
ਅੱਜ ਤੋਂ ਲਾਗੂ ਹੋਵੇਗੀ ਵਧੀ ਹੋਈ ਕੀਮਤ
ਨਵੀਂ ਦਿੱਲੀ : ਘਰੇਲੂ ਐਲਪੀਜੀ ਸਿਲੰਡਰ ਅਤੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ ਵੱਡਾ ਵਾਧਾ ਹੋਇਆ ਹੈ। ਅੱਠ ਮਹੀਨਿਆਂ ਬਾਅਦ ਘਰੇਲੂ ਸਿਲੰਡਰ ਦਾ ਰੇਟ 50 ਰੁਪਏ ਮਹਿੰਗਾ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 6 ਜੁਲਾਈ 2022 ਤੋਂ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਸਥਿਰ ਸਨ। ਜਦਕਿ ਕਮਰਸ਼ੀਅਲ ਸਿਲੰਡਰ ਦੇ ਖਪਤਕਾਰਾਂ ਨੂੰ ਵੱਡਾ ਝਟਕਾ ਲੱਗਾ ਹੈ। ਵਪਾਰਕ ਸਿਲੰਡਰ ਦੀ ਕੀਮਤ ਵਿੱਚ 350.50 ਰੁਪਏ ਦਾ ਵਾਧਾ ਹੋਇਆ ਹੈ।
ਦਿੱਲੀ 'ਚ 14.2 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਹੁਣ 1,103 ਰੁਪਏ ਹੋ ਗਈ ਹੈ ਜਦਕਿ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 2119.50 ਰੁਪਏ ਹੋ ਗਈ ਹੈ। ਜੇਕਰ ਅੱਜ ਦੀ ਗੱਲ ਕਰੀਏ ਤਾਂ 1 ਮਾਰਚ ਨੂੰ ਦਿੱਲੀ 'ਚ ਵਪਾਰਕ LPG ਸਿਲੰਡਰ 1769 ਰੁਪਏ ਦੀ ਬਜਾਏ 2119.5 ਰੁਪਏ 'ਚ ਮਿਲੇਗਾ।
ਇਹ ਵੀ ਪੜ੍ਹੋ : DRI ਮੁੰਬਈ ਹੱਥ ਲੱਗੀ ਵੱਡੀ ਸਫਲਤਾ, ਯਾਤਰੀ ਤੋਂ ਬਰਾਮਦ ਹੋਈ 2.58 ਕਿਲੋ ਕੋਕੀਨ
ਕੋਲਕਾਤਾ ਵਿੱਚ ਪਹਿਲਾਂ ਕੀਮਤ 1870 ਰੁਪਏ ਸੀ, ਹੁਣ ਇਹ 2221.5 ਰੁਪਏ ਹੋ ਗਈ ਹੈ। ਮੁੰਬਈ 'ਚ ਇਸ ਦੀ ਕੀਮਤ 1721 ਰੁਪਏ ਤੋਂ ਵਧ ਕੇ ਹੁਣ 2071.50 ਰੁਪਏ ਹੋ ਗਈ ਹੈ। ਚੇਨਈ 'ਚ ਜੋ ਸਿਲੰਡਰ 1917 ਰੁਪਏ 'ਚ ਮਿਲਦਾ ਸੀ, ਉਹ ਹੁਣ 2268 ਰੁਪਏ 'ਚ ਮਿਲੇਗਾ।
ਪਿਛਲੇ ਇੱਕ ਸਾਲ ਵਿੱਚ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਹੋਏ ਬਦਲਾਅ ਦੀ ਗੱਲ ਕਰੀਏ ਤਾਂ ਇਸ ਵਿੱਚ ਕੁੱਲ 5 ਵਾਰ ਬਦਲਾਅ ਹੋਇਆ ਹੈ। 22 ਮਾਰਚ 2022 ਨੂੰ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕਰਨ ਤੋਂ ਬਾਅਦ ਦਿੱਲੀ ਵਿੱਚ ਇਹ 899.50 ਰੁਪਏ ਤੋਂ ਵਧ ਕੇ 949.50 ਰੁਪਏ ਹੋ ਗਿਆ ਸੀ।
ਇਹ ਵੀ ਪੜ੍ਹੋ : ਛੱਤ ਤੋਂ ਹੇਠਾਂ ਸੁੱਟੀ ਨਵਜੰਮੀ ਬੱਚੀ, ਲਾਵਾਰਿਸ ਹਾਲਤ 'ਚ ਮਿਲੀ ਮਾਸੂਮ ਨੂੰ ਕਰਵਾਇਆ ਹਸਪਤਾਲ ਦਾਖ਼ਲ
ਇਸ ਤੋਂ ਬਾਅਦ ਤੇਲ ਮਾਰਕੀਟਿੰਗ ਕੰਪਨੀਆਂ ਨੇ 7 ਮਈ 2022 ਨੂੰ ਕੀਮਤ 50 ਰੁਪਏ ਵਧਾ ਦਿੱਤੀ, ਜਿਸ ਕਾਰਨ ਇਹ 999.50 ਰੁਪਏ 'ਤੇ ਪਹੁੰਚ ਗਈ। ਇਸੇ ਮਹੀਨੇ 19 ਮਈ ਨੂੰ ਫਿਰ ਰੇਟ 2.50 ਰੁਪਏ ਵਧਾ ਦਿੱਤੇ ਗਏ। ਇਸ ਤੋਂ ਬਾਅਦ ਕੀਮਤ 1003 ਰੁਪਏ ਹੋ ਗਈ।
6 ਜੁਲਾਈ 2022 ਨੂੰ ਵੀ ਸਿਲੰਡਰ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਵਾਧੇ ਤੋਂ ਬਾਅਦ ਕੀਮਤ 1053 ਰੁਪਏ ਹੋ ਗਈ ਸੀ। ਹੁਣ ਇਕ ਵਾਰ ਫਿਰ 50 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਕਾਰਨ ਸਿਲੰਡਰ ਦੀ ਕੀਮਤ 1103 ਰੁਪਏ ਹੋ ਗਈ ਹੈ। ਯਾਨੀ ਪਿਛਲੇ ਇੱਕ ਸਾਲ ਵਿੱਚ ਕੀਮਤ 203.50 ਰੁਪਏ ਵਧੀ ਹੈ।