
60 ਤੋਂ 80 ਰੁਪਏ ਕਿਲੋ ਵਿਕਣ ਲੱਗਾ ਟਮਾਟਰ
ਨਵੀਂ ਦਿੱਲੀ : ਪਿਆਜ਼ ਮਗਰੋਂ ਹੁਣ ਟਮਾਟਰ ਨੇ ਲੋਕਾਂ ਦਾ ਤ੍ਰਾਹ ਕੱਢ ਦਿਤਾ ਹੈ। ਸਬਜ਼ੀ ਮੰਡੀਆਂ ਅਤੇ ਦੁਕਾਨਾਂ 'ਤੇ ਟਮਾਟਰ 60 ਤੋਂ 80 ਰੁਪਏ ਕਿਲੋ ਤਕ ਵਿਕਣ ਲੱਗ ਪਏ ਹਨ। ਦਿੱਲੀ ਵਿਚ ਟਮਾਟਰ ਦਾ ਪਰਚੂਨ ਮੁੱਲ 80 ਰੁਪਏ ਪ੍ਰਤੀ ਕਿਲੋ 'ਤੇ ਜਾ ਪੁੱਜਾ ਹੈ। ਕਰਨਾਟਕ ਸਮੇਤ ਹੋਰ ਪ੍ਰਮੁੱਖ ਉਤਪਾਦਕ ਰਾਜਾਂ ਵਿਚ ਭਾਰੀ ਮੀਂਹ ਕਾਰਨ ਟਮਾਟਰ ਦੀ ਫ਼ਸਲ ਖ਼ਰਾਬ ਹੋਈ ਹੈ ਜਿਸ ਕਾਰਨ ਸਪਲਾਈ ਪ੍ਰਭਾਵਤ ਹੋਈ ਹੈ।
Tomato
ਪਿਛਲੇ ਹਫ਼ਤੇ ਦੀ ਤੁਲਨਾ ਵਿਚ ਪਿਆਜ਼ ਦੀ ਕੀਮਤ ਵਿਚ ਮਾਮੂਲੀ ਕਮੀ ਆਈ ਹੈ ਅਤੇ ਦਿੱਲੀ ਵਿਚ ਪਿਆਜ਼ ਹੁਣ 60 ਰੁਪਏ ਪ੍ਰਤੀ ਕਿਲੋ 'ਤੇ ਚੱਲ ਰਿਹਾ ਹੈ ਤੇ ਪੰਜਾਬ ਵਿਚ 50 ਰੁਪਏ ਤੋਂ ਘੱਟ ਗਿਆ ਹੈ। ਵਪਾਰੀਆਂ ਮੁਤਾਬਕ ਪਿਛਲੇ ਕੁੱਝ ਦਿਨਾਂ ਵਿਚ ਟਮਾਟਰ ਮਹਿੰਗਾ ਹੋ ਗਿਆ ਹੈ ਕਿਉਂਕਿ ਇਸ ਦੀ ਸਪਲਾਈ ਘੱਟ ਗਈ ਹੈ। ਮਦਰ ਦੇਅਰ ਦੇ ਸਫ਼ਲ ਵਿਕਰੀ ਕੇਂਦਰ 'ਤੇ ਟਮਾਟਰ 58 ਰੁਪਏ ਪ੍ਰਤੀ ਕਿਲੋ ਦੀ ਕੀਮਤ 'ਤੇ ਵੇਚਿਆ ਜਾ ਰਿਹਾ ਹੈ। ਸਥਾਨਕ ਦੁਕਾਨਦਾਰ ਗੁਣਵੱਤਾ ਅਤੇ ਇਲਾਕੇ ਦੇ ਹਿਸਾਬ ਨਾਲ ਟਮਾਟਰ 60 ਤੋਂ 80 ਰੁਪਏ ਕਿਲੋ ਤਕ ਵੇਚ ਰਹੇ ਹਨ। ਪੰਜਾਬ ਵਿਚ ਵੀ ਇਹੋ ਕੀਮਤ ਚੱਲ ਰਹੀ ਹੈ। ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਕ ਦਿੱਲੀ ਵਿਚ ਟਮਾਟਰ ਦਾ ਔਸਤ ਥੋਕ ਮੁਲ ਇਕ ਅਕਤੂਬਰ ਦੇ 45 ਰੁਪਏ ਕਿਲੋ ਤੋਂ ਵੱਧ ਕੇ ਬੁਧਵਾਰ ਨੂੰ 54 ਰੁਪਏ ਪ੍ਰਤੀ ਕਿਲੋ ਹੋ ਗਿਆ।
Tomato
ਆਜ਼ਾਦਪੁਰ ਮੰਡੀ ਦੇ ਥੋਕ ਵਪਾਰੀ ਨੇ ਕਿਹਾ, 'ਪਿਛਲੇ ਕੁੱਝ ਦਿਨਾਂ ਵਿਚ ਟਮਾਟਰ ਦੀ ਕੀਮਤ ਵਿਚ ਤੇਜ਼ੀ ਆਈ ਹੈ ਕਿਉਂਕਿ ਕਰਨਾਟਕ ਤੇ ਹੋਰ ਰਾਜਾਂ ਵਿਚ ਹੜ੍ਹਾਂ ਅਤੇ ਭਾਰੀ ਮੀਂਹ ਕਾਰਨ ਸਪਲਾਈ ਘਟੀ ਹੈ।' ਉਸ ਨੇ ਕਿਹਾ ਕਿ ਕਰਨਾਟਕ ਅਤੇ ਤੇਲੰਗਾਨਾ ਜਿਹੇ ਦਖਣੀ ਰਾਜਾਂ ਅਤੇ ਕੁੱਝ ਪਹਾੜੀ ਰਾਜਾਂ ਵਿਚ ਪਿਛਲੇ ਕੁੱਝ ਦਿਨਾਂ ਵਿਚ ਭਾਰੀ ਮੀਂਹ ਪਿਆ ਜਿਸ ਨਾਲ ਫ਼ਸਲ ਦਾ ਨੁਕਸਾਨ ਹੋਇਆ। ਹੋਰ ਮਹਾਂਨਗਰਾਂ ਵਿਚ ਵੀ ਟਮਾਟਰ ਦੇ ਭਾਅ ਚੜ੍ਹ ਗਏ ਹਨ।
Tomato
ਸਰਕਾਰੀ ਅੰਕੜਿਆਂ ਮੁਤਾਬਕ ਬੁਧਵਾਰ ਨੂੰ ਟਮਾਟਰ ਦਾ ਭਾਅ ਕੋਲਕਾਤਾ ਵਿਚ 60 ਰੁਪਏ ਕਿਲੋ, ਮੁੰਬਈ ਵਿਚ 54 ਅਤੇ ਚੇਨਈ ਵਿਚ 40 ਰੁਪਏ ਕਿਲੋ ਸੀ। ਸਰਕਾਰੀ ਅਦਾਰਿਆਂ ਨਾਫ਼ੇਡ, ਐਨਸੀਸੀਐਫ਼ ਅਤੇ ਮਦਰ ਡੇਅਰੀ ਜ਼ਰੀਏ ਕੇਂਦਰ ਸਰਕਾਰ ਦੁਆਰਾ ਪਿਆਜ਼ ਦੀ ਸਪਲਾਈ ਵਧਾਉਣ ਕਾਰਨ ਦਿੱਲੀ ਦੇ ਪਰਚੂਨ ਬਾਜ਼ਾਰਾਂ ਵਿਚ ਪਿਆਜ਼ ਦੀ ਕੀਮਤ 60 ਰੁਪਏ ਕਿਲੋ ਤੋਂ ਹੇਠਾਂ ਆ ਗਈ ਹੈ। ਇਹ ਸਹਿਕਾਰੀ ਅਦਾਰੇ 23.90 ਰੁਪਏ ਪ੍ਰਤੀ ਕਿਲੋ ਦੀ ਸਸਤੀ ਦਰ 'ਤੇ ਪਿਆਜ਼ ਵੇਚ ਰਹੇ ਹਨ। ਇਹ ਅਦਾਰੇ ਕੇਂਦਰ ਸਰਕਾਰ ਦੁਆਰਾ ਰੱਖੇ ਗਏ ਸਟਾਕ ਵਿਚੋਂ ਪਿਆਜ਼ ਵੇਚ ਰਹੇ ਹਨ। (ਏਜੰਸੀ)
Onion
ਮਹਿੰਗੇ ਪਿਆਜ਼ ਨੂੰ ਕਦੋਂ ਠੱਲ੍ਹ ਪਵੇਗੀ?
ਪਿਆਜ਼ ਦੇ ਭਾਅ ਚੜ੍ਹਨ ਮਗਰੋਂ ਸਰਕਾਰ ਕਹਿ ਰਹੀ ਸੀ ਕਿ ਪਿਆਜ਼ ਦੀਆਂ ਕੀਮਤਾਂ ਛੇਤੀ ਹੀ ਹੇਠਾਂ ਆ ਜਾਣਗੀਆਂ ਕਿਉਂਕਿ ਸਰਕਾਰ ਅਪਣੇ ਭੰਡਾਰ ਵਿਚੋਂ ਪਿਆਜ਼ ਬਾਜ਼ਾਰ ਵਿਚ ਲਿਆਏਗੀ। ਬੇਸ਼ੱਕ ਸਰਕਾਰ ਨੇ ਅਪਣੇ ਭੰਡਾਰ ਵਿਚੋਂ ਪਿਆਜ਼ ਕੱਢ ਦਿਤਾ ਹੈ ਪਰ ਫਿਰ ਵੀ ਪਿਆਜ਼ 50 ਰੁਪਏ ਤੋਂ ਥੱਲੇ ਨਹੀਂ ਆ ਰਿਹਾ। ਦੁਕਾਨਦਾਰ ਕਹਿ ਰਹੇ ਹਨ ਕਿ ਪਿਆਜ਼ ਦੀਆਂ ਕੀਮਤਾਂ ਹਾਲੇ ਚੜ੍ਹੀਆਂ ਰਹਿਣਗੀਆਂ ਅਤੇ ਦੀਵਾਲੀ ਮਗਰੋਂ ਹੇਠਾਂ ਆਉਣ ਦੀ ਸੰਭਾਵਨਾ ਹੈ।