
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ।
ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਬੋਰਡ ਵੱਲੋਂ ਅੱਜ ਪ੍ਰੈੱਸ ਕਾਰਫਰੰਸ ਕਰਕੇ ਇਹ ਨਤੀਜੇ ਐਲਾਨੇ ਗਏ। 10ਵੀਂ ਦੀ ਪ੍ਰੀਖਿਆ ਦੇ ਨਤੀਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in ‘ਤੇ ਜਾਰੀ ਕੀਤੇ ਗਏ ਹਨ। ਵਿਦਿਆਰਥੀ ਇਸ ਵੈੱਬਸਾਈਟ ‘ਤੇ ਜਾ ਕੇ ਅਪਣੇ ਨਤੀਜੇ ਦੇਖ ਸਕਦੇ ਹਨ। ਪੰਜਾਬ ਬੋਰਡ ਦੀਆਂ 10ਵੀਂ ਦੀ ਪ੍ਰੀਖਿਆ ਵਿਚ ਕੁੱਲ 85.8 ਫੀਸਦੀ ਵਿਦਿਆਰਥੀ ਪਾਸ ਹੋਏ ਹਨ।
10ਵੀਂ ਜਮਾਤ ਵਿਚੋਂ ਲੁਧਿਆਣਾ ਦੀ ਨੇਹਾ ਵਰਮਾ ਨੇ 99.54 ਫੀਸਦੀ (647/650) ਅੰਕ ਲੈ ਕੇ ਟਾਪ ਕੀਤਾ ਹੈ। ਸੰਗਰੂਰ ਜ਼ਿਲ੍ਹੇ ਦੀ ਹਰਲੀਨ ਕੌਰ, ਲੁਧਿਆਣਾ ਜ਼ਿਲ੍ਹੇ ਦੀ ਅੰਕਿਤਾ ਸਚਦੇਵਾ ਅਤੇ ਲੁਧਿਆਣਾ ਜ਼ਿਲ੍ਹੇ ਦੀ ਅੰਜਲੀ ਨੇ 99.23 ਫੀਸਦੀ (645/650) ਅੰਕ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ ਹੈ। ਦੱਸ ਦਈਏ ਕਿ ਇਸ ਸਾਲ ਦਸਵੀਂ ਦੀ ਪ੍ਰੀਖਿਆ ਵਿਚ 3.8 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਸਦੇ ਨਾਲ ਹੀ 12ਵੀਂ ਵਿਚ 3.4 ਲੱਖ ਵਿਦਿਆਰਥੀ ਪ੍ਰੀਖਿਆ ਵਿਚ ਬੈਠੇ ਸਨ। ਪੰਜਾਬ ਬੋਰਡ ਵੱਲੋਂ 12ਵੀਂ ਦੇ ਨਤੀਜੇ ਇਸ ਹਫਤੇ ਦੇ ਅਖੀਰ ਵਿਚ ਐਲਾਨੇ ਜਾਣਗੇ।
ਦੱਸ ਦਈਏ ਕਿ ਪਿਛਲੇ ਸਾਲ 2018 ਵਿਚ 10ਵੀਂ ਵਿਚੋਂ ਕੁੱਲ 59.47 ਫੀਸਦੀ ਵਿਦਿਆਰਥੀ ਪਾਸ ਹੋਏ ਸਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 2018 ਵਿਚ ਲੁਧਿਆਣਾ ਦੇ ਗੁਰਪ੍ਰੀਤ ਸਿੰਘ ਨੇ 98 ਫੀਸਦੀ ਅੰਕ ਲੈ ਕੇ ਟਾਪ ਕੀਤਾ ਸੀ ਜਦਕਿ ਲੁਧਿਆਣਾ ਜ਼ਿਲ੍ਹੇ ਦੀ ਅਮਿਸ਼ਾ ਅਰੋੜਾ ਨੇ 98.44 ਫੀਸਦੀ ਅੰਕ ਲੈ ਕੇ 12ਵੀਂ ਜਮਾਤ ਵਿਚੋਂ ਟਾਪ ਕੀਤਾ ਸੀ।