
ਅਕਾਲੀ ਦਲ ਵਿਚ ਸ਼ਾਮਿਲ ਹੋਏ ਬਰਾੜ
ਚੰਡੀਗੜ੍ਹ: ਕਹਿੰਦੇ ਹਨ ਕਿ ਲੰਡਨ ਦੇ ਮੌਸਮ ਦਾ ਕੋਈ ਭਰੋਸਾ ਨਹੀਂ ਕਦੇ ਵੀ ਬਦਲ ਜਾਂਦਾ ਹੈ ਪਰ ਸਾਡੇ ਪੰਜਾਬ ਦੇ ਸਿਆਸਤਦਾਨ ਲੰਡਨ ਦੇ ਮੌਸਮ ਤੋਂ ਵੀ ਕਈ ਗੁਣਾ ਅੱਗੇ ਹਨ। ਇਸ ਗੱਲ ਦਾ ਅੰਦਾਜ਼ਾ ਤੁਸੀਂ ਜਗਮੀਤ ਸਿੰਘ ਬਰਾੜ ਵਲੋਂ ਲਗਭੱਗ 2 ਸਾਲ ਪਹਿਲਾਂ ਬਾਦਲਾਂ ਵਿਰੁਧ ਦਿਤੇ ਇਸ ਬਿਆਨ ਤੋਂ ਲਗਾ ਸਕਦੇ ਹੋ ਜਦੋਂ ਉਹ ਪਟਿਆਲਾ ਵਿਚ ਸ਼ਹੀਦ ਪਰਿਵਾਰਾਂ ਵਲੋਂ ਦਿਤੇ ਗਏ ਧਰਨੇ ਵਿਚ ਸ਼ਾਮਿਲ ਹੋਣ ਪਹੁੰਚੇ ਸਨ।
Jagmeet Brar
ਇਸ ਧਰਨੇ ਦੌਰਾਨ ਜਗਮੀਤ ਸਿੰਘ ਬਰਾੜ ਨੇ ਲਗਾਤਾਰ 10 ਸਾਲ ਸੱਤਾ 'ਤੇ ਕਾਬਜ਼ ਰਹਿਣ ਵਾਲੇ ਅਕਾਲੀ ਦਲ ਅਤੇ ਖ਼ਾਸਕਰ ਬਾਦਲ ਪਰਵਾਰ ਨੂੰ ਪਾਪੀ ਤੱਕ ਕਹਿ ਦਿਤਾ ਸੀ। ਉਧਰ ਜਗਮੀਤ ਸਿੰਘ ਬਰਾੜ ਦੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦੇ ਫ਼ੈਸਲੇ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਗਮੀਤ ਬਰਾੜ ਅਕਾਲੀ ਦਲ 'ਤੇ ਅਪਣੇ ਪਿਤਾ ਦੇ ਕਤਲ ਦਾ ਦੋਸ਼ ਲਗਾਉਂਦੇ ਰਹੇ ਹਨ ਅਤੇ ਹਮੇਸ਼ਾ ਅਕਾਲੀ ਦਲ ਤੋਂ ਅਪਣੇ ਪਿਤਾ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕਹਿੰਦੇ ਸਨ।
Sunil Jakhar
ਇਸ ਦੇ ਨਾਲ ਹੀ ਜਾਖੜ ਨੇ ਇਕ ਸਵਾਲ ਖੜਾ ਕੀਤਾ ਹੈ ਕਿ ਬਦਲਾ ਲੈਣ ਦੀ ਗੱਲ ਕਰਨ ਵਾਲੇ ਜਗਮੀਤ ਬਰਾੜ ਕਿਸ ਮੂੰਹ ਨਾਲ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ। ਦੱਸ ਦਈਏ ਕਿ ਜਗਮੀਤ ਸਿੰਘ ਬਰਾੜ ਨੇ ਬੀਤੇ ਦਿਨੀਂ ਟਵੀਟ ਕਰਕੇ ਇਹ ਸਪੱਸ਼ਟ ਕਰ ਦਿਤਾ ਸੀ ਕਿ ਉਹ ਅਕਾਲੀ ਦਲ ਵਿਚ ਸ਼ਾਮਿਲ ਹੋਣ ਜਾ ਰਹੇ ਹਨ। ਜਗਮੀਤ ਬਰਾੜ ਦੇ ਇਸ ਬਿਆਨ ਤੋਂ ਬਾਅਦ ਜਿਥੇ ਪੰਜਾਬ ਦੀ ਸਿਆਸਤ ਵਿਚ ਹਲਚਲ ਮੱਚ ਗਈ ਹੈ ਉਥੇ ਹੀ ਰੰਗ ਵਟਾਉਣ ਵਾਲੇ ਸਿਆਸਤਦਾਨਾਂ ਦਾ ਇਕ ਹੋਰ ਰੂਪ ਸਾਹਮਣੇ ਆ ਗਿਆ ਹੈ।