
ਮੀਡੀਆ ਨੂੰ ਸਤਾਇਆ ਜਾ ਰਿਹਾ ਹੈ, ਉਹ ਭੈਭੀਤ ਹੈ। ਤੁਹਾਨੂੰ ਜੱਜ ਬੀ.ਐਚ. ਲੋਹੀਆ ਯਾਦ ਹਨ? ਜੱਜ ਪ੍ਰਕਾਸ਼ ਧੋਂਬਰੇ ਤੇ ਵਕੀਲ ਸ਼ੀਕਾਂਤ ਖੰਡੇਲਕਰ ਯਾਦ ਹਨ
ਅੱਜ ਦਾ ਮੀਡੀਆ ਜਾਣਦਾ ਹੈ ਕਿ ਸਰਕਾਰ ਵਲ ਉਂਗਲ ਚੁੱਕਣ ਦੀ ਗੁਸਤਾਖ਼ੀ ਕੌਣ ਕਰ ਸਕਦਾ ਹੈ? ਜਿਸ ਨੇ ਕੀਤੀ, ਉਸ ਨੂੰ ਬਰਬਾਦ ਕਰ ਦਿਤਾ ਗਿਆ, ਸਲਾਖ਼ਾਂ ਪਿੱਛੇ ਸੁਟ ਦਿਤਾ ਗਿਆ, ਉਖਾੜ ਸੁਟਿਆ ਗਿਆ ਜਾਂ ਫਿਰ ਮੌਤ ਦੇ ਘਾਟ ਉਤਾਰ ਦਿਤਾ ਗਿਆ। ਜੀ ਹਾਂ, ਅਸੀ ਉਸ ਲੋਕਤਾਂਤਰਿਕ ਦੇਸ਼ ਦੀ ਗੱਲ ਕਰ ਰਹੇ ਹਾਂ ਜਿਥੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਤੋਂ ਜਨਤਾ ਨੂੰ ਸਵਾਲ ਪੁਛਣ ਦੀ ਮਨਾਹੀ ਹੈ। ਮੀਡੀਆ ਨੂੰ ਸਤਾਇਆ ਜਾ ਰਿਹਾ ਹੈ, ਉਹ ਭੈਭੀਤ ਹੈ। ਤੁਹਾਨੂੰ ਜੱਜ ਬੀ.ਐਚ. ਲੋਹੀਆ ਯਾਦ ਹਨ? ਜੱਜ ਪ੍ਰਕਾਸ਼ ਧੋਂਬਰੇ ਤੇ ਵਕੀਲ ਸ਼ੀਕਾਂਤ ਖੰਡੇਲਕਰ ਯਾਦ ਹਨ?
Gauri Lankesh
ਪੱਤਰਕਾਰ ਗੌਰੀ ਲੰਕੇਸ਼ ਯਾਦ ਹਨ? ਨਰੇਂਦਰ ਦਾਭੋਲਕਰ ਯਾਦ ਹਨ? ਗੋਬਿੰਦ ਪਨਸਾਰੇ ਅਤੇ ਐਮ.ਐਮ. ਕਲਬੁਰਗੀ ਯਾਦ ਹਨ? ਗੁਜਰਾਤ ਦੰਗਿਆਂ ਦੀ ਸੱਚਾਈ ਖੋਲ੍ਹਣ ਵਾਲੇ ਆਈਪੀਐਸ ਸੰਜੀਵ ਭੱਟ ਜੀ ਦਾ ਕੀ ਹਾਲ ਹੋਇਆ, ਵੇਖਿਆ ਹੈ ਤੁਸੀਂ? ਇਨ੍ਹਾਂ ਸੱਚ ਦੇ ਰਸਤੇ ਉਤੇ ਚੱਲਣ ਦਾ ਜੋਖਮ ਉਠਾਇਆ ਤੇ ਸੱਤਾ ਦੁਆਰਾ ਮਾਰ ਦਿਤੇ ਗਏ। ਹਕੂਮਤ ਦੇ ਕਾਲੇ ਅਤੇ ਡਰਾਉਣੇ ਸੱਚ ਦੀਆਂ ਅਣਗਿਣਤ ਕਹਾਣੀਆਂ ਹਨ। ਪ੍ਰੰਤੂ ਇਨ੍ਹਾਂ ਕਹਾਣੀਆਂ ਨੂੰ ਕੌਣ ਬਿਆਨ ਕਰੇ? ਜਿਨ੍ਹਾਂ ਨੂੰ ਬਿਆਨ ਕਰਨਾ ਚਾਹੀਦਾ ਸੀ ਉਹ ਵਿਕ ਗਏ। ਡਰ ਦੇ ਮਾਰੇ ਸੱਤਾ ਦੇ ਭੋਂਪੂ ਬਣ ਗਏ। ਜਿਹੜੇ ਨਹੀਂ ਵਿਕੇ, ਉਨ੍ਹਾਂ ਦੀ ਘੰਡੀ ਹੀ ਨੱਪ ਦਿਤੀ ਗਈ। ਮੀਡੀਆ ਯਾਨੀ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਹੁਣ ਪੂਰੀ ਤਰ੍ਹਾਂ ਜੰਗਾਲ ਲੱਗ ਚੁੱਕਾ ਹੈ। ਕਦੋਂ ਢਹਿ ਜਾਵੇ ਕਿਹਾ ਨਹੀਂ ਜਾ ਸਕਦਾ।
Donald Trump
ਜਿਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਪਣੇ ਦੇਸ਼ ਦੇ ਅਖ਼ਬਾਰਾਂ ਉਤੇ ਹਮਲਾ ਕਰ ਰਹੇ ਹਨ ਉਵੇਂ ਹੀ ਇਥੇ ਵੀ ਮੀਡੀਆ ਦੀ ਆਜ਼ਾਦੀ ਲਗਭਗ ਖ਼ਤਮ ਹੋ ਚੁਕੀ ਹੈ। ਸੱਤਾਧਾਰੀਆਂ ਦੇ ਡਰ ਅਤੇ ਦਬਾਅ ਵਿਚ ਤੇ ਹਿੰਦੂ ਕੱਟੜਵਾਦ ਦੇ ਹਮਾਇਤੀ ਪੱਤਰਕਾਰਾਂ ਕੋਲ ਬਸ, ਇਕ ਕੰਮ ਚਾਪਲੂਸੀ ਹੀ ਬਚਿਆ ਹੈ। ਅੱਜ ਜ਼ਿਆਦਾਤਰ ਅਖ਼ਬਾਰਾਂ, ਮੈਗਜ਼ੀਨਾਂ ਵਿਚ ਜੋ ਕੁੱਝ ਛੱਪ ਰਿਹਾ ਹੈ ਜਾਂ ਟੀਵੀ. ਚੈਨਲਾਂ ਉਤੇ ਜੋ ਕੁੱਝ ਵਿਖਾਇਆ ਜਾ ਰਿਹਾ ਹੈ, ਉਹ ਸਰਕਾਰ ਦੀ ਗੌਰਵ ਕਥਾ ਦੇ ਸਿਵਾਏ ਕੁੱਝ ਨਹੀਂ ਹੁੰਦਾ। ਅਰਬਾਂ ਖ਼ਰਬਾਂ ਦੇ ਵਿਗਿਆਪਨਾਂ ਦੀ ਭੀਖ ਵੰਡ ਕੇ ਹਕੂਮਤ ਮੀਡੀਆ ਤੋਂ ਅਪਣੇ ਤਲਵੇ ਚਟਵਾ ਰਹੀ ਹੈ।
Media
ਅਪਣੀ ਵਾਹ ਵਾਹ ਕਰਵਾ ਰਹੀ ਹੈ ਤੇ ਲਾਲਚੀ ਮੀਡੀਆ ਮਾਲਕ ਇਸ ਨੂੰ ਅਪਣੀ ‘ਵਾਹ ਵਾਹ ਕਿਸਮਤ’ ਕਹਿ ਰਹੇ ਹਨ। ਭਾਰਤੀ ਮੀਡੀਆ ਦਾ ਇਕ ਵੱਡਾ ਧੜਾ ਜਿਸ ਨੂੰ ਝੋਲੀ ਭਰ ਕੇ ਬਖ਼ਸ਼ਿਸ਼ਾਂ ਨਾਲ ਨਵਾਜਿਆ ਗਿਆ ਹੈ, ਸਰਕਾਰੀ ਭੋਂਪੂ ਬਣਿਆ ਹੋਇਆ ਹੈ ਤੇ ਸਖ਼ਤ ਕਲਮਾਂ ਦੀਆਂ ਨੋਕਾਂ ਤੁੜਵਾ ਦਿਤੀਆਂ ਗਈਆਂ ਹਨ। ਜਿਹੜੇ ਤੋੜਨ ਲਈ ਨਹੀਂ ਮੰਨੇ ਉਨ੍ਹਾਂ ਨੂੰ ਉਨ੍ਹਾਂ ਦੀ ਕਲਮ ਦੇ ਨਾਲ ਹੀ ਚੁੱਕ ਕੇ ਸੰਸਥਾਵਾਂ ਵਿਚੋਂ ਬਾਹਰ ਸੁਟਵਾ ਦਿਤਾ ਗਿਆ।
Narender Modi
ਆਤਮ ਮੋਹੀ ਹਨ ਟਰੰਪ ਤੇ ਮੋਦੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਚ ਕਾਫ਼ੀ ਕੁੱਝ ਮੇਲ ਖਾਂਦਾ ਹੈ। ਟਰੰਪ ਮੋਦੀ ਦੇ ਬਹੁਤ ਵੱਡੇ ਫ਼ੈਨ ਹਨ। ਉਹ ਕਈ ਮੌਕਿਆਂ ਉਤੇ ਪ੍ਰਧਾਨ ਮੰਤਰੀ ਮੋਦੀ ਤੇ ਭਾਰਤ ਦੀ ਤਾਰੀਫ਼ ਵੀ ਕਰ ਚੁੱਕੇ ਹਨ ਅਤੇ ਇਨ੍ਹਾਂ ਦੋਹਾਂ ਵਿਚ ਬਣਦੀ ਵੀ ਬਹੁਤ ਹੈ। ਟਰੰਪ ਮੋਦੀ ਨੂੰ ਅਪਣਾ ਦੋਸਤ ਦਸਦੇ ਨਹੀਂ ਥਕਦੇ। ਅਮਰੀਕਾ ਆਉਣ ਉਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਸਤਿਕਾਰ ਕਰਦੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲੋਕ ਸਭਾ ਚੋਣਾਂ 2019 ਦੀ ਵੱਡੀ ਜਿੱਤ ਉਤੇ ਬਕਾਇਦਾ ਟੈਲੀਫ਼ੋਨ ਕਰ ਕੇ ਵਧਾਈ ਦਿਤੀ।
Media
ਉਹੀ ਅਮਰੀਕਾ ਜਿਸ ਨੇ ਕਦੇ ਮੋਦੀ ਨੂੰ ਵੀਜ਼ਾ ਦੇਣ ਤੋਂ ਨਾਹ ਕਰ ਦਿਤੀ ਸੀ, ਅੱਜ ਮੋਦੀ ਦੇ ਰਸਤੇ ਵਿਚ ਪਲਕਾਂ ਵਿਛਾ ਰਿਹਾ ਹੈ, ਕਿਉਂ? ਕਿਉਂਕਿ ਹਕੂਮਤ ਦੀ ਚੋਟੀ ਉਤੇ ਬੈਠੇ ਦੋਵੇਂ ਤਾਕਤਵਰਾਂ ਦੇ ਮਿਜ਼ਾਜ ਮਿਲਦੇ ਜੁਲਦੇ ਹਨ, ਵਰਤਾਉ ਮਿਲਦੇ ਹਨ, ਕਰਮ ਮਿਲਦੇ ਹਨ, ਸੋਚ ਮਿਲਦੀ ਹੈ, ਰਵਈਆ ਮਿਲਦਾ ਹੈ ਅਤੇ ਦੋਵੇਂ ਅਪਣੇ ਅੱਗੇ ਸਾਰੀ ਦੁਨੀਆਂ ਨੂੰ ਛੋਟਾ ਸਮਝਦੇ ਹਨ। ਇਥੇ ਹੀ ਬਸ ਨਹੀਂ ਇਹ ਦੋਵੇਂ, ਸਵਾਲ ਪੁਛਣ ਵਾਲਿਆਂ ਨੂੰ ਨਫ਼ਰਤ ਕਰਦੇ ਹਨ। ਦੋਵੇਂ ਸੱਚ ਤੋਂ ਪਰਹੇਜ਼ ਕਰਦੇ ਹਨ। ਦੋਵੇਂ ਮੀਡੀਆ ਨੂੰ ਅਪਣੇ ਅੰਗੂਠੇ ਹੇਠ ਰਖਣਾ ਚਾਹੁੰਦੇ ਹਨ। ਦੋਵੇਂ ਮਹਾਨ ਸ਼ੋਅਮੈਨ ਹਨ, ਚੰਗੇ ਬੁਲਾਰੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਭੀੜ ਨੂੰ ਕਿਵੇਂ ਖ਼ੁਸ਼ ਕੀਤਾ ਜਾ ਸਕਦਾ ਹੈ ਤੇ ਵਿਰੋਧੀਆਂ ਨੂੰ ਕਿਵੇਂ ਨੀਵਾਂ ਵਿਖਾਇਆ ਜਾਵੇ।
Narender Modi and Donald Trump
ਮੋਦੀ ਤੇ ਟਰੰਪ ਦੋਵੇਂ ਹੀ ਆਤਮ ਮੋਹੀ ਹਨ ਜਿਹੜੇ ਗੱਲ ਕਰਨ ਦੀ ਚੁਤਰਾਈ ਦੇ ਚਲਦੇ ਅਪਣੀਆਂ ਕਮਜ਼ੋਰੀਆਂ ਨੂੰ ਛੁਪਾ ਸਕਦੇ ਹਨ। ਅਜਿਹੇ ਲੋਕਾਂ ਨੂੰ ਜਾਪਦਾ ਹੈ ਕਿ ਉਹ ਬੇਹਦ ਪ੍ਰਤਿਭਾਸ਼ਾਲੀ ਹਨ ਤੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਉਪਰ ਵਾਲੇ ਨੇ ਉੁਨ੍ਹਾਂ ਨੂੰ ਧਰਤੀ ਉਤੇ ਭੇਜਿਆ ਹੈ। ਕੁੱਝ ਅਜਿਹਾ ਹੀ ਹਾਲ ਟਰੰਪ ਅਤੇ ਮੋਦੀ ਦਾ ਹੈ। ਅਪਣੇ ਚੋਣ ਪ੍ਰਚਾਰ ਦੌਰਾਨ ਟਰੰਪ ਨੇ ਭਾਰਤੀ ਮੂਲ ਦੇ ਵੋਟਰਾਂ ਦਾ ਮਨ ਜਿੱਤਣ ਲਈ ਨਰੇਂਦਰ ਮੋਦੀ ਦੇ ਮਸ਼ਹੂਰ ਨਾਹਰੇ ‘ਅਬ ਕੀ ਬਾਰ, ਮੋਦੀ ਸਰਕਾਰ’ ਦੀ ਨਕਲ ਕਰ ਕੇ ਅਪਣਾ ਨਾਹਰਾ ਬਣਾਇਆ, ‘ਅਬ ਕੀ ਬਾਰ, ਟਰੰਪ ਸਰਕਾਰ’।
Narender Modi
ਮੋਦੀ ਨੇ ਆਮ ਚੋਣਾਂ ਵਿਚ ਲੋਕਾਂ ਨੂੰ ‘ਚੰਗੇ ਦਿਨਾਂ’ ਦਾ ਸੁਪਨਾ ਵਿਖਾਇਆ ਸੀ। ਟਰੰਪ ਨੇ ਇਸੇ ਤਰਜ ਉਤੇ ਅਮਰੀਕਾ ਨੂੰ ‘ਫਿਰ ਤੋਂ ਮਹਾਨ’ ਬਣਾਉਣ ਦੀ ਅਪੀਲ ਕੀਤੀ।ਟਰੰਪ ਤੇ ਮੋਦੀ ਦੋਹਾਂ ਉਤੇ ਹੀ ਘੱਟ ਗਿਣਤੀਆਂ ਪ੍ਰਤੀ ਦੋਹਰਾ ਰਵਈਆ ਅਪਨਾਉਣ ਦਾ ਦੋਸ਼ ਲਗਦਾ ਰਿਹਾ ਹੈ। ਮੋਦੀ ਨੇ ਕੋਲਕਾਤਾ ਵਿਚ ਅਪਣੇ ਇਕ ਭਾਸ਼ਣ ਦੌਰਾਨ ਬੰਗਲਾਦੇਸ਼ੀ ਪ੍ਰਵਾਸੀਆਂ ਉਤੇ ਪਾਬੰਦੀ ਲਗਾਉਣ ਦੀ ਧਮਕੀ ਦਿਤੀ ਸੀ ਹਾਲਾਂਕਿ ਉਨ੍ਹਾਂ ਨੇ ਇਕ ਵਾਰ ਇਹ ਵੀ ਕਿਹਾ ਸੀ ਕਿ ਬੰਗਲਾਦੇਸ਼ੀ ਹਿੰਦੂ ਪ੍ਰਵਾਸੀਆਂ ਦਾ ਭਾਰਤ ਵਿਚ ਸਵਾਗਤ ਹੈ।;
Media
ਦੂਜੇ ਪਾਸੇ ਟਰੰਪ ਦੇ ਮਨ ਵਿਚ ਮੁਸਲਮਾਨਾਂ ਅਤੇ ਮੈਕਸਿਕੋ ਦੇ ਪ੍ਰਵਾਸੀਆਂ ਪ੍ਰਤੀ ਨਫ਼ਰਤ ਭਰੀ ਹੋਈ ਹੈ। ਚੋਣ ਪ੍ਰਚਾਰ ਦੌਰਾਨ ਟਰੰਪ ਨੇ ਮੁਸਲਮਾਨਾਂ ਨੂੰ ਅਮਰੀਕਾ ਵਿਚ ਦਾਖ਼ਲ ਹੋਣੋਂ ਰੋਕਣ ਲਈ ਵੱਡੀ ਕੰਧ ਬਣਾਉਣ ਦੀ ਗੱਲ ਆਖੀ ਸੀ। ਇਸ ਤਰ੍ਹਾਂ ਦੋਹਾਂ ਉਤੇ ਹੀ ਪ੍ਰਚੰਡ ਰਾਸ਼ਟਰਵਾਦ ਦੇ ਰਸਤੇ ਵਿਚ ਸੱਭ ਤੋਂ ਵੱਡਾ ਰੋੜਾ ਹੈ, ਮੀਡੀਆ ਜਿਸ ਨੂੰ ਖ਼ਤਮ ਕਰਨਾ ਦੋਹਾਂ ਦੀ ਪਹਿਲ ਹੈ।
Janet Malcolm
ਜੇਨੇਟ ਮੈਲਕਮ ਨੇ ‘ਦ ਜਰਨਲਿਸਟ ਐਂਡ ਦਾ ਮਰਡਰਰ’ ਵਿਚ ਲਿਖਿਆ ਹੈ, ਜਿਹੜਾ ਪੱਤਰਕਾਰ ਕਿਸੇ ਦੇ ਆਖੇ ਨੂੰ ਬਿਨਾਂ ਕਿਸੇ ਘੋਖ ਪੜਤਾਲ ਤੋਂ ਹੂ-ਬ-ਹੂ ਪੇਸ਼ ਕਰਦਾ ਹੈ, ਉਸ ਨੂੰ ਪੱਤਰਕਾਰ ਨਹੀਂ, ਸਗੋਂ ਪ੍ਰਚਾਰਕ ਕਿਹਾ ਜਾ ਸਕਦਾ ਹੈ। ਉਨ੍ਹਾਂ ਲਿਖਿਆ ਕਿ ਸੱਚ ਲਿਖਿਆ ਜਾਵੇ ਕਿਉਂਕਿ ਸੱਤਾ ਨਾਲ ਗਲਵਕੜੀਆਂ ਪਾਉਣਾ ਮੀਡੀਆ ਦਾ ਕੰਮ ਨਹੀਂ। mਇਕ ਰਾਜਨੀਤਕ ਪੱਤਰਕਾਰ ਦੀ ਭੂਮਿਕਾ, ਲੋਕਾਂ ਵਲੋਂ ਸਿਰਫ਼ ਜ਼ਰੂਰੀ ਸਵਾਲ ਕਰਨਾ ਹੀ ਨਹੀਂ ਹੁੰਦਾ, ਸਗੋਂ ਜੇਕਰ ਰਾਜ ਦਾ ਲੀਡਰ ਸਵਾਲ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈ, ਤਾਂ ਉਸ ਨੂੰ ਮਜ਼ਬੂਤੀ ਨਾਲ ਚੁਨੌਤੀ ਦੇਣਾ ਵੀ ਹੁੰਦਾ ਹੈ।
Media
ਮੀਡੀਆ ਦਾ ਕੰਮ ਹੈ ਸ਼ੱਕ ਕਰਨਾ ਤੇ ਸਵਾਲ ਪੁਛਣਾ। ਸਰਕਾਰ ਦੇ ਕੰਮ ਉਤੇ ਨਿਗ੍ਹਾ ਰਖਣੀ ਤੇ ਲੋਕਾਂ ਨੂੰ ਸੱਚ ਨਾਲ ਰੂਬਰੂ ਕਰਵਾਉਣਾ ਹੈ। ਇਸੇ ਲਈ ਇਸ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ। ਪ੍ਰੰਤੂ ਅੱਜ ਮੀਡੀਆ ਖ਼ੁਦ ਸਵਾਲਾਂ ਵਿਚ ਘਿਰਿਆ ਹੋਇਆ ਹੈ। ਹਕੂਮਤ ਨੇ ਡਰਾਉਣ, ਧਮਕਾਉਣ, ਮਾਰੋ ਤੇ ਰਾਜ ਕਰੋ ਦੀ ਨੀਤੀ ਤਹਿਤ ਮੀਡੀਆ ਦਾ ਲੱਕ ਤੋੜ ਦਿਤਾ ਹੈ, ਉਸ ਦੀ ਆਜ਼ਾਦੀ ਖੋਹ ਲਈ ਹੈ। ਜਿਹੜਾ ਵਿਕਿਆ ਹਕੂਮਤ ਨੇ ਉਸ ਨੂੰ ਖ਼ਰੀਦ ਲਿਆ, ਜੋ ਨਹੀਂ ਵਿਕਿਆ ਉਸ ਨੂੰ ਮਾਰ ਦਿਤਾ ਗਿਆ।
Media
ਮੋਦੀ ਦਾ ਭੋਂਪੂ ਮੀਡੀਆ : ਅਮਰੀਕੀ ਮੀਡੀਆ ਜਿਥੇ ਹਾਰ ਮੰਨਣ ਨੂੰ ਤਿਆਰ ਨਹੀਂ ਤੇ ਜਿਸ ਨੇ ਇਕਜੁਟ ਹੋ ਕੇ ਟਰੰਪ ਦੀ ਜਵਾਬਦੇਹੀ ਤੈਅ ਕਰਨ ਦਾ ਫ਼ੈਸਲਾ ਲਿਆ ਹੈ, ਉਥੇ ਭਾਰਤੀ ਮੀਡੀਆ ਦਾ ਇਕ ਧੜਾ ਜਿਸ ਨੂੰ ਖ਼ੂਬ ਬਖ਼ਸ਼ਿਸ਼ਾਂ ਤੇ ਮੁਆਵਜ਼ਿਆਂ ਨਾਲ ਲੱਦ ਦਿਤਾ ਗਿਆ ਹੈ, ਮੋਦੀ ਦਾ ਭੋਂਪੂ ਬਣ ਕੇ ਉਭਰਿਆ ਹੈ। ਇਹ ਹੁਣ ਮੋਦੀ ਦੀ ਫ਼ੌਜ ਦੀ ਤਰ੍ਹਾਂ ਕੰਮ ਕਰ ਰਿਹਾ ਹੈ। ਖ਼ੂਬ ਸ਼ੋਰ ਮਚਾ ਰਿਹਾ ਹੈ ਤੇ ਜਨਤਾ ਨਾਲ ਜੁੜੇ ਹਰ ਮੁੱਦੇ ਹਰ ਸਵਾਲ ਨੂੰ ਪਿੱਛੇ ਧੱਕ ਦਿੰਦੇ ਹਨ। ਇਹ ਪ੍ਰਧਾਨ ਮੰਤਰੀ ਦੇ ਆਖੇ ਅਨੁਸਾਰ ਮਨਮਾਫ਼ਿਕ ਇੰਟਰਵਿਊ ਪਲੈਨ ਕਰਦਾ ਹੈ। ਉਨ੍ਹਾਂ ਦੇ ਮਨਮਰਜ਼ੀ ਦੇ ਸਵਾਲ ਜਵਾਬ ਤਿਆਰ ਕਰਦਾ ਹੈ ਤੇ ਉਸ ਦਾ ਖ਼ੂਬ ਪ੍ਰਚਾਰ ਕਰਦਾ ਹੈ।
Media
ਉਹ ਦੇਸ਼ ਹਿੱਤ ਨਾਲ ਜੁੜਿਆ, ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜਿਆ ਪ੍ਰਧਾਨ ਮੰਤਰੀ ਨੂੰ ਬੇਚੈਨ ਕਰਨ ਵਾਲਾ ਕੋਈ ਸਵਾਲ ਨਹੀਂ ਪੁਛਦਾ। ਕਿੰਨੀ ਹੈਰਾਨੀ ਦੀ ਗੱਲ ਹੈ ਕਿ 26 ਮਈ 2014 ਨੂੰ ਕੁਰਸੀ ਉਤੇ ਬੈਠਣ ਤੋਂ ਬਾਅਦ ਪੂਰੇ 5 ਸਾਲਾਂ ਤਕ ਮੋਦੀ ਨੇ ਇਕ ਵੀ ਪ੍ਰੈੱਸ ਮਿਲਣੀ ਨਹੀਂ ਕੀਤੀ। ਜਦਕਿ ਕਿਸੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਦੁਆਰਾ ਪ੍ਰੈੱਸ ਮਿਲਣੀ ਕਰਨਾ ਆਜ਼ਾਦ ਮੀਡੀਆ (ਜਿਸ ਨੂੰ ਵਰਤਮਾਨ ਸਰਕਾਰ ਸੈਕੁਲਰਜ਼ ਕਹਿ ਕੇ ਬੁਲਾਉਂਦੀ ਹੈ) ਉਤੇ ਕੀਤਾ ਜਾਣ ਵਾਲਾ ਅਹਿਸਾਨ ਨਹੀਂ, ਸਗੋਂ ਇਹ ਸਰਕਾਰ ਦੀ ਸੱਭ ਤੋਂ ਵੱਡੀ ਜ਼ਿੰਮੇਵਾਰੀ ਹੈ। ਹਕੂਮਤ ਤੋਂ ਸਵਾਲ ਪੁਛਣਾ ਆਜ਼ਾਦ ਪ੍ਰੈੱਸ ਦਾ ਹੱਕ ਹੈ। ਪ੍ਰੰਤੂ ਪ੍ਰਧਾਨ ਮੰਤਰੀ ਮੋਦੀ ਨੇ ਇਸ ਹੱਕ ਤੋਂ ਮੀਡੀਆ ਨੂੰ ਵਾਂਝਾ ਰਖਿਆ ਹੋਇਆ ਹੈ।
Media
ਪੱਤਰਕਾਰ ਤੈਅ ਕਰਨ : ਅਜਿਹੇ ਵਿਚ ਹੁਣ ਮੀਡੀਆ ਘਰਾਣਿਆਂ, ਪੱਤਰਕਾਰਾਂ ਤੇ ਦੇਸ਼ ਦੇ ਬੁਧੀਜੀਵੀਆਂ ਨੂੰ ਤੈਅ ਕਰਨਾ ਹੋਵੇਗਾ ਕਿ ਜਿਹੜੀ ਗੱਲ ਗੁਜਰਾਤ ਦੇ ਮੁੱਖ ਮੰਤਰੀ ਦੇ ਰਹਿੰਦਿਆਂ ਚੱਲ ਗਈ, ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 5 ਸਾਲਾਂ ਤਕ ਚਲਦੀ ਰਹੀ, ਉਹ ਕੀ ਅੱਗੇ ਵੀ ਚਲੇਗੀ ਜਾਂ ਇਸ ਉਤੇ ਕੋਈ ਸਖ਼ਤ ਫ਼ੈਸਲਾ ਲੈਣ ਦੀ ਲੋੜ ਹੈ? ਮੀਡੀਆ ਨੂੰ ਨਹੀਂ ਭੁਲਣਾ ਚਾਹੀਦਾ ਕਿ ਉਸ ਦਾ ਕੰਮ ਸਵਾਲ ਪੁਛਣਾ ਹੈ, ਉਸ ਦੀ ਹੋਂਦ ਹੀ ਸਵਾਲ ਪੁਛਣ ਉਤੇ ਟਿਕੀ ਹੋਈ ਹੈ। ਲੋਕਤੰਤਰ ਦੇ ਚੌਥੇ ਥੰਮ੍ਹ ਨੇ ਅੱਜ ਪਹਿਲਾਂ ਅਪਣੇ ਆਪ ਤੋਂ ਇਹ ਸਵਾਲ ਪੁਛਣਾ ਹੈ ਕਿ ਸੱਤਾ ਨਾਲ ਗਲਵਕੜੀਆਂ ਪਾਉਣੀਆਂ ਹਨ ਜਾਂ ਲੋਕਾਂ ਦੀ ਆਵਾਜ਼ ਬਣਨਾ ਹੈ? ਆਜ਼ਾਦੀ ਨੂੰ ਮੁੜ ਪ੍ਰਾਪਤ ਕਰਨਾ ਹੈ ਜਾਂ ਟੁਕੜੇ ਟੁਕੜੇ ਹੋ ਕੇ ਅਪਣੀ ਹੋਂਦ ਨੂੰ ਖ਼ਤਮ ਕਰ ਦੇਣਾ ਹੈ?
Media
ਸਵਾਲ ਪੁਛਣ ਦੇ ਹੱਕ ਤੋਂ ਵਾਂਝੇ : ਲੋਕਤੰਤਰੀ ਦੁਨੀਆਂ ਵਿਚ ਮੋਦੀ ਇਕੋ ਇਕ ਅਜਿਹੇ ਲੀਡਰ ਹਨ ਜਿਨ੍ਹਾਂ ਨੇ ਅਧਿਕਾਰਤ ਤੌਰ ਉਤੇ ਸਵਾਲ ਪੁੱਛੇ ਜਾਣ ਦੀ ਪ੍ਰਥਾ ਨੂੰ ਅੰਗੂਠਾ ਵਿਖਾ ਦਿਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਵਿਚ ਪ੍ਰੈੱਸ ਸਲਾਹਕਾਰ ਤਕ ਦੀ ਨਿਯੁਕਤੀ ਨਹੀਂ ਕੀਤੀ। ਇਸ ਅਹੁਦੇ ਉਤੇ ਕਿਸੇ ਨੂੰ ਬਿਠਾਏ ਜਾਣ ਤੋਂ ਪ੍ਰੈੱਸ ਨੂੰ ਪ੍ਰਧਾਨ ਮੰਤਰੀ ਦੇ ਉਨ੍ਹਾਂ ਦੇ ਕੀਤੇ ਵਾਅਦਿਆਂ ਬਾਰੇ ਸਵਾਲ ਪੁਛਣ ਵਿਚ ਆਸਾਨੀ ਹੁੰਦੀ, ਪ੍ਰੰਤੂ ਹੁਣ ਵਾਅਦੇ ਪੂਰੇ ਹੀ ਨਹੀਂ ਕਰਨੇ ਤਾਂ ਸਵਾਲ ਕਿਵੇਂ ਪੁਛਣ ਦਿੰਦੇ? ਵਿਦੇਸ਼ੀ ਦੌਰਿਆਂ ਸਮੇਂ ਪ੍ਰਧਾਨ ਮੰਤਰੀ ਹਵਾਈ ਜਹਾਜ਼ ਵਿਚ ਪੱਤਰਕਾਰਾਂ ਨੂੰ ਨਾਲ ਲੈ ਜਾਣ ਦੀ ਪ੍ਰੰਪਰਾ ਨੂੰ ਵੀ ਮੋਦੀ ਨੇ ਖ਼ਤਮ ਕਰ ਦਿਤਾ ਹੈ।
Dr. Manmohan Singh
ਇਥੇ ਇਹ ਗੱਲ ਧਿਆਨ ਦੇਣਯੋਗ ਹੈ ਕਿ ਮੋਦੀ ਤੋਂ ਪਹਿਲਾਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਿਨ੍ਹਾਂ ਨੂੰ ‘ਮੌਨਮੋਹਨ ਸਿੰਘ’ ਕਹਿ ਕੇ ਮੋਦੀ ਮਜ਼ਾਕ ਉਡਾਇਆ ਕਰਦੇ ਸਨ, ਯਾਤਰਾ ਦੌਰਾਨ ਹਵਾਈ ਜਹਾਜ਼ ਵਿਚ ਪੱਤਰਕਾਰਾਂ ਨਾਲ ਪ੍ਰੈੱਸ ਕਾਨਫਰੰਸ ਕਰਿਆ ਕਰਦੇ ਸਨ। ਇਸ ਵਿਚ ਉਹ ਪੱਤਰਕਾਰਾਂ ਦੇ ਸੱਭ ਸਵਾਲਾਂ ਦੇ ਜਵਾਬ ਦਿੰਦੇ ਸਨ ਤੇ ਇਹ ਸਵਾਲ ਪਹਿਲਾਂ ਤੋਂ ਤੈਅ ਕੀਤੇ ਜਾਂ ਚੁਣੇ ਹੋਏ ਨਹੀਂ ਸਨ ਹੁੰਦੇ। ਮਨਮੋਹਨ ਸਿੰਘ ਨੇ ਦਫ਼ਤਰ ਵਿਚ ਰਹਿੰਦੇ ਹੋਏ ਘੱਟੋ ਘੱਟ ਤਿੰਨ ਵੱਡੀਆਂ ਪ੍ਰੈੱਸ ਮਿਲਣੀਆਂ (2004, 2006, 2010) ਵਿਚ ਕਰਵਾਈਆਂ। ਜਿਨ੍ਹਾਂ ਵਿਚ ਕੋਈ ਵੀ ਸ਼ਾਮਲ ਹੋ ਸਕਦਾ ਸੀ। ਪੱਤਰਕਾਰ ਰਾਸ਼ਟਰੀ ਹਿੱਤ ਦੇ ਮਸਲਿਆਂ ਉਤੇ ਪ੍ਰਧਾਨ ਮੰਤਰੀ ਤੋਂ ਸਿੱਧੇ ਅਹਿਮ ਸਵਾਲ ਪੁੱਛ ਸਕਦੇ ਸਨ।