Hamdardvir Nowshervi: ਕਵੀ ਅਤੇ ਕਹਾਣੀਕਾਰ ਵੀ ਆਹਲਾ ਦਰਜੇ ਦਾ ਸੀ ਹਮਦਰਦਵੀਰ ਨੌਸ਼ਹਿਰਵੀ
Published : May 30, 2024, 8:21 am IST
Updated : May 30, 2024, 8:21 am IST
SHARE ARTICLE
Hamdardvir Nowshervi
Hamdardvir Nowshervi

ਹਮਦਰਦਵੀਰ ਨੌਸ਼ਹਿਰਵੀ ਦੀਆਂ ਲਿਖਤਾਂ ਪੰਜਾਬੀ ਦੇ ਹਰ ਅਖ਼ਬਾਰ ਵਿਚ ਅਣਗਿਣਤ ਛਪੀਆਂ।

Hamdardvir Nowshervi: ਸਮਰਾਲਾ ਦੀ ਧਰਤੀ ’ਤੇ ਬੈਠ ਕੇ ਕਲਮ ਚਲਾਉਣ ਵਾਲਾ ਹਮਦਰਦਵੀਰ ਨੌਸ਼ਹਿਰਵੀ ਪੰਜਾਬੀ ਸਾਹਿਤ ਜਗਤ ਵਿਚ ਅਪਣਾ ਨਾਂਅ ਅਮਰ ਕਰ ਗਿਆ। ਇਹ ਕੋਈ ਸੌਖਾ ਕੰਮ ਨਹੀਂ ਸੀ। ਉਸ ਨੇ ਅਪਣੀ ਜ਼ਿੰਦਗੀ ਦਾ ਅੱਧੀ ਸਦੀ ਤੋਂ ਵੱਧ ਦਾ ਸਫ਼ਰ ਸਾਹਿਤ ਦਾ ਸ਼ੁਦਾਈ ਤੇ ਸ਼ਬਦਾਂ ਦਾ ਜਾਦੂਗਰ ਬਣ ਕੇ ਬਿਤਾਇਆ। ਸਾਹਿਤ ਉਸ ਦੇ ਸੁਭਾਅ, ਉਸ ਦੀਆਂ ਗੱਲਾਂ ਤੇ ਉਸ ਦੀ ਰਗਰਗ ਵਿਚ ਵਸਿਆ ਹੋਇਆ ਸੀ। ਉਹ ਕਵੀ ਵੀ ਕਮਾਲ ਦਾ ਸੀ, ਆਲੋਚਕ ਵੀ ਸਿਰੇ ਦਾ ਸੀ ਤੇ ਕਹਾਣੀਕਾਰ ਵੀ ਆਹਲਾ ਦਰਜੇ ਦਾ ਸੀ। ਜਦੋਂ ਉਹ ਵਾਰਤਕ ਲਿਖਦਾ ਤਾਂ ਉਸ ਦੀ ਚਰਚਾ ਵੀ ਲੰਮਾ ਸਮਾਂ ਹੁੰਦੀ ਰਹੀ। ਨੌਸ਼ਹਿਰਵੀ ਅਪਣੀ ਕਲਮ ਤੋਂ 25 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਗਿਆ ਜਿਨ੍ਹਾਂ ਵਿਚ 12 ਕਿਤਾਬਾਂ ਕਹਾਣੀਆਂ ਦੀਆਂ, 7 ਕਵਿਤਾਵਾਂ ਦੀਆਂ, 3 ਵਾਰਤਕ, 1 ਸੰਪਾਦਨਾ, 1 ਹਿੰਦੀ ਤੋਂ ਅਨੁਵਾਦ ਤੇ 1 ਸਵੈ-ਜੀਵਨੀ ਸਨ।

ਵੱਡੀਆਂ-ਵੱਡੀਆਂ ਪ੍ਰਾਪਤੀਆਂ ਦੇ ਪਰਚਮ ਲਹਿਰਾਉਂਦਾ ਹੋਇਆ ਉਹ ਭਾਵੇਂ 2 ਜੂਨ ਨੂੰ ਸਾਡੇ ਵਿਚੋਂ ਸਦਾ ਲਈ ਤੁਰ ਗਿਆ ਪਰ ਉਸ ਦੇ ਲਿਖੇ ਹੋਏ ਸ਼ਬਦ ਹਮੇਸ਼ਾ ਜਗਮਗਾਉਂਦੇ ਰਹਿਣਗੇ। ਬਹੁਤ ਘੱਟ ਲੋਕ ਜਾਣਦੇ ਹਨ ਕਿ ਦੁਨੀਆਂ ਭਰ ਦੇ ਪ੍ਰਸਿੱਧ ਸਾਹਿਤਕਾਰ ਹਮਦਰਦਵੀਰ ਨੌਸ਼ਹਿਰਵੀ ਦਾ ਪਹਿਲਾਂ ਨਾਂ ਬੂਟਾ ਸਿੰਘ ਸੀ। ਲਿਖਣ ਦੀ ਚੇਟਕ ਤੇ ਦਬੇ ਕੁਚਲੇ ਲੋੜਵੰਦਾਂ ਲਈ ਦਿਲ ’ਚ ਉਠਦੀ ਹਮਦਰਦੀ ਨੇ ਉਸ ਨੂੰ ਹਮਦਰਦਵੀਰ ਨੌਸ਼ਹਿਰਵੀ ਬਣਾ ਦਿਤਾ।

ਉਹ ਦਸਿਆ ਕਰਦਾ ਸੀ ਕਿ ਹਮਦਰਦੀ ਤੋਂ ਮੈਂ ਹਮਦਰਦਵੀਰ ਤੇ ਅਪਣੇ ਪਿੰਡ ਨੌਸ਼ਹਿਰਾ ਪੰਨੂੰਆਂ ਤੋਂ ਨੌਸ਼ਹਿਰਵੀ ਹੋ ਗਿਆ। ਜੱਗ ਜਾਣਦਾ ਹੈ ਕਿ ਦੋ ਨਾਵਾਂ ਦੇ ਇਸ ਸਫ਼ਰ ਦੌਰਾਨ ਉਸ ਨੇ ਦਿਨ-ਰਾਤ ਇਕ ਕਰ ਕੇ ਕਲਮ ਨੂੰ ਵਾਹਿਆ। ਅੱਜ ਸਾਹਿਤਕ, ਸਮਾਜਕ ਅਤੇ ਪ੍ਰਵਾਰਕ ਤੌਰ ’ਤੇ ਜੁੜਿਆ ਹਰ ਸ਼ਖ਼ਸ ਉਸ ਨੂੰ ਯਾਦ ਕਰ ਕੇ ਅੱਖਾਂ ਵਿਚੋਂ ਅਥਰੂ ਵਹਾ ਰਿਹਾ ਹੈ। ਉਸ ਦੀ ਖ਼ਾਸੀਅਤ ਸੀ ਕਿ ਖ਼ੁਸ਼ੀ ਦੇ ਸਮਾਗਮਾਂ ਵਿਚ ਉਹ ਸਾਡੀਆਂ ਰਵਾਇਤਾਂ ਨੂੰ ਤੋੜਦਾ ਹੋਇਆ ਲਿਫ਼ਾਫ਼ਿਆਂ ਵਿਚ ਪਾਏ ਪੈਸਿਆਂ ਨੂੰ ਸ਼ਗਨ ਦੇ ਰੂਪ ਵਿਚ ਨਹੀਂ ਦਿੰਦਾ ਸੀ ਸਗੋਂ ਚੰਗਾ ਗਿਆਨ ਪ੍ਰਦਾਨ ਕਰਨ ਵਾਲੀਆਂ ਸਾਹਿਤਕ ਕਿਤਾਬਾਂ ਤੋਹਫ਼ੇ ਦੇ ਰੂਪ ਵਿਚ ਮੇਜ਼ਬਾਨ ਦੀ ਝੋਲੀ ਪਾ ਦਿੰਦਾ ਸੀ। ਉਹ ਜਿਥੇ ਵੀ ਜਾਂਦਾ, ਅਪਣੇ ਮੋਹ-ਪਿਆਰ ਤੇ ਲੇਖਣੀ ਦੀ ਛਾਪ ਜ਼ਰੂਰ ਛੱਡ ਕੇ ਆਉਂਦਾ ਸੀ।

ਹਮਦਰਦਵੀਰ ਨੌਸ਼ਹਿਰਵੀ ਦੀਆਂ ਲਿਖਤਾਂ ਪੰਜਾਬੀ ਦੇ ਹਰ ਅਖ਼ਬਾਰ ਵਿਚ ਅਣਗਿਣਤ ਛਪੀਆਂ। ਇਸੇ ਕਰ ਕੇ ਪੰਜਾਬੀ ਅਖ਼ਬਾਰਾਂ ਨਾਲ ਉਸ ਦੀ ਗੂੜ੍ਹੀ ਸਾਂਝ ਸੀ। ਇਸ ਦੇ ਨਾਲ-ਨਾਲ ਕਿਤਾਬਾਂ ਦੇ ਛਪਣ ਦਾ ਸਿਲਸਿਲਾ ਵੀ ਨਿਰੰਤਰ ਜਾਰੀ ਰਿਹਾ। ਛਪੀਆਂ ਕਿਤਾਬਾਂ ਵਿਚੋਂ ‘ਧੁੱਪ ਉਜਾੜ ਤੇ ਰਾਹਗੀਰ’, ‘ਕਾਲੇ ਲਿਖ ਨਾ ਲੇਖ’, ‘ਮੇਰੀ ਸਰਦਲ ਦੇ ਦੀਵੇ’, ‘ਖੰਡਤ ਮਨੁੱਖ ਦੀ ਗਾਥਾ’, ‘ਸਲੀਬ ’ਤੇ ਟੰਗਿਆ ਮਨੁੱਖ’,‘ਬਰਫ਼ ਦੇ ਆਦਮੀ ਤੇ ਸੂਰਜ’, ‘ਨਿੱਕੇ ਨਿੱਕੇ ਹਿਟਲਰ’, ‘ਨੀਰੋ ਬੰਸਰੀ ਵਜਾ ਰਿਹਾ ਸੀ’ ਤੋਂ ਇਲਾਵਾ ਕਾਵਿ- ਸੰਗ੍ਰਹਿ ‘ਧਰਤੀ ਭਰੇ ਹੁੰਗਾਰਾ’, ‘ਤਪਦਾ ਥਲ ਤੇ ਨੰਗੇ ਪੈਰ’, ‘ਚਟਾਨ ਤੇ ਕਿਸ਼ਤੀ’, ‘ਫਿਰ ਆਈ ਬਾਬਰ ਬਾਣੀ’ ਤੇ ‘ਧੁੱਪੇ ਖੜਾ ਆਦਮੀ’ ਦੀ ਪੰਜਾਬੀ ਸਾਹਿਤ ਜਗਤ ਵਿਚ ਖ਼ੂਬ ਚਰਚਾ ਹੋਈ। ਨੌਸ਼ਹਿਰਵੀ ਨੇ ਅਪਣੇ ਘਰ ਨੂੰ ਸਾਹਿਤ ਦਾ ਮੰਦਰ ਬਣਾਉਣ ਲਈ ਘਰ ਨੂੰ ਕਿਤਾਬਾਂ ਨਾਲ ਲਬਰੇਜ਼ ਕਰ ਦਿਤਾ। ਘਰ ਦੇ ਮੁੱਖ ਦਰਵਾਜ਼ੇ ’ਤੇ ਲਿਖ ਦਿਤਾ ‘ਕਵਿਤਾ ਭਵਨ’ ਇਸ ਭਵਨ ਵਿਚ ਬੈਠਾ ਬਜ਼ੁਰਗ ਲੇਖਕ ਨੌਸ਼ਹਿਰਵੀ ਸਾਧ ਦੀ ਧੂਣੀ ਵਾਂਗ ਅਪਣੇ ਚੇਲੇ ਬਾਲਕਿਆਂ ਦੀ ਸੰਗਤ ਜੋੜੀ ਰਖਦਾ।

ਨਿੱਘੇ ਸੁਭਾਅ ਤੇ ਪਿਆਰ- ਮੁਹੱਬਤ ਵਾਲੇ ਰਵਈਏ ਨੇ ਉਸ ਨੂੰ ਨੌਸ਼ਹਿਰਵੀ ਤੋਂ ‘ਬਾਪੂ’ ਦਾ ਰੁਤਬਾ ਵੀ ਦਿਵਾ ਦਿਤਾ। ਉਸ ਦੀਆਂ ਖੱਬੀਆਂ ਸੱਜੀਆਂ ਬਾਹਾਂ ਬਣ ਕੇ ਆਖ਼ਰੀ ਸਮੇਂ ਤਕ ਸਾਥ ਨਿਭਾਉਣ ਵਾਲੇ ਲਖਵੀਰ ਸਿੰਘ ਬਲਾਲਾ, ਡਾ. ਹਰਜਿੰਦਰਪਾਲ ਸਿੰਘ, ਡਾ. ਪਰਮਿੰਦਰ ਸਿੰਘ ਬੈਨੀਪਾਲ ਤੋਂ ਇਲਾਵਾ ਮਾਸਟਰ ਤਰਲੋਚਨ, ਰਾਜਵਿੰਦਰ ਸਮਰਾਲਾ, ਦੀਪ ਦਿਲਬਰ, ਬਲਵੀਰ ਸਿੰਘ ਬੱਬੀ, ਮਾਸਟਰ ਪੁਖਰਾਜ ਸਿੰਘ, ਕਰਮਜੀਤ ਸਿੰਘ ਆਜ਼ਾਦ, ਗੁਰਜੀਤ ਸਿੰਘ ਪਾਲਮਾਜਰਾ, ਬਲਜਿੰਦਰ ਸਿੰਘ ਮਾਛੀਵਾੜਾ, ਸ਼ਮਸ਼ੇਰ ਸਿੰਘ, ਚਮਕੌਰ ਸਿੰਘ ਘਣਗਸ, ਮਾਸਟਰ ਯੋਧ ਸਿੰਘ ਵਰਗੀਆਂ ਸਿਰਕੱਢ ਸਾਹਿਤਕ ਤੇ ਸਮਾਜਕ ਹਸਤੀਆਂ ਉਸ ਨੂੰ ‘ਬਾਪੂ’ ‘ਪਿਤਾ ਜੀ’ ਕਹਿ ਕੇ ਬੁਲਾਉਂਦੀਆਂ ਸਨ। ਹੌਲੀ-ਹੌਲੀ ਇਸ ਰੀਤ ਵਿਚ ਉਸ ਨੂੰ ਚਾਹੁਣ ਵਾਲੇ ਕਈ ਨੌਜਵਾਨ ਸ਼ਾਮਲ ਹੋ ਗਏ। ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬੀ ਸਾਹਿਤ ਦੀ ਏਨਾ ਲੰਮਾ ਸਮਾਂ ਸੇਵਾ ਕਰਨ ਵਾਲੇ ਵਿਦਵਾਨ ਸਾਹਿਤਕਾਰ ਨੂੰ ਉਹ ਮਾਣ-ਸਨਮਾਨ ਨਹੀਂ ਮਿਲਿਆ ਜਿਸ ਦਾ ਉਹ ਹੱਕਦਾਰ ਸੀ। ਕੋਈ ਪੁਰਸਕਾਰ ਮਿਲਣ ਦੀ ਅਧੂਰੀ ਤਮੰਨਾ ਲੈ ਕੇ ਹੀ ਉਹ ਸੰਸਾਰ ਤੋਂ ਰੁਖ਼ਸਤ ਹੋ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM
Advertisement