ਪੁਰਾਣੀ ਬਨਾਮ ਅਜੋਕੀ ਪੰਜਾਬੀ ਗਾਇਕੀ -2
Published : Sep 29, 2019, 1:16 pm IST
Updated : Apr 10, 2020, 7:31 am IST
SHARE ARTICLE
ਪੁਰਾਣੀ ਬਨਾਮ ਅਜੋਕੀ ਪੰਜਾਬੀ ਗਾਇਕੀ -2
ਪੁਰਾਣੀ ਬਨਾਮ ਅਜੋਕੀ ਪੰਜਾਬੀ ਗਾਇਕੀ -2

ਯਮਲਾ ਜੱਟ ਪੰਜਾਬੀ ਗਾਇਕੀ ਦਾ ਧਰੂ ਤਾਰਾ ਕਿਹਾ ਜਾ ਸਕਦਾ ਹੈ। ਯਮਲਾ ਅਜਿੱਤ ਹੈ, ਯਮਲਾ ਅਪੁਹੰਚ ਹੈ, ਯਮਲਾ ਅਮਰ

ਯਮਲਾ ਜੱਟ ਪੰਜਾਬੀ ਗਾਇਕੀ ਦਾ ਧਰੂ ਤਾਰਾ ਕਿਹਾ ਜਾ ਸਕਦਾ ਹੈ। ਯਮਲਾ ਅਜਿੱਤ ਹੈ, ਯਮਲਾ ਅਪੁਹੰਚ ਹੈ, ਯਮਲਾ ਅਮਰ ਹੈ। ਯਮਲੇ ਤਕ ਰਹਿੰਦੀ ਦੁਨੀਆਂ ਤਕ ਕੋਈ ਹੋਰ ਗਾਇਕ ਨਹੀਂ ਪਹੁੰਚ ਸਕਦਾ। ਪਿੰਡਾਂ ਵਿਚ ਅੱਜ ਵੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਸਪੀਕਰ ਲਗਦਾ ਹੈ ਤਾਂ ਪਹਿਲਾ ਗੀਤ ਹੁੰਦਾ ਹੈ 'ਬਾਬਾ ਨਾਨਕ ਤੇਰੀ ਲੀਲਾ ਨਿਆਰੀ ਏ' ਜਾਂ 'ਜਿਨ੍ਹਾਂ ਲਈ ਪਾਪ ਕਰਦਾ ਏਂ ਉਨ੍ਹਾਂ ਨੇ ਨਾਲ ਨਹੀਂ ਜਾਣਾ'। ਇਕ ਫੱਕਰ ਕਿਸਮ ਦਾ ਗਾਇਕ। ਸੁਣਦੇ ਹਾਂ ਕਿ ਯਮਲੇ ਨੇ ਕਈ ਵਾਰ ਬਿਨਾਂ ਪੈਸਿਆਂ ਤੋਂ ਵੀ ਗਾਇਆ ਸੀ।

'ਤੇਰੇ ਨੀ ਕਰਾਰਾਂ ਮੈਨੂੰ ਪੱਟਿਆ' ਰੀ-ਮਿਕਸ ਕਰ ਕੇ ਵੀ ਹਿੱਟ ਰਿਹਾ ਅਤੇ ਫਿਰ ਇਸੇ ਗੀਤ ਦੀ ਧੁਨ ਤੇ ਰਾਜ ਬਰਾੜ ਨੇ 'ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ' ਗਾਇਆ, ਉਹ ਵੀ ਸੂਪਰਹਿੱਟ ਰਿਹਾ। 'ਯਮਲੇ ਦੀ ਤੂੰਬੀ ਸਦਾ ਰਹੂ ਵਜਦੀ' ਹੰਸਰਾਜ ਹੰਸ ਨੇ ਕਦੇ ਗਾਇਆ ਸੀ। ਬਿਲਕੁਲ ਠੀਕ, ਜਦੋਂ ਤਕ ਪੰਜਾਬੀ ਗਾਇਕੀ ਦੀ ਸਮਝ ਰੱਖਣ ਵਾਲੇ ਸਰੋਤੇ ਜਹਾਨ ਤੇ ਜਿਊਂਦੇ ਰਹਿਣਗੇ ਯਮਲਾ ਕਦੇ ਨਹੀਂ ਮਰੇਗਾ। ਉਸ ਦੇ ਗੀਤ ਹਮੇਸ਼ਾ ਆਉਣ ਵਾਲੀ ਪੀੜ੍ਹੀ ਸੁਣਦੀ ਰਹੇਗੀ। ਇਸ ਤੋਂ ਬਾਅਦ ਕੁਲਦੀਪ ਮਾਣਕ।

ਪੰਜਾਬੀ ਗਾਇਕੀ ਦਾ ਅਮਰ ਸਿਤਾਰਾ, ਕਲੀਆਂ ਦਾ ਬਾਦਸ਼ਾਹ। ਜਿਸ ਨੇ ਹਮੇਸ਼ਾ ਅਖਾੜੇ ਦੀ ਸ਼ੁਰੂਆਤ ਬਾਬਾ ਬੰਦਾ ਸਿੰਘ ਬਹਾਦਰ ਦੀ ਕਲੀ ਤੋਂ ਕੀਤੀ। ਇਕ ਗ਼ਰੀਬ ਪ੍ਰਵਾਰ 'ਚੋਂ ਉਠ ਕੇ ਉਸ ਮੁਕਾਮ ਤੇ ਪਹੁੰਚਿਆ ਕਿ ਅੱਜਕਲ੍ਹ ਦੇ ਗਾਇਕਾਂ 'ਚੋਂ ਕੋਈ ਉਸ ਵਰਗੀ ਇਕ ਕਲੀ ਹੀ ਗਾ ਦੇਵੇ ਤਾਂ ਅਮਰ ਹੋ ਜਾਵੇ। 'ਤੇਰੇ ਟਿੱਲੇ ਤੋਂ', 'ਇੱਛਰਾਂ ਧਾਹਾਂ ਮਾਰਦੀ', 'ਮੈਂ ਚਾਦਰ ਕਢਦੀ ਨੀ', 'ਸੁੱਚੇ ਯਾਰ ਬਿਨਾ', 'ਯੂਸਫ਼ ਪੁੱਛੇ ਦੱਸ ਜ਼ੁਲੈਖ਼ਾਂ' ਆਦਿ ਸੈਂਕੜੇ ਗੀਤ ਅਤੇ ਕਲੀਆਂ ਕੁਲਦੀਪ ਮਾਣਕ ਦੀ ਅਪਹੁੰਚ ਗਾਇਕੀ ਦਾ ਪ੍ਰਮਾਣ ਹਨ। ਕਹਾਵਤ ਹੈ ਕਿ ਖੇਡਾਂ 'ਚ ਰੀਕਾਰਡ ਹਮੇਸ਼ਾ ਟੁੱਟਣ ਵਾਸਤੇ ਬਣਦੇ ਹਨ ਪਰ ਮਾਣਕ-ਯਮਲਿਆਂ ਦੇ ਰੀਕਾਰਡ ਅਟੁੱਟ ਹਨ। ਕਿਸੇ ਤੋਂ ਨਹੀਂ ਤੋੜੇ ਜਾਣੇ।

ਛੋਟੇ ਹੁੰਦਿਆਂ ਸਾਉਣ ਮਹੀਨੇ ਜਦੋਂ ਮੀਂਹ ਦੀ ਝੜੀ ਲੱਗੀ ਹੁੰਦੀ ਤਾਂ ਕਿਤੇ ਸਪੀਕਰ 'ਚੋਂ ਮਾਣਕ ਦੀ ਕਲੀ ਚਲਦੀ ਸੁਣਦੀ 'ਕਿਤੇ ਚੱਲ ਕੇ ਤਾਂ ਤੇਲ ਚੁਆ ਅੜਿਆ' ਜਾਂ 'ਤੂੰ ਮਾਸੀ ਬੀਬੋ ਨੀ' ਆਦਿ। ਉਹ ਦ੍ਰਿਸ਼ ਯਾਦ ਕਰ ਕੇ ਅੱਜ ਦੀ ਜ਼ਿੰਦਗੀ ਬੇਰਸ ਜਿਹੀ ਲਗਦੀ ਹੈ ਕਿ ਉਹ ਵਕਤ ਫੇਰ ਮੁੜ ਆਉਣ। ਉਵੇਂ ਮੀਂਹ ਪੈਂਦਾ ਹੋਵੇ ਅਤੇ ਉਹੋ ਕਲੀਆਂ ਚਲਦੀਆਂ ਹੋਣ। ਕਈ ਪਾਠਕਾਂ ਨੂੰ ਪਤਾ ਨਹੀਂ ਹੋਣਾ ਕਿ ਮਾਣਕ ਦੀ ਦੋ ਗਾਣਾ ਗਾਇਕੀ ਵੀ ਕਮਾਲ ਦੀ ਸੀ। ਅਮਰ ਨੂਰੀ ਨਾਲ ਉਨ੍ਹਾਂ ਦਾ ਗੀਤ 'ਵੱਡੇ ਵੀਰ ਨਾਂ ਕਿਉਂ ਨਾਂ ਦੱਸ ਆਈ', ਗੁਲਸ਼ਨ ਕੋਮਲ ਨਾਲ 'ਜੱਟੀਏ ਜੇ ਹੋ ਗਈ ਸਾਧਣੀ', ਤੇ ਦਿਲਰਾਜ ਕੌਰ ਨਾਲ ਫ਼ਿਲਮ ਬਲਬੀਰੋ ਭਾਬੀ ਵਿਚ 'ਇਕ ਵਾਰੀ ਕਹਿ ਦੇ ਟੁੱਟ ਗਈ' ਆਦਿ ਕਿੰਨੇ ਹੀ ਹੋਰ ਦੋਗਾਣੇ ਉਨ੍ਹਾਂ ਨੇ ਗਾਏ ਹਨ ਜੋ ਮਾਣਕ ਗਾ ਗਿਆ, ਸੋ ਗਾ ਗਿਆ। ਮਾਣਕ ਦੇ ਕੋਈ ਨੇੜੇ ਤੇੜੇ ਵੀ ਨਜ਼ਰ ਨਹੀਂ ਆਉਂਦਾ।

ਸਦੀਕ ਅਤੇ ਰਣਜੀਤ ਕੌਰ ਦੀ ਦੋਗਾਣਾ ਜੋੜੀ ਨੂੰ ਕਿਸ ਨੇ ਨਹੀਂ ਸੁਣਿਆ। ਇਨ੍ਹਾਂ ਦੇ ਅਖਾੜੇ ਬਾਬਤ ਇਕ ਕਹਾਵਤ ਪਿੰਡਾਂ 'ਚ ਮਸ਼ਹੂਰ ਹੈ ਕਿ 'ਜਦੋਂ ਇਹ ਗਾਉਂਦੇ ਹਨ ਤਾਂ ਬਕਰੀ ਨਹੀਂ ਮਿਆਂਕਦੀ।' ਯਾਨੀ ਕਿ ਐਨੀ ਵਧੀਆ ਗਾਇਕੀ ਪੇਸ਼ ਕਰਦੇ ਹਨ ਕਿ ਸਰੋਤੇ ਤਾਂ ਕੀ ਪਸ਼ੂ ਵੀ ਮਗਨ ਹੋ ਕੇ ਸੁਣਦੇ ਹਨ। ਮੁਹੰਮਦ ਸਦੀਕ ਦੀ ਕਲੀ 'ਸੁੱਚਾ ਸੂਰਮਾ' ਹਮੇਸ਼ਾ ਮੇਰੀ ਪਸੰਦੀਦਾ ਰਹੀ ਹੈ ਅਤੇ ਉਹ ਪੰਜਾਬੀ ਗਾਇਕੀ 'ਚ ਸੱਭ ਤੋਂ ਵੱਡੀ ਕਲੀ ਜਾਂ ਗੀਤ ਹੈ। ਲਗਭਗ 8 ਮਿੰਟ ਦੀ। ਬੀਬਾ ਰਣਜੀਤ ਕੌਰ ਜੀ ਨੇ ਵੀ ਉਨ੍ਹਾਂ ਦਾ ਬਾਖੂਬੀ ਸਾਥ ਦਿਤਾ।

'ਦੋ ਆਰ ਦੀਆਂ ਦੋ ਪਾਰ ਦੀਆਂ', 'ਟੈਲੀਵਿਜ਼ਨ ਲੈ ਕੇ ਵੇ ਤਸਵੀਰਾਂ ਬੋਲਦੀਆਂ', 'ਜਿਹੜੀ ਦਫ਼ਤਰ ਵਿਚ ਸਟੈਨੋ', 'ਪਹਿਲੇ ਪਹਿਰ ਨੂੰ ਚੰਨ ਚੜ੍ਹ ਜਾਂਦਾ', 'ਵੇਖੀ ਹੁਣ ਡਾਂਗ ਤੂੰ ਮੌਰਾਂ ਤੇ ਟੁਟਦੀ', 'ਕੰਨਾਂ ਦੀਆਂ ਵੇਚ ਡੰਡੀਆਂ ਵੇ ਮੈਂ ਲੰਡਨੋ ਵਕੀਲ ਮੰਗਾਇਆ' ਆਦਿ ਸੈਂਕੜੇ ਦੋਗਾਣੇ ਉਨ੍ਹਾਂ ਨਾਲ ਗਾਏ। ਪੰਜਾਬੀ ਗਾਇਕੀ ਦੇ ਇਤਿਹਾਸ ਦੀ ਸੱਭ ਤੋਂ ਸਫ਼ਲ ਦੋਗਾਣਾ ਜੋੜੀ। ਸਾਡੇ ਸਕਿਆ ਦਾ ਬਾਬਾ ਤਾਰ ਸਿੰਘ ਸਦੀਕ ਦਾ ਏਨਾ ਫ਼ੈਨ ਸੀ ਕਿ ਉਹ ਨੇੜੇ ਤੇੜੇ ਕਿਤੇ ਵੀ ਇਨ੍ਹਾਂ ਦਾ ਅਖਾੜਾ ਨਹੀਂ ਸੀ ਛਡਦਾ, ਘਰ ਦਾ ਕੰਮ ਭਾਵੇਂ ਰਹਿ ਜਾਂਦਾ। ਅੱਜ ਤੋਂ ਵੀਹ-ਪੰਝੀ ਸਾਲ ਪਹਿਲਾਂ ਉਨ੍ਹਾਂ ਨੂੰ ਸਦੀਕ ਦੇ ਕਿੰਨੇ ਹੀ ਗੀਤ ਮੂੰਹ ਜ਼ੁਬਾਨੀ ਯਾਦ ਸਨ। ਸੋ ਇਸ ਦੋਗਾਣਾ ਜੋੜੀ ਦਾ ਰੀਕਾਰਡ ਵੀ ਅਟੁੱਟ ਹੈ। ਇਨ੍ਹਾਂ ਤੋਂ ਵਧੀਆ ਦੋਗਾਣਾ ਜੋੜੀ ਹੁਣ ਨਹੀਂ ਬਣ ਸਕਦੀ।

ਦੀਦਾਰ ਸੰਧੂ ਜੋ ਭਰ ਜਵਾਨੀ ਵਿਚ ਹੀ ਅਪਣੇ ਚਾਹੁਣ ਵਾਲਿਆਂ ਨੂੰ ਵਿਛੋੜਾ ਦੇ ਗਿਆ। ਪਰ ਏਨੇ ਥੋੜੇ ਸਮੇਂ ਵਿਚ ਹੀ ਉਹ ਇਨ੍ਹਾਂ ਨਾਮਵਰ ਗਾਇਕਾਂ ਵਿਚ ਅਪਣਾ ਨਾਮ ਸ਼ੁਮਾਰ ਕਰਾ ਗਿਆ। ਦੀਦਾਰ ਸੰਧੂ ਜੀ ਨੇ ਅਮਰ ਨੂਰੀ ਨਾਲ ਦੋਗਾਣਾ ਜੋੜੀ ਵੀ ਬਣਾਈ ਸੀ। ਉਨ੍ਹਾਂ ਦੇ ਗਾਏ ਗੀਤ 'ਫਾਟਕ ਕੋਟ ਕਪੂਰੇ ਦਾ', ਆਦਿ ਕਿੰਨੇ ਹੀ ਗੀਤ ਮਕਬੂਲ ਹੋਏ। ਜੇ ਅੱਜ ਉਹ ਜਿਉਂਦੇ ਹੁੰਦੇ ਤਾਂ ਯਕੀਨਨ ਮਾਣਕ ਤੇ ਸਦੀਕ ਵਾਂਗ ਸੈਂਕੜੇ ਗੀਤ ਸਾਡੀ ਝੋਲੀ ਪਾਉਂਦੇ। ਦੀਦਾਰ ਸੰਧੂ ਵਾਂਗ ਹੀ ਨਛੱਤਰ ਛੱਤਾ ਵੀ ਸਾਨੂੰ ਭਰ ਜਵਾਨੀ ਵਿਛੋੜਾ ਦੇ ਗਿਆ। ਬਹੁਤ ਘੱਟ ਹੀ ਪਾਠਕ ਜਾਣਦੇ ਹੋਣਗੇ ਕਿ ਛੱਤਾ ਇਕ ਮਜ਼ਦੂਰ ਪ੍ਰਵਾਰ ਦਾ ਜੰਮਪਲ ਸੀ, ਜੋ 7 ਭਰਾਵਾਂ ਵਿਚੋਂ ਸੱਭ ਤੋਂ ਵੱਡਾ ਸੀ। ਉਸ ਦੀਆਂ 2-3 ਕੈਸੇਟਾਂ ਹੀ ਮਾਰਕੀਟ ਵਿਚ ਆਈਆਂ ਹਨ।

ਪਰ ਇਹ 2-3 ਕੈਸੇਟਾਂ ਦੇ ਗਿਣਤੀ ਦੇ ਗੀਤ ਹੀ ਉਸ ਨੂੰ ਅਮਰ ਕਰ ਗਏ। 'ਇਕ ਸਾਉਣ ਦਾ ਮਹੀਨਾ ਰੁੱਤ ਪਿਆਰ ਦੀ', 'ਹੋਰ ਸੱਭ ਸੁੱਖ ਚੰਨਾ ਸਾਡਾ ਮੰਦਾ ਹਾਲ ਵੇ', 'ਮਰੇ ਨਾ ਕਿਸੇ ਦਾ ਪਤੀ ਪਰਵਿਦਗਾਰ', 'ਤੈਨੂੰ ਭੁਲਿਆ ਨੀ ਜਾਂਦਾ ਭੁੱਲ ਜਾਣ ਵਾਲੀਏ', ਆਦਿ ਕਿੰਨੇ ਹੀ ਗੀਤ ਉਸ ਅਜ਼ੀਮ ਫਨਕਾਰ ਨੇ ਗਾਏ।ਉਹ ਸਾਰੇ ਹੀ ਸੁਣਨ ਵਾਲੇ ਹਨ। ਏਨੀ ਘੋਰ ਗ਼ਰੀਬੀ 'ਚੋਂ ਉੱਠ ਕੇ ਛੱਤੇ ਨੇ ਅਪਣੀ ਗਾਇਕੀ ਦਾ ਝੰਡਾ ਸਾਰੀ ਦੁਨੀਆਂ 'ਚ ਬੁਲ਼ੰਦ ਕੀਤਾ। ਛੱਤੇ ਦੀ ਗਾਇਕੀ ਦੀ ਇਕ ਮਿਸਾਲ ਦੇਣੀ ਚਾਹਾਂਗਾ ਕਿ ਮੇਰੀ ਮਾਸੀ ਜੀ ਦਾ ਬੇਟਾ ਅਰਸ਼ੀ ਚੱਠਾ ਜੋ ਕਿ ਵਾਈ.ਪੀ.ਐੱਸ. ਪਟਿਆਲਾ ਵਿਖੇ ਪੜ੍ਹਿਆ ਹੈ ਅਤੇ ਅੱਜਕਲ੍ਹ ਆਸਟਰੇਲੀਆ ਵਿਚ ਰਹਿ ਰਿਹਾ ਹੈ

 

, ਉਹ ਟੈਕਸੀ ਡਰਾਈਵਰ ਹੈ ਤੇ ਉਸ ਦੀ ਕਾਰ ਵਿਚ ਅੱਜ ਵੀ ਜ਼ਿਆਦਾਤਰ ਛੱਤਾ ਹੀ ਸੁਣੀਂਦਾ ਹੈ। ਪਰ ਅਫ਼ਸੋਸ ਕਿ ਛੱਤੇ ਦੀ ਮੌਤ ਤੋਂ ਬਾਅਦ ਉਸ ਦੇ ਮਜ਼ਦੂਰ ਪਰਿਵਾਰ ਦੀ ਛੱਤੇ ਦੀ ਗ਼ੁਰਬਤ ਭਰੀ ਜ਼ਿੰਦਗੀ ਕਿਸੇ ਅੱਜਕਲ੍ਹ ਦੇ ਗਾਇਕ ਨੇ ਨਹੀਂ ਤੱਕੀ। ਕਦੇ ਘਰ ਜਾ ਕੇ ਹਮਦਰਦੀ ਨਹੀਂ ਕੀਤੀ ਲੱਖਾਂ ਕਰੋੜਾਂ ਦੇ ਮਾਲਕ ਗਿੱਪੀ, ਦਿਲਜੀਤ, ਮਿੱਸ ਪੂਜਾ, ਕੌਰ ਬੀ, ਸਿੱਪੀ ਆਦਿ ਨੇ ਕਦੀ ਨਹੀ ਸੋਚਿਆ ਕਿ ਉਨ੍ਹਾਂ ਦੇ ਖੇਤਰ ਦੀ ਇਸ ਮਹਾਨ ਸ਼ਖ਼ਸ਼ੀਅਤ ਦੇ ਘਰ ਵਾਲਿਆਂ ਦੀ ਕਦੇ ਸਾਰ ਲਈ ਜਾਵੇ।
(ਬਾਕੀ ਅਗਲੇ ਹਫ਼ਤੇ)
ਸੰਪਰਕ : 94785-22228, 98775-58127

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement