰਸਟ ਰੋਡ ਨੇੜੇ ਹੋਈ। ਦਿਵਾਕਰ ਪਗਾਰੇ ਨੇ ਡਾ. ਅੰਬੇਡਕਰ ਦੇ ਸਨਮਾਨ ਵਿਚ ਸੰਬੋਧਨ ਕੀਤਾ, ਜਿਸ ਉੱਤੇ 85 ਵਿਅਕਤੀਆਂ ਦੁਆਰਾ ਦਸਤਖ਼ਤ ਕੀਤੇ ਗਏ ਸਨ। ਸੰਬੋਧਨ ਦਾ ਜਵਾਬ ਦਿੰਦੇ ਹੋਏ, ਡਾ. ਅੰਬੇਡਕਰ ਨੇ ਕਿਹਾ,  ‘‘ਲੇਡੀਜ਼ ਐਂਡ ਜੈਂਟਲਮੈਨ, ਤੁਹਾਡੇ ਵਲੋਂ ਮੈਨੂੰ ਪੇਸ਼ ਕੀਤੇ ਗਏ ਸੰਬੋਧਨ ਲਈ ਮੈਂ ਤੁਹਾਡਾ ਧਨਵਾਦ ਕਰਦਾ ਹਾਂ। ਇਹ ਸੰਬੋਧਨ ਮੇਰੇ ਕੰਮ ਅਤੇ ਗੁਣਾਂ ਬਾਰੇ ਉੱਤਮਤਾ ਨਾਲ ਭਰਿਆ ਹੋਇਆ ਹੈ। ਭਾਵ ਤੁਸੀ ਅਪਣੇ ਵਰਗੇ ਆਮ ਆਦਮੀ ਨੂੰ ਦੇਵਤਾ ਬਣਾ ਰਹੇ ਹੋ। ਨਾਇਕ-ਪੂਜਾ ਦੇ ਇਹ ਵਿਚਾਰ ਤੁਹਾਡੇ ਲਈ ਬਰਬਾਦੀ ਲਿਆਉਂਦੇ ਹਨ ਜੇਕਰ ਤੁਸੀ ਇਨ੍ਹਾਂ ਵਿਚਾਰਾਂ ਨੂੰ ਖ਼ਤਮ ਨਹੀਂ ਕਰਦੇ, ਅਜਿਹਾ ਕਰਨ ਨਾਲ ਹਰ ਇਕ ਮਨੁੱਖ ਦਾ ਆਤਮ ਵਿਸ਼ਵਾਸ ਕਮਜ਼ੋਰ ਹੁੰਦਾ ਹੈ।

ਅਜਿਹਾ ਕਰਨ ਨਾਲ ਤੁਸੀ ਅਪਣੀ ਸ਼ਕਤੀ ਨੂੰ ਕਮਜ਼ੋਰ ਕਰਦੇ ਹੋ। ਅਪਣੇ ਆਪ ਉੱਤੇ ਜ਼ਿੰਮੇਵਾਰੀ ਲੈਣ ਵਾਲੀ ਭਾਵਨਾ ਨੂੰ ਕਮਜ਼ੋਰ ਕਰ ਕੇ ਕਿਸੇ ਦੂਜੇ ਦੇ ਮੋਢਿਆਂ ਉੱਤੇ ਭਾਰ ਪਾ ਅਪਣੇ ਆਪ ਨੂੰ ਇਕ ਸੁਰਖਿਅਤ ਘਰ ਵਿਚ ਬੈਠੇ ਮਹਿਸੂਸ ਕਰਦੇ ਹੋ। ਅਜਿਹਾ ਕਰ ਕੇ ਤੁਸੀਂ ਕਿਸੇ ਵਿਅਕਤੀ ਨੂੰ ਦੇਵਤਾ ਬਣਾ ਕੇ, ਅਪਣੀ ਸੁਰਖਿਆ ਅਤੇ ਮੁਕਤੀ ਲਈ ਇਕ ਇਕੱਲੇ ਵਿਅਕਤੀ ਵਿਚ ਵਿਸ਼ਵਾਸ ਪੈਦਾ ਕਰਦੇ ਹੋ ਜਿਸ ਦੇ ਨਤੀਜੇ ਵਜੋਂ ਤੁਸੀਂ ਨਿਰਭਰਤਾ ਦੀ ਆਦਤ ਵਿਚ ਪੈ ਜਾਂਦੇ ਹੋ ਅਤੇ ਅਪਣੇ ਫ਼ਰਜ਼ ਪ੍ਰਤੀ ਉਦਾਸੀਨ ਹੋ ਜਾਂਦੇ ਹੋ।  ਜੇਕਰ ਤੁਸੀ ਇਨ੍ਹਾਂ ਵਿਚਾਰਾਂ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਤੁਹਾਡਾ ਭਵਿੱਖ ਅਤੇ ਕਿਸਮਤ ਲੱਕੜ ਦੇ ਢੇਰ ਨਾਲੋਂ ਬਿਹਤਰ ਨਹੀਂ ਹੋਵੇਗੀ। ਤੁਹਾਡਾ ਕੀਤਾ ਕਰਮ ਅਤੇ ਸੰਘਰਸ਼ ਵਿਅਰਥ ਜਾਵੇਗਾ।  

ਰਾਜਨੀਤਿਕ ਅਧਿਕਾਰ ਨਵੇਂ ਯੁੱਗ ਨੇ ਤੁਹਾਨੂੰ ਪ੍ਰਦਾਨ ਕੀਤਾ ਹੈ। ਤੁਹਾਡੀ ਪੂਰੀ ਜਮਾਤ ਨੂੰ ਹੁਣ ਤਕ ਲਤਾੜਿਆ ਗਿਆ ਸੀ ਕਿਉਂਕਿ ਤੁਸੀਂ ਬੇਬਸੀ ਦੇ ਵਿਚਾਰਾਂ ਨਾਲ ਭਰੇ ਹੋਏ ਸੀ। ਮੈਂ ਇਹ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਕਿ ਕਿਸੇ ਮਨੁੱਖ ਦੀ ਨਾਇਕ-ਪੂਜਾ, ਦੇਵਤਾ-ਦੇਵੀਕਰਨ ਅਤੇ ਕਰਤਵ ਦੀ ਅਣਦੇਖੀ ਦੇ ਇਨ੍ਹਾਂ ਵਿਚਾਰਾਂ ਨੇ ਹਿੰਦੂ ਸਮਾਜ ਨੂੰ ਬਰਬਾਦ ਕਰ ਦਿਤਾ ਹੈ।

ਦੂਜੇ ਦੇਸ਼ਾਂ ਵਿਚ ਰਾਸ਼ਟਰੀ ਬਿਪਤਾ ਦੌਰਾਨ ਇਕਜੁੱਟ ਹੋ ਕੇ ਕੰਮ ਕਰਦੇ ਹਨ, ਖ਼ਤਰੇ ਤੋਂ ਬਚਦੇ ਹਨ ਅਤੇ ਸ਼ਾਂਤੀ ਤੇ ਖੁਸ਼ਹਾਲੀ ਪ੍ਰਾਪਤ ਕਰਦੇ ਹਨ। ਪਰ ਸਾਡੇ ਧਰਮ ਦੇ ਠੇਕੇਦਾਰਾਂ ਨੇ ਸਾਡੇ ਕੰਨਾਂ ਵਿਚ ਇਹ ਢੋਲ ਵਜਾ-ਵਜਾ ਕੇ ਭਰ ਦਿਤਾ ਹੈ ਕਿ ਮਨੁੱਖ ਕੱੁਝ ਨਹੀਂ ਕਰਦਾ। ਉਹ ਬੇਸਹਾਰਾ ਇਕ ਮੈਦਾਨ ਵਿਚ ਅਸਮਾਨ ਵਲ ਮੂੰਹ ਕਰ ਕੇ ਖੜਾ, ਰਾਸ਼ਟਰੀ ਬਿਪਤਾ ਸਮੇਂ ਕਿਸੇ ਦੇਵਤਾ ਦੇ ਰੂਪ ਵਿਚ ਜ਼ਮੀਨ ਉੱਤੇ ਹੇਠਾਂ ਉਤਰੇਗਾ ਤੇ ਸਾਨੂੰ ਖ਼ਤਰੇ ਤੋਂ ਬਚਾਵੇਗਾ! ਨਤੀਜਾ ਇਹ ਹੈ ਕਿ ਉਹ ਵਿਪਤਾ ਵਿਰੁਧ ਇਕਜੁਟ ਕਾਰਵਾਈ ਕਰਨ ਦੀ ਬਜਾਏ ਅਵਤਾਰ ਦੇ ਆਉਣ ਦੀ ਉਡੀਕ ਕਰਦੇ ਹਨ। 

ਬਾਬਾ ਸਾਹਿਬ ਕਹਿੰਦੇ ਹਨ ਕਿ ਤੁਹਾਨੂੰ ਅਪਣੀ ਗ਼ੁਲਾਮੀ ਨੂੰ ਖ਼ੁਦ ਹੀ ਖ਼ਤਮ ਕਰਨਾ ਚਾਹੀਦਾ ਹੈ। ਇਸ ਦੇ ਖ਼ਾਤਮੇ ਲਈ ਰੱਬ ਜਾਂ ਸੁਪਰਮੈਨ ’ਤੇ ਨਿਰਭਰ ਨਾ ਹੋਵੋ। ਤੁਹਾਡੀ ਮੁਕਤੀ ਰਾਜਨੀਤਿਕ ਸ਼ਕਤੀ ਵਿਚ ਹੈ ਨਾ ਕਿ ਤੀਰਥ ਯਾਤਰਾ ਕਰਨ, ਵਰਤ ਰੱਖਣ, ਧੂਫ਼-ਬੱਤੀਆਂ ਕਰਨ, ਪੂਜਾ-ਪਾਠ, ਮੰਤਰ ਉਚਾਰਨ ਵਰਗੇ ਕੰਮ ਕਰਨ ਵਿਚ। ਹਿੰਦੂ ਸ਼ਾਸਤਰਾਂ ਦੇ ਪ੍ਰਤੀ ਸ਼ਰਧਾ ਅਤੇ ਵਿਵਸਥਾ ਤੁਹਾਨੂੰ ਤੁਹਾਡੀ ਗ਼ੁਲਾਮੀ ਤੋਂ ਮੁਕਤ ਨਹੀਂ ਕਰਾਵੇਗੀ।

ਬੰਧਨ, ਗ਼ਰੀਬੀ ਅਤੇ ਗ਼ੁਲਾਮੀ ਵਿਚ ਤੁਹਾਡੇ ਪਿਉ-ਦਾਦੇ ਤੋਂ ਹੀ ਪੀੜ੍ਹੀ ਦਰ ਪੀੜ੍ਹੀ ਇਹ ਕੰਮ ਕਰਦੇ ਆ ਰਹੇ ਹਨ ਪਰ ਤੁਹਾਡੇ ਦੁਖੀ ਜੀਵਨ ਵਿਚ ਕਿਸੇ ਵੀ ਤਰ੍ਹਾਂ ਨਾਲ ਕੋਈ ਰਾਹਤ ਜਾਂ ਮਾਮੂਲੀ ਫ਼ਰਕ ਨਹੀਂ ਆਇਆ। ਅਪਣੇ ਪਿਉ-ਦਾਦਿਆਂ ਵਾਂਗ, ਤੁਸੀ ਚੀਥੜੇ ਪਾਉਂਦੇ ਹੋ। ਉਨ੍ਹਾਂ ਵਾਂਗ, ਤੁਸੀ ਸੁੱਟੇ ਹੋਏ ਟੁਕੜਿਆਂ ਉੱਤੇ ਨਿਰਭਰ ਰਹਿੰਦੇ ਹੋ, ਉਹਨਾਂ ਵਾਂਗ, ਤੁਸੀ ਪੂਰੀ ਤਰ੍ਹਾਂ ਝੁੱਗੀਆਂ-ਝੌਂਪੜੀਆਂ ਵਿਚ ਪੈਦਾ ਹੁੰਦੇ ਹੋ ਤੇ ਉਨ੍ਹਾਂ ਵਿਚ ਹੀ ਮਰ ਜਾਂਦੇ ਹੋ। ਤੁਹਾਡੇ ਅਪਣੇ ਆਪ ਨੂੰ ਕਸ਼ਟ ਦੇਣ ਵਾਲੇ ਕਰਮ ਜਿਵੇਂ ਧਾਰਮਕ ਵਰਤ, ਧਰਮ ਅਧਾਰਤ ਸਰੀਰ ਤਪੱਸਿਆ ਅਤੇ ਮਾਨਸਕ ਕਸ਼ਟਾਂ ਨੇ ਤੁਹਾਨੂੰ ਭੁੱਖਮਰੀ ਤੋਂ ਨਹੀਂ ਬਚਾਇਆ।

ਤੁਸੀ ਭਾਰਤ ਦੇ ਮੂਲ ਨਿਵਾਸੀ ਹੋ। ਤੁਹਾਡੇ ਪੂਰਵਜ ਭਾਰਤ ਦੇ ਮਾਲਕ ਅਤੇ ਭਾਰਤ ਦੇ ਰਾਜੇ ਅਤੇ ਸੱਤਾਧਾਰੀ ਰਹੇ ਹੋ। ਬਾਹਰੀ ਹਮਲਾਵਰਾਂ ਨੇ ਤੁਹਾਡੇ ਕੋਲੋਂ ਰਾਜਸੱਤਾ ਖੋਹ ਕੇ ਤੁਹਾਨੂੰ ਗ਼ੁਲਾਮ ਬਣਾਇਆ ਹੈ। ਰਾਜਸੱਤਾ ਹੀ ਤੁਹਾਨੂੰ ਗ਼ੁਲਾਮੀ, ਗ਼ਰੀਬੀ ਤੋਂ ਛੁੱਟਕਾਰਾ ਦਿਵਾ ਸਕਦੀ ਹੈ। ਕੋਈ ਵੀ ਕਾਨੂੰਨ ਬਣਾਉਣ ਅਤੇ ਇਸ ਨੂੰ ਲਾਗੂ ਕਰਨ ਦਾ ਕੰਮ ਤੁਹਾਡੀ ਸਹਿਮਤੀ ਅਤੇ ਮਦਦ ਨਾਲ ਕੀਤਾ ਜਾਣਾ ਚਾਹੀਦਾ ਹੈ।

ਸੰਖੇਪ ਵਿਚ ਡਾ. ਅੰਬੇਡਕਰ ਦਾ ਕਹਿਣਾ ਸੀ ਕਿ ਸੱਤਾ ਅਤੇ ਕਾਨੂੰਨ ਸਾਰੇ ਸੰਸਾਰਕ ਸੁੱਖਾਂ ਦਾ ਨਿਵਾਸ ਹੈ। ਤੁਸੀ ਕਾਨੂੰਨ ਬਣਾਉਣ ਦੀ ਸ਼ਕਤੀ ਨੂੰ ਹਾਸਲ ਕਰੋ। ਇਸ ਲਈ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀ ਅਪਣਾ ਧਿਆਨ ਵਰਤ, ਪੂਜਾ-ਪਾਠ ਅਤੇ ਤਪੱਸਿਆ ਤੋਂ ਹਟਾ ਕੇ ਕਾਨੂੰਨ ਬਣਾਉਣ ਦੀ ਸ਼ਕਤੀ ਨੂੰ ਹਾਸਲ ਕਰਨ ਲਈ ਲਗਾਉ। ਇਸ ਤਰੀਕੇ ਨਾਲ ਤੁਹਾਡੇ ਸਮਾਜ ਦੀ ਗ਼ਰੀਬੀ ਅਤੇ ਗ਼ੁਲਾਮੀ ਦੂਰ ਹੋ ਸਕਦੀ ਹੈ। 

ਯਾਦ ਰੱਖੋ ਕਿ ਸਫ਼ਲਤਾ ਪ੍ਰਾਪਤ ਕਰਨ ਅਤੇ ਬਰਕਰਾਰ ਰੱਖਣ ਲਈ ਤੁਹਾਨੂੰ ਹਮੇਸ਼ਾ ਚੌਕਸ, ਮਜ਼ਬੂਤ, ਪੜ੍ਹੇ-ਲਿਖੇ ਅਤੇ ਸਵੈ-ਮਾਣ ਵਾਲੇ ਹੋਣਾ ਚਾਹੀਦਾ ਹੈ।
1947 ਦੀ ਸੱਤਾ ਬਦਲੀ ਪਰ ਇਸ ਦੇ 20 ਸਾਲ ਪਹਿਲਾਂ ਤੋਂ ਹੀ ਰਾਜਨੀਤਿਕ ਸੱਤਾ ਅਤੇ ਸਮਾਜਕ ਵਿਵਸਥਾ ਬ੍ਰਾਹਮਣਵਾਦੀਆਂ ਦੇ ਹੱਥਾਂ ਵਿਚ ਸੀ। ਭਾਰਤ ਤੋਂ ਅੰਗਰੇਜ਼ ਅਤੇ ਮੁਸਲਮਾਨਾਂ ਦੇ ਬਾਹਰ ਹੋ ਜਾਣ ਮਗਰੋਂ ਸੱਤਾਧਾਰੀ ਬਣੇ ਬ੍ਰਾਹਮਣਵਾਦੀਆਂ ਨੇ 1947 ਤੋਂ 1950 ਦੇ ਪਹਿਲੇ 3 ਸਾਲਾਂ ਵਿਚ ਸੰਵਿਧਾਨ ਬਣਨ ਅਤੇ ਲਾਗੂ ਹੋਣ ਤੋਂ ਪਹਿਲਾਂ ਮੁੱਖ ਅਤੇ ਪ੍ਰਮੁੱਖ ਔਹਦਿਆਂ ਉੱਤੇ ਅਪਣੇ ਖ਼ਾਸ ਜਾਤੀ ਵਰਗ ਦੇ ਲੋਕਾਂ ਨੂੰ ਤਾਇਨਾਤ ਕਰ ਕੇ ਸ਼ਾਸਨ ਅਤੇ ਪ੍ਰਸ਼ਾਸਨ ਉੱਤੇ ਮਜ਼ਬੂਤ ਪਕੜ ਬਣਾ ਲਈ ਸੀ।

ਸੰਵਿਧਾਨ ਲਾਗੂ ਹੋਣ ਮਗਰੋਂ ਉਨ੍ਹਾਂ ਖ਼ਾਸ ਲੋਕਾਂ ਨੇ ਸੰਵਿਧਾਨ ਦਾ ਚੋਲਾ ਧਾਰਨ ਕਰ ਕੇ ਬ੍ਰਾਹਮਣਵਾਦੀ ਵਿਵਸਥਾ ਨੂੰ ਹਮੇਸ਼ਾ ਪੱਕਾ ਕੀਤਾ ਜਾਂਦਾ ਰਿਹਾ। 
ਭਾਰਤੀ ਸੰਵਿਧਾਨ ਲੋਕਤੰਤਰੀ ਢੰਗ ਰਾਹੀਂ ਸ਼ਾਸਨ ਪ੍ਰਸ਼ਾਸਨ ਬਣਾਉਣ ਚਲਾਉਣ ਦਾ ਰਾਹ ਦਸਦਾ ਹੈ। ਸ਼ਾਸਨ ਪ੍ਰਸ਼ਾਸਨ ਚਲਾਉਣ ਵਾਲੇ ਮਨੁੱਖ ਨੂੰ ਨੈਤਿਕ ਜਿੰਮੇਵਾਰ ਬਣਾਉਣ ਲਈ ਅਤੇ ਬ੍ਰਾਹਮਣਵਾਦੀ ਵਿਤਕਰੇਵਾਦੀ ਮਾਨਸਿਕਤਾ ਨੂੰ ਬਦਲਣ ਦਾ ਰੋਲ ਨਿਭਾਉਣ ਦੇ ਯੋਗ ਸਿੱਧ ਨਹੀਂ ਹੋ ਪਾਇਆ। 

1947 ਤੋਂ ਪਹਿਲਾਂ ਬ੍ਰਾਹਮਣਵਾਦੀ ਅਸਮਾਨਤਾਵਾਦੀ ਮਾਨਸਿਕਤਾ ਨੂੰ ਅੰਗਰੇਜ਼ਾਂ ਦੇ ਮਾਨਵਤਾਵਾਦੀ ਸਮਾਨਤਾਵਾਦੀ ਪ੍ਰਬੰਧਨ ਲਈ ਕਾਨੂੰਨ ਲਾਗੂ ਕਰਾਉਣ ਦੇ ਢੰਗ ਕਾਰਨ ਡਰ ਰਹਿੰਦਾ ਸੀ। ਉਨ੍ਹਾਂ ਦੇ ਚਲੇ ਜਾਣ ਮਗਰੋਂ ਬ੍ਰਾਹਮਣਵਾਦ ਆਜ਼ਾਦ ਹੋ ਕੇ ਮਨਮਾਨੇ ਢੰਗ ਨਾਲ ਵਿਵਸਥਾ ਸਥਾਪਤ ਕਰਨ ਲਗਿਆ ਰਿਹਾ। ਅਛੂਤ ਸਮਾਜ ਨੂੰ ਨਾਲ ਲੈਣ ਦਾ ਡਰਾਮਾ ਕਰਨ ਲਈ ਕੁੱਝ ਸ਼ੂਦਰ ਸਮਾਜ ਦੇ ਗ਼ਦਾਰ ਲੋਕਾਂ ਦਾ ਸਾਥ ਲੈਂਦੇ ਰਹੇ ਹਨ। 

ਅੱਜ ਭਾਰਤ ਦਾ 40% ਧਨ ਭਾਰਤ ਦੇ 1% ਉੱਚ ਵਰਗ ਦੇ ਵਰਨ, ਜਾਤੀਆਂ ਕੋਲ ਜਮ੍ਹਾਂ ਹੈ। 99% ਸਵਰਨ ਸਮਾਜ ਦੇ ਲੋਕ ਵੀ ਲੁੱਟੇ ਜਾ ਰਹੇ ਹਨ ਪਰ ਹਿੰਦੂ ਰਾਸ਼ਟਰ ਬਣਨ ਬਣਾਉਣ ਦਾ ਨਸ਼ਾ ਉਨ੍ਹਾਂ ਦੇ ਦਿਮਾਗ਼ ਨੂੰ ਲਾਗ ਦੀ ਬਿਮਾਰੀ ਨਾਲ ਬਿਮਾਰ ਕੀਤਾ ਹੋਇਆ ਹੈ। ਉਹ ਸੱਚ ਵੇਖਣ ਤੋਂ ਇਨਕਾਰੀ ਹਨ। 
ਭਾਰਤ ਦੀ ਅਸਮਾਨਤਾ ਆਧਾਰਤ ਵਿਵਸਥਾ ਦੀ ਜੜ੍ਹ ਮਜ਼ਬੂਤ ਹੋ ਰਹੀ ਹੈ। ਭਾਰਤ ਵਿਚ ਅਮੀਰ ਗ਼ਰੀਬ ਦਾ ਪਾੜਾ ਵੱਧ ਰਿਹਾ ਹੈ। ਹਿੰਦੂਆਂ ਦਾ ਬ੍ਰਾਹਮਣਵਾਦੀ ਵਿਤਕਰੇਵਾਦੀ ਧਰਮ ਮਜ਼ਬੂਤ ਹੋ ਰਿਹਾ ਹੈ।

ਇਸ ਨੂੰ ਮਜ਼ਬੂਤ ਕਰਨ ਵਿਚ ਕੁੱਝ ਐਸਸੀ ਸਮਾਜ ਦੇ ਗ਼ਦਾਰ ਨਕਲੀ ਅੰਬੇਡਕਰਵਾਦੀ ਲੋਕਾਂ ਦਾ ਹੱਥ ਹੈ, ਜਿਹੜੇ ਅੰਬੇਡਕਰ ਨੂੰ ਪੜ੍ਹਦੇ ਨਹੀਂ ਪੂਜਦੇ ਹਨ। ਪੜ੍ਹੇ ਬਿਨਾਂ ਨਹੀਂ ਪਤਾ ਲਗਦਾ ਕਿ ਉਨ੍ਹਾਂ ਨੇ ਕੀ ਕਰਨ ਲਈ ਕਿਹਾ ਸੀ ਅਤੇ ਕਿਸ ਕੰਮ ਤੋਂ ਰੋਕਿਆ ਸੀ। ਉਹ ਅਪਣੇ ਦੇਵਤਾ ਵਾਂਗ ਅੰਬੇਡਕਰ ਨੂੰ ਪੂਜਦੇ ਹੀ ਹਨ। ਕਰਮ ਉਨ੍ਹਾਂ ਦੇ ਕਹਿਣ ਦੇ ਉਲਟ ਕਰਦੇ ਹਨ।

ਅੰਬੇਡਕਰਵਾਦੀ ਕਹਾਉਣ ਵਾਲੇ ਲੋਕ ਧੜੇਬਾਜ਼ੀ ਕਰ ਕੇ ਸਮਾਨਤਾ ਦੇ ਦੁਸ਼ਮਣ ਦੀ ਸੱਤਾ ਮਜ਼ਬੂਤ ਕਰ ਰਹੇ ਹਨ। ਬਹੁਤ ਸਾਰੇ ਹਿੰਦੂਵਾਦੀ ਅਕਾਲੀ, ਕਾਂਗਰਸੀ, ਭਾਜਪਾ ਅਤੇ ਹੋਰ ਪਾਰਟੀਆਂ ਦੇ ਲੋਕ ਅੰਬੇਡਕਰ ਦੀਆਂ ਫੋਟੋਆਂ ਲਾ ਕੇ ਉਨ੍ਹਾਂ ਦੇ ਦਿਨ ਮਨਾ ਕੇ ਅੰਬੇਡਕਰਵਾਦੀ ਕਹਾਉਣ ਲਗੇ ਹਨ। ਕੁੱਝ ਨਕਲੀ ਅੰਬੇਡਕਰਵਾਦੀ ਸੱਤਾ ਹਾਸਲ ਕਰਨ ਲਈ ਦੂਜੇ ਅੰਬੇਡਕਰਵਾਦੀ ਲੋਕਾਂ ਨਾਲ ਲੜ ਰਹੇ ਹਨ।

ਅੰਬੇਡਕਰ ਦਾ ਸਮਾਜ ਦਿਸ਼ਾਹੀਣ, ਨਿਸ਼ਾਨਾ ਰਹਿਤ ਹੋਇਆ ਇਕ ਦੂਜੇ ਨੂੰ ਦੁਸ਼ਮਣ ਮੰਨ ਰਿਹਾ ਹੈ। ਉਹ ਸਮਝ ਹੀ ਨਹੀਂ ਸਕਦਾ ਕਿ ਉਹ ਅਜਿਹਾ ਕਰਦਾ ਹੋਇਆ ਅੰਬੇਡਕਰਵਾਦ ਦਾ ਦੁਸ਼ਮਣ ਬਣਿਆ ਪਿਆ ਹੈ।

ਹੱਲ ਕੀ ਹੋ ਸਕਦਾ ਹੈ?
ਭਾਰਤ ਵਿਚ ਸੰਵਿਧਾਨ ਹੈ, ਕਾਨੂੰਨ ਹਨ ਜਿਹੜੇ ਸਮਾਨਤਾ ਸਥਾਪਤ ਕਰਨ ਦੇ ਉਦੇਸ਼ ਨਾਲ ਬਣਾਏ ਗਏ ਹਨ। ਅਜਿਹੇ ਸੰਵਿਧਾਨ ਦੇ ਹੁੰਦਿਆਂ ਭਾਰਤੀ ਲੋਕਾਂ ਵਿਚ ਦਿਨੋਂ-ਦਿਨ ਗ਼ਰੀਬ ਅਮੀਰ ਦਾ ਪਾੜਾ ਵਧ ਰਿਹਾ ਹੈ। ਇਸ ਦਾ ਮੁੱਖ ਕਾਰਨ ਸੰਵਿਧਾਨ ਦੇ ਕਾਨੂੰਨਾਂ ਨੂੰ ਲਾਗੂ ਨਾ ਕਰਨਾ ਹੈ। ਭਾਰਤੀ ਰਾਜਨੀਤਕ ਪਾਰਟੀਆਂ ਦਾ ਵੀ ਇਹੋ ਹੀ ਹਾਲ ਹੈ। ਹਰ ਪਾਰਟੀ ਅਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਸੰਵਿਧਾਨ ਬਣਾਉਂਦੀ ਹੈ ਪਰ ਪਾਰਟੀ ਵਿਚ ਜਮਹੂਰੀਅਤ ਨੂੰ ਲਾਗੂ ਕਰਨ ਵਿਚ ਉਨ੍ਹਾਂ ਦੀ ਕੋਈ ਰੁਚੀ ਨਹੀਂ ਹੁੰਦੀ।

ਰਾਜਨੀਤਕ ਪਾਰਟੀਆਂ ਦੇ ਮੁਖੀ ਤਾਨਾਸ਼ਾਹ ਹੀ ਹੁੰਦੇ ਹਨ ਅਤੇ ਉਨ੍ਹਾਂ ਪਾਰਟੀਆਂ ਦੇ ਆਮ ਵਰਕਰ ਨਾਇਕ-ਪੂਜਕ। ਨਾਇਕ ਪੂਜਕ ਢੰਗ ਨਾਲ ਚਲਾਉਣ ਦਾ ਕੰਮ ਅੰਬੇਡਕਰਵਾਦ ਨੂੰ ਨਸ਼ਟ ਕਰਨ ਵਾਲਾ ਪ੍ਰਚਲਣ ਹੈ। ਪਾਰਟੀ ਦੇ ਸੰਵਿਧਾਨ ਦੀਆਂ ਕਾਪੀਆਂ ਹਰ ਛੋਟੇ ਤੋਂ ਛੋਟੇ ਵਰਕਰ ਦੇ ਹੱਥ ਵਿਚ ਹੋਣੀਆਂ ਜ਼ਰੂਰੀ ਹਨ। ਪਾਰਟੀ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਪਾਰਟੀ ਦੇ ਕਾਨੂੰਨਾਂ ਦਾ ਗਿਆਨ ਜ਼ਰੂਰੀ ਹੋਣਾ  ਚਾਹੀਦਾ ਹੈ। 

ਵੱਡੇ ਨੇਤਾ ਤੋਂ ਲੈ ਕੇ ਆਮ ਵਰਕਰ ਤਕ ਸੰਵਿਧਾਨ ਲਾਗੂ ਕਰਨਾ ਚਾਹੀਦਾ ਹੈ। ਅੰਬੇਡਕਰਵਾਦੀ ਪਾਰਟੀਆਂ ਦੇ 95% ਵਰਕਰਾਂ ਨੇ ਪਾਰਟੀ ਦਾ ਸੰਵਿਧਾਨ ਵੀ ਦੇਖਿਆ ਨਹੀਂ ਹੁੰਦਾ। ਬ੍ਰਾਹਮਣਵਾਦੀ ਲਈ ਨਾਇਕ ਪੂਜਾ ਜ਼ਰੂਰੀ ਹੈ ਪਰ ਅੰਬੇਡਕਰਵਾਦੀ ਸਮਾਜ ਪਾਰਟੀਆਂ ਅਤੇ ਲੋਕਾਂ ਵਿਚ ਨਾਇਕ ਪੂਜਾ ਦੀ ਮਾਨਸਿਕਤਾ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਦੀ ਪਾਰਟੀ ਲੋਕਤੰਤਰੀ ਢੰਗਾਂ ਨਾਲ ਚਲਣੀ ਚਾਹੀਦੀ ਹੈ। ਲੋਕਤਾਂਤਰਿਕ ਸੰਵਿਧਾਨ ਸੰਪੂਰਨ ਤੌਰ ਤੇ ਲਾਗੂ ਹੋਣਾ ਚਾਹੀਦਾ ਹੈ। 


ਇੰਜੀ. ਹਰਦੀਪ ਸਿੰਘ ਚੁੰਬਰ 
ਮੋ. 94636 01616

 

SHARE ARTICLE

ਏਜੰਸੀ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement