Bedi Lal Singh: ਪੰਜਾਬੀ ਸਾਹਿਤ ਦੇ ਮਹਾਨ ਸਪੂਤ, ਸਾਹਿਤਕਾਰ ਬੇਦੀ ਲਾਲ ਸਿੰਘ
Published : Apr 30, 2024, 9:19 am IST
Updated : Apr 30, 2024, 9:19 am IST
SHARE ARTICLE
Bedi Lal Singh
Bedi Lal Singh

ਬੇਦੀ ਲਾਲ ਸਿੰਘ ਨੇ ਗੁਰਬਾਣੀ, ਗੁਰਮਤਿ, ਸਾਹਿਤ ਤੇ ਇਤਿਹਾਸ ਬਾਰੇ ਪੁਸਤਕਾਂ ਰਚਣ ਤੋਂ ਇਲਾਵਾ ਪੱਤਰਕਾਰੀ, ਸਾਹਿਤਕਾਰੀ ਤੇ ਇਤਿਹਾਸਕਾਰੀ ਲਈ ਬਹੁਤ ਸਾਰਾ ਪ੍ਰਮਾਣਕ ਕੰਮ ਕੀਤਾ

Bedi Lal Singh: ਪੰਜਾਬੀ ਦੇ ਪ੍ਰਸਿੱਧ ਲੇਖਕ ਤੇ ਬਜ਼ੁਰਗ ਦਾਨਸ਼ਵਰ ਬੇਦੀ ਲਾਲ ਸਿੰਘ ਸਾਹਿਤਕਾਰ 1 ਮਈ 2000 ਦੀ ਅੱਧੀ ਰਾਤ, ਇਸ ਫ਼ਾਨੀ ਸੰਸਾਰ ਨੂੰ ਸਦੀਵੀ ਅਲਵਿਦਾ ਕਹਿ ਗਏ। ਦਸੰਬਰ 1910 ਵਿਚ ਜਨਮੇ ਬੇਦੀ ਲਾਲ ਸਿੰਘ ਨੇ ਗੁਰਬਾਣੀ, ਗੁਰਮਤਿ, ਸਾਹਿਤ ਤੇ ਇਤਿਹਾਸ ਬਾਰੇ ਪੁਸਤਕਾਂ ਰਚਣ ਤੋਂ ਇਲਾਵਾ ਪੱਤਰਕਾਰੀ, ਸਾਹਿਤਕਾਰੀ ਤੇ ਇਤਿਹਾਸਕਾਰੀ ਲਈ ਬਹੁਤ ਸਾਰਾ ਪ੍ਰਮਾਣਕ ਕੰਮ ਕੀਤਾ। ਉਹ ਅੰਗਰੇਜ਼ੀ, ਅਰਬੀ, ਫ਼ਾਰਸੀ, ਸੰਸਕ੍ਰਿਤ, ਬ੍ਰਿਜ, ਪੰਜਾਬੀ, ਹਿੰਦੀ ਤੇ ਉਰਦੂ ਦੇ ਵਿਦਵਾਨ ਸਨ।

ਅਪਣੀ ਇਸ ਬਹੁਭਾਸ਼ਾਈ ਯੋਗਤਾ ਦੀ ਵਰਤੋਂ ਕਰਦਿਆਂ ਉਨ੍ਹਾਂ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਦੀਆਂ ਅਮਰ ਰਚਨਾਵਾਂ ਨੂੰ ਭਾਸ਼ਾਈ ਵਿਕਾਸ, ਭਾਸ਼ਾਗਤ ਵਖਰੇਵੇਂ ਅਤੇ ਭਾਸ਼ਾਈ ਸੁਹਜ-ਸ਼ਾਸਤਰੀ ਦ੍ਰਿਸ਼ਟੀ ਤੋਂ ਵਿਚਾਰਦਿਆਂ, ਯਾਦਗਾਰੀ ਪੁਸਤਕਾਂ ਦੀ ਰਚਨਾ ਕੀਤੀ। ਉਨ੍ਹਾਂ ਦੀ ਪ੍ਰਸਿੱਧ ਪੁਸਤਕ ‘ਭਾਰਤ ਦਰਸ਼ਨ’, ਚਾਣਕੀਆਂ ਰਾਜਨੀਤੀ, ਕਾਫ਼ੀ ਚਰਚਾ ਦਾ ਵਿਸ਼ਾ ਰਹੀਆਂ।

ਭਾਰਤ ਦਰਸ਼ਨ ਵਿਚ ਵੱਖ-ਵੱਖ ਸ਼ਹਿਰਾਂ, ਇਮਾਰਤਾਂ, ਸਭਿਆਚਾਰਾਂ ਤੇ ਵਰਤਾਰਿਆਂ ਬਾਰੇ ਭਰਪੂਰ ਜਾਣਕਾਰੀ ਦਿਤੀ ਗਈ ਹੈ ਅਤੇ ਨਾਵਾਂ-ਥਾਵਾਂ ਦੀ ਵਿਉਂਤਪਤੀ ਬਾਰੇ ਜਿੰਨੀ ਬਾਰੀਕੀ ਨਾਲ ਉਹ ਪਰਖ ਪੜਚੋਲ ਕਰਦੇ ਸਨ, ਉਹ ਅਪਣੇ ਆਪ ਵਿਚ ਇਕ ਨਾਦਰ ਨਮੂਨਾ ਅਤੇ ਅਨੂਠਾ ਅਨੁਭਵ ਹੈ। ਛੋਟੇ-ਛੋਟੇ ਟ੍ਰੈਕਟਾਂ ਨੂੰ ਵੱਖ-ਵੱਖ ਇਤਿਹਾਸਕ ਦਿਹਾੜਿਆਂ ਉਤੇ ਛਾਪ ਕੇ ਮੁਫ਼ਤ ਵੰਡਣ ਦੀ ਪ੍ਰਵਿਰਤੀ ਤਹਿਤ ਉਨ੍ਹਾਂ ਨੇ ਸਾਧਾਰਨ ਮਨ ਵਿਚ ਸਮਾਜਕ ਜਾਗ੍ਰਤੀ ਪੈਦਾ ਕਰਨ ਲਈ ਵਡਮੁੱਲਾ ਯੋਗਦਾਨ ਪਾਇਆ ਹੈ। ਉਹ ਅਜਿਹੇ ਸਿਰੜੀ, ਸਿਦਕੀ, ਸੰਜਮੀ ਤੇ ਖ਼ੁਸ਼ ਰਹਿਣ ਵਾਲੇ ਵਿਅਕਤੀ ਸਨ ਕਿ ਉਨ੍ਹਾਂ ਨੇ ਲਗਾਤਾਰ ਸੱਠ ਸਾਲ ਸਾਹਿਤ ਰਚਨਾ ਕੀਤੀ।

ਰਾਜ ਪਧਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਸਭਾਵਾਂ ਤੇ ਸੰਸਥਾਵਾਂ ਨੇ ਉਨ੍ਹਾਂ ਨੂੰ ਬੇਅੰਤ ਮਾਨ ਸਨਮਾਨ ਦਿਤੇ। ਸਿਖਿਆ ਵਿਭਾਗ ਤੋਂ ਸੇਵਾ ਮੁਕਤ ਹੋਣ ਉਪਰੰਤ ਉਨ੍ਹਾਂ ਨੇ ਬਹੁਤ ਸਾਰੇ ਸਪਤਾਹਿਕ, ਪੰਦਰਾਂ ਰੋਜ਼ਾ ਤੇ ਮਾਸਿਕ ਪੱਤਰਾਂ ਦੀ ਸੰਪਾਦਨਾ ਕੀਤੀ। ਚੀਫ਼ ਖ਼ਾਲਸਾ ਦੀਵਾਨ ਦੀ ਖ਼ਾਲਸਾ ਟ੍ਰੈੇਕਟ ਸੁਸਾਇਟੀ ਦੇ ‘ਨਿਰਗੁਣੀਆਰਾ’ ਮਾਸਿਕ ਪੱਤਰ ਦੀ ਉਨ੍ਹਾਂ ਨੇ ਢਾਈ ਦਹਾਕੇ ਤੋਂ ਵੱਧ ਸੰਪਾਦਨਾ ਹੀ ਨਹੀਂ ਕੀਤੀ ਸਗੋਂ ਇਸ ਦੀ ਦਿੱਖ ਤੇ ਮੈਟਰ ਨੂੰ ਵਿਉਂਤਣ ਤੇ ਪ੍ਰਸਤੁਤ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ।

ਭਾਈ ਵੀਰ ਸਿੰਘ ਦੇ ਗੁਰਬਾਣੀ ਕੋਸ਼ ਨੂੰ ਦੋ ਵਾਰ ਪੁਨਰ ਪ੍ਰਕਾਸ਼ਤ ਕਰਵਾ ਕੇ, ਗੁਰਬਾਣੀ ਪ੍ਰੇਮੀਆਂ ਦੀਆਂ ਦੁਬਿਧਾਵਾਂ ਸਰਲ ਕਰਨ ਵਿਚ ਅਪਣਾ ਹਿੱਸਾ ਪਾਇਆ। ਹਿੰਦ-ਪਾਕਿ ਵੰਡ ਦੀ ਤ੍ਰਾਸਦੀ ਝੱਲਦਿਆਂ, ਅਗੱਸਤ 1947 ਵਿਚ ਉਹ ਬੱਦੋਮੱਲੀ ਤੋਂ ਅਪਣੇ ਜਿਸਮ ’ਤੇ ਬਰਛੀਆਂ ਦੇ ਦਰਜਨਾਂ ਜ਼ਖ਼ਮ ਲੈ ਕੇ ਅੰਮ੍ਰਿਤਸਰ ਪਹੁੰਚੇ ਜੋ ਬਾਅਦ ਵਿਚ ਭਾਵੇਂ ਉਨ੍ਹਾਂ ਦੇ ਜਿਸਮ ਦਾ ਅਟੁੱਟ ਤੇ ਅਕੱਟ ਭਾਗ ਬਣ ਗਏ ਪਰ ਇਸ ਕਰਮਯੋਗੀ ਵਿਅਕਤੀ ਨੇ ਕਦੀ ਭੂਤ-ਸਿਮਰਨ ਕਰ ਕੇ ਉਦਾਸੀ ਜਾਂ ਨਫ਼ਰਤ ਦਾ ਪ੍ਰਗਟਾਵਾ ਨਹੀਂ ਸੀ ਕੀਤਾ ਸਗੋਂ ਚੰਗੇਰੇ ਕਲ ਦੀ ਸਿਰਜਣਾ ਵਿਚ ਯਤਨਸ਼ੀਲ ਰਹੇ। ਨਾਮਧਾਰੀ ਦਰਬਾਰ ਨੇ ਉਨ੍ਹਾਂ ਦੀਆਂ ਤਿੰਨ ਪੁਸਤਕਾਂ ਪ੍ਰਕਾਸ਼ਤ ਕੀਤੀਆਂ।

ਉਨ੍ਹਾਂ ਦੀ ਲੇਖਣੀ ਵਿਚ ਖ਼ੂਬਸੂਰਤ ਸ਼ਬਦਾਂ ਦਾ ਪ੍ਰਗਟਾਅ ਹੁੰਦਾ ਸੀ। ਉਨ੍ਹਾਂ ਦੇ ਛੋਟੇ ਭਰਾਤਾ ਬੇਦੀ ਖ਼ੁਸ਼ਹਾਲ ਸਿੰਘ ਵੈਦਰਾਜ ਨੇ ਵੀ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਆਯੁਰਵੇਦ ਤੇ ਨਿਜੀ ਅਨੁਭਵ ’ਤੇ ਆਧਾਰਤ ਪੁਸਤਕਾਂ ਦੀ ਰਚਨਾ ਕੀਤੀ। ਉਨ੍ਹਾਂ ਦੇ ਪੰਜ ਸਪੁੱਤਰ ਸਨ ਵੱਡੇ ਸਪੁੱਤਰ ਸ. ਕੁਲਵੰਤ ਸਿੰਘ ਸੂਫੀ ਚੰਗੇ ਵਕਤਾ ਤੇ ਸਟੇਜ ਨੂੰ ਭਾਵਪੂਰਤ ਤਰੀਕੇ ਨਾਲ ਚਲਾਉਣ ਦੇ ਮਾਹਰ ਸਨ। ਸ. ਹਰਜੀਤ ਸਿੰਘ ਬੇਦੀ ਚੰਗੇ ਕਹਾਣੀਕਾਰ, ਪ੍ਰੋ: ਹਰਚੰਦ ਸਿੰਘ ਬੇਦੀ ਨੇ ਸਾਹਿਤ-ਆਲੋਚਨਾ, ਸਿੱਖ ਇਤਿਹਾਸ ਤੇ ਪਰਵਾਸੀ ਸਾਹਿਤ ਦੇ ਖੇਤਰ ਵਿਚ, ਵੱਡਾ ਨਾਂ ਕਮਾਇਆ ਹੈ। ਇਨ੍ਹਾਂ ਲਾਈਨਾਂ ਦਾ ਲੇਖਕ ਦਿਲਜੀਤ ਸਿੰਘ ਬੇਦੀ ਸ਼੍ਰੋ: ਗੁ: ਪ੍ਰ: ਕਮੇਟੀ ਦੇ ਸਕੱਤਰ ਅਹੁਦੇ ਤੋਂ ਸੇਵਾ ਮੁਕਤ ਹੋਏ ਅਤੇ ਗੁਰਮਤਿ ਸਾਹਿਤ ਤੇ ਇਤਿਹਾਸ ਨਾਲ ਸਬੰਧਤ ਦੋ ਦਰਜਨ ਤੋਂ ਵੱਧ ਪੁਸਤਕਾਂ ਦੀ ਰਚਨਾ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਮਾਸਕ ਪੱਤਰਾਂ ਦਾ ਲੰਮਾ ਸਮਾਂ ਪਬਲੀਸ਼ਰ ਤੇ ਸੰਪਾਦਕ ਵਜੋਂ ਸੇਵਾ ਕੀਤੀ। ਬੇਦੀ ਲਾਲ ਸਿੰਘ ਦੀ ਸ਼ਖ਼ਸੀਅਤ ਦਾ ਇਕ ਮੀਰੀ ਗੁਣ ਇਹ ਸੀ ਕਿ ਉਨ੍ਹਾਂ ਨੂੰ ਫ਼ਿਲਬਦੀਹ ਸ਼ੇਅਰ ਕਹਿਣ ਤੇ ਉਨ੍ਹਾਂ ਪ੍ਰਤੀ ਵਿਚਾਰ ਪੈਦਾ ਕਰਨ ਦੀ ਬੜੀ ਸਮਝ ਸੀ। ਇਸੇ ਲਈ ਵੱਡੀਆਂ-ਵੱਡੀਆਂ ਮਹਿਫ਼ਲਾਂ ਵਿਚ, ਉਹ ਵਿਦਵਾਨਾਂ ਨਾਲ ਸੰਵਾਦ ਰਚਾਉਂਦੇ ਤੇ ਉਨ੍ਹਾਂ ਨੂੰ ਨਿਰਉਤਰ ਕਰ ਦੇਂਦੇ ਸਨ।

ਇਤਿਹਾਸ ਵਿਚ ਅੰਕਿਤ ਹੈ ਕਿ ਮਾਸਟਰ ਤਾਰਾ ਸਿੰਘ ਨੇ ਕਾਸ਼ਤੀਵਾਲ ਵਿਖੇ ਇਕ ਵੱਡੀ ਕਾਨਫ਼ਰੰਸ ਕੀਤੀ ਸੀ ਜਿਸ ਦੇ ਰੂਹੇ ਰਵਾਂ ਬੇਦੀ ਲਾਲ ਸਿੰਘ ਜੀ ਸਨ। ਬੱਸ ਉਸ ਦਿਨ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪੰਜਾਬੀ ਦਾ ਸ਼ਾਇਦ ਹੀ ਕੋਈ ਅਖ਼ਬਾਰ ਜਾਂ ਰਸਾਲਾ ਹੋਵੇ ਜਿਸ ਨੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਆਦਰ ਸਹਿਤ ਨਾ ਛਾਪਿਆ ਹੋਵੇ। ਉਨ੍ਹਾਂ ਬਾਰੇ ਛਪੇ ਅਭਿਨੰਦਨ ਗ੍ਰੰਥ ਵਿਚ ਸਵਰਗਵਾਸੀ ਡਾ: ਪਿਆਰ ਸਿੰਘ ਨੇ ਲਿਖਿਆ ਕਿ ਬੇਦੀ ਸਾਹਿਬ ਦੀ ਥਾਂ ਜੇਕਰ ਕੋਈ ਹੋਰ ਹੁੰਦਾ ਤਾਂ ਉਹ ਅਪਣੀ ਪਿਛਲੀ ਕੌਮੀ ਸੇਵਾ ਅਤੇ ਘੱਲੂਘਾਰੇ ਵਿਚ ਹੋਏ ਜਾਨੀ ਤੇ ਮਾਲੀ ਨੁਕਸਾਨ ਨੂੰ ਵਰਤ ਕੇ ਰਾਜਨੀਤੀ ਵਿਚ ਅਪਣੀ ਥਾਂ ਬਣਾ ਲੈਂਦਾ, ਪਰ ਇਥੇ ਤਾਂ ਉਹ ਚਾਤੁਰ ਰਾਜਨੀਤਕ ਨਹੀਂ, ਇਕ ਨਿਰਮਾਣ ਸੇਵਕ ਸੀ। ਸੋ ਉਹ ਤਾਂ ਆਦਰਸ਼ ਕੀਮਤਾਂ ਰੱਖਣ ਵਾਲਾ ਸਾਹਿਤਕਾਰ, ਦੁਨੀਆਂਦਾਰੀ ਤੋਂ ਅਭਿੱਜ ਸਾਹਿਤਕਾਰ ਹੈ।

ਬੇਦੀ ਸਾਹਿਬ ਅਪਣੇ ਆਪ ਵਿਚ ਇਕ ਸਦੀ ਦਾ ਇਤਿਹਾਸ ਸਨ। ਉਨ੍ਹਾਂ ਨੇ ਅਪਣੀਆਂ ਯਾਦਾਂ ਨੂੰ ਭਾਵੇਂ ਵਿਧੀਵਤ ਰੂਪ ਵਿਚ ਤਾਂ ਪ੍ਰਕਾਸ਼ਤ ਨਹੀਂ ਕਰਵਾਇਆ ਪਰ ਉਹ ਮੂਲ ਰੂਪ ਵਿਚ ਇਕ ਨਿਸ਼ਠਾਵਾਨ ਸਿੱਖ ਸਨ, ਜਿਨ੍ਹਾਂ ਨੇ ਬਾਣੀ ਦੇ ਮਹਾਤਮ ਨੂੰ ਕੇਵਲ, ਸਮਕਾਲੀ ਪ੍ਰਸਥਿਤੀਆਂ ਵਿਚ ਹੀ ਨਹੀਂ ਸਗੋਂ ਤ੍ਰੈਕਾਲੀ ਦ੍ਰਿਸ਼ਟੀ ਬਿੰਦੂ ਤੋਂ ਵਾਚਣ ਦੀ ਕੋਸ਼ਿਸ਼ ਕੀਤੀ। ਬੇਦੀ ਸਾਹਿਬ ਦੀਆਂ ਦਰਜਨਾਂ ਪੁਸਤਕਾਂ ਤੇ ਸੈਂਕੜੇ ਟ੍ਰੈਕਟ ਛਪੇ ਹਨ। ਅਖ਼ਬਾਰਾਂ ਵਿਚ ਛਪੇ ਆਰਟੀਕਲਾਂ ਦੇ ਮਾਧਿਅਮ ਰਾਹੀਂ ਢੇਰਾਂ ਦੋਸਤੀਆਂ ਉਨ੍ਹਾਂ ਨੇ ਬਣਾਈਆਂ। ਉਨ੍ਹਾਂ ਦੀ ਸਾਫ਼ਗੋਈ ਤੇ ਖ਼ੁਸ਼ਲਿਬਾਸੀ ਦੁਸ਼ਮਣਾਂ ਦਾ ਹੀ ਦਿਲ ਮੋਹ ਲੈਂਦੀ ਸੀ। ਉਨ੍ਹਾਂ ਦਾ ਦੁਸ਼ਮਣ ਕੋਈ ਨਹੀ ਸੀ, ਲੋਕ ਉਨ੍ਹਾਂ ਨਾਲ ਕਦੀ-ਕਦੀ ਹਸਦ ਕਰਦੇ ਸਨ। ਉਹ ਹਮੇਸ਼ਾ ਦੂਜਿਆਂ ਦੇ ਕੰਮ ਆਉਣ ਲਈ ਤੱਤਪਰ ਰਹਿੰਦੇ ਸਨ।

ਬੇਦੀ ਸਾਹਿਬ ਦੀ ਸ਼ਖ਼ਸੀਅਤ ਦਾ ਇਕ ਹੋਰ ਮੀਰੀ ਗੁਣ ਇਹ ਸੀ ਕਿ ਉਨ੍ਹਾਂ ਦੀ ਰਫ਼ਤਾਰ, ਗੁਫਤਾਰ ਤੇ ਦਸਤਾਰ ਰਲ ਕੇ ਇਕ ਭਾਵਪੂਰਤ ਕਿਰਦਾਰ ਸਿਰਜਦੀਆਂ ਸਨ। ਰਫ਼ਤਾਰ ਉਨ੍ਹਾਂ ਦੀ ਹਮੇਸ਼ਾ ਤੇਜ਼, ਗੁਫ਼ਤਾਰ ਸੰਜਮੀ ਤੇ ਪ੍ਰਭਾਵੀ, ਦਸਤਾਰ ਬੰਨਣ ਦੀ ਸ਼ੈਲੀ ਅਸਲੋਂ ਵਖਰੀ ਤੇ ਨਿਵੇਕਲੀ। ਦਗ-ਦਗ ਕਰਦਾ ਚਿਹਰਾ, ਰੋਸ਼ਨ ਅੱਖਾਂ, ਖਿੜਿਆ ਮਨ ਤੇ ਹੁਲਾਸ ਨਾਲ ਭਰਿਆ ਵਿਹਾਰ। ਉਨ੍ਹਾਂ ਦੀ ਜ਼ਿੰਦਗੀ ਵਿਚ ਤਿੰਨ ਐਕਸੀਡੈਂਟ ਵੀ ਹੋਏ ਅਤੇ ਉਨ੍ਹਾਂ ਨੇ ਹਮੇਸ਼ਾ ਅਪਣੇ ਆਤਮਬਲ ਦੇ ਸਹਾਰੇ ਛੇਤੀ ਨਿਰੋਗ ਹੋ ਕੇ ਡਾਕਟਰਾਂ ਤੇ ਸਬੰਧੀਆਂ ਨੂੰ ਅਚੰਭਿਤ ਕੀਤਾ। ਉਨ੍ਹਾਂ ਨੇ ਲੰਮਾ ਸਮਾਂ ਅਪਣੀਆਂ ਅੱਖਾਂ ਗੁਆ ਚੁੱਕੀ ਪਤਨੀ ਦੀ ਆਦਰਸ਼ਕ ਪੱਧਰ ’ਤੇ ਸੇਵਾ ਕੀਤੀ। ਉਨ੍ਹਾਂ ਦੇ ਇਨ੍ਹਾਂ ਮਾਨਵੀ ਤੇ ਦਿਆਲੂ ਸੁਭਾਅ ਕਰ ਕੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਪਿਆਰਿਆਂ ਦਾ ਘੇਰਾ ਹਮੇਸ਼ਾ ਵਸੀਹ ਹੁੰਦਾ ਗਿਆ। ਉਨ੍ਹਾਂ ਦੀ ਸ਼ਖ਼ਸੀਅਤ ਹੀ ਇੰਨੀ ਪਿਆਰੀ ਸੀ ਕਿ ਬਹੁਤੇ ਕਲਮਕਾਰ ਉਨ੍ਹਾਂ ਪਾਸੋਂ ਸਿਖਿਆ ਦੀਖਿਆ ਲੈਣ ਲਈ ਨਿਰੰਤਰ ਉਨ੍ਹਾਂ ਕੋਲ ਅਪਣਾ ਡੇਰਾ ਜਮਾਈ ਰਖਦੇ ਸਨ।
ਅੰਤਮ ਪਲਾਂ ਵਿਚ ਉਨ੍ਹਾਂ ਨੇ ਕਾਗ਼ਜ਼ ’ਤੇ ਲਿਖ ਕੇ ਦਿਤਾ ਕਿ “ਸਾਡਾ ਹੁਣ ਅੰਤਮ ਸਮਾਂ ਆ ਗਿਆ ਹੈ।” ਇਸ ਉਪਰੰਤ ਉਨ੍ਹਾਂ ਪਾਣੀ ਦਾ ਸੇਵਨ ਕੀਤਾ ਤੇ ਇਸ ਫ਼ਾਨੀ ਸੰਸਾਰ ਨੂੰ ਤਿਆਗ ਗਏ। ਬੇਦੀ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ, ਉਨ੍ਹਾਂ ਦੇ ਸੁਨੇਹੀਆਂ ਨੂੰ ਵਿਸ਼ਵਾਸ ਨਹੀਂ ਸੀ ਆਉਂਦਾ ਕਿਉਂਕਿ ਉਹ ਨਿਰੰਤਰ ਉਨ੍ਹਾਂ ਨੂੰ ਜੀਵਨ ਦੇ ਕਿਸੇ ਨਾ ਕਿਸੇ ਮੋੜ ਤੇ ਖਿੜ ਖੜਾਉਂਦੇ ਹੱਸਦੇ ਖੇਡਦੇ, ਅਸੀਸਾਂ ਦੇਂਦੇ ਮਿਲੇ ਸਨ। ਭਾਈ ਵੀਰ ਸਿੰਘ, ਪ੍ਰੋ: ਪੂਰਨ ਸਿੰਘ, ਡਾ: ਬਲਬੀਰ ਸਿੰਘ ਵਰਗੇ ਚਿੰਤਕ ਸਾਹਿਤਕਾਰਾਂ ਦੀ ਉਤਰਕਾਲੀ ਪੀੜ੍ਹੀ ਵਿਚੋਂ ਬੇਦੀ ਲਾਲ ਸਿੰਘ ਉਹ ਵਿਦਵਾਨ ਸਨ ਜਿਨ੍ਹਾਂ ਨੇ ਸਾਰੀ ਉਮਰ ਨਿਰਸਵਾਰਥ ਹੋ ਕੇ ਸਾਹਿਤ ਸਾਧਨਾ ਕੀਤੀ ਅਤੇ ਕਦੀ ਇਸ ਸਾਧਨਾ ਲਈ ਕਿਸੇ ਲਾਭ ਦੀ ਇੱਛਾ ਨਹੀਂ ਕੀਤੀ।
-ਦਿਲਜੀਤ ਸਿੰਘ ਬੇਦੀ

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement