
BSNL ਮਈ 2014 ਤੋਂ ਲੈ ਕੇ ਹੁਣ ਤਕ 10 ਸਾਲਾਂ ਲਈ ਰਿਲਾਇੰਸ ਜੀਓ ਨੂੰ ਮੁਢਲਾ ਢਾਂਚਾ ਸਾਂਝਾ ਕਰਨ ਲਈ ਬਿਲ ਦੇਣ ’ਚ ਅਸਫਲ ਰਹੀ
ਨਵੀਂ ਦਿੱਲੀ : ਭਾਰਤ ਦੇ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਨੂੰ 1,757.56 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਸਰਕਾਰੀ ਦੂਰਸੰਚਾਰ ਕੰਪਨੀ BSNL ਮਈ 2014 ਤੋਂ ਲੈ ਕੇ ਹੁਣ ਤਕ 10 ਸਾਲਾਂ ਲਈ ਰਿਲਾਇੰਸ ਜੀਓ ਨੂੰ ਮੁਢਲਾ ਢਾਂਚਾ ਸਾਂਝਾ ਕਰਨ ਲਈ ਬਿਲ ਦੇਣ ’ਚ ਅਸਫਲ ਰਹੀ ਹੈ।
ਭਾਰਤ ਦੇ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਨੇ ਇਕ ਬਿਆਨ ਵਿਚ ਕਿਹਾ ਕਿ BSNL ਨੂੰ 38.36 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਉਹ ਦੂਰਸੰਚਾਰ ਬੁਨਿਆਦੀ ਢਾਂਚਾ ਪ੍ਰਦਾਤਾਵਾਂ (ਟੀ.ਆਈ.ਪੀ.) ਨੂੰ ਅਦਾ ਕੀਤੇ ਗਏ ਮਾਲੀਆ ਹਿੱਸੇ ਵਿਚੋਂ ਲਾਇਸੈਂਸ ਫੀਸ ਦਾ ਹਿੱਸਾ ਕੱਟਣ ਵਿਚ ਅਸਫਲ ਰਹੀ ਹੈ।
ਕੈਗ ਨੇ ਕਿਹਾ ਕਿ BSNL ਰਿਲਾਇੰਸ ਜੀਓ ਇਨਫੋਕਾਮ ਲਿਮਟਿਡ (ਆਰ.ਜੇ.ਆਈ.ਐਲ.) ਨਾਲ ਮਾਸਟਰ ਸਰਵਿਸ ਸਮਝੌਤੇ (ਐਮ.ਐਸ.ਏ.) ਨੂੰ ਲਾਗੂ ਕਰਨ ’ਚ ਅਸਫਲ ਰਹੀ ਅਤੇ BSNL ਦੇ ਸਾਂਝੇ ਪੈਸਿਵ ਬੁਨਿਆਦੀ ਢਾਂਚੇ ’ਤੇ ਵਰਤੀ ਗਈ ਵਾਧੂ ਤਕਨਾਲੋਜੀ ਦਾ ਬਿਲ ਨਹੀਂ ਦਿਤਾ, ਜਿਸ ਦੇ ਨਤੀਜੇ ਵਜੋਂ ਮਈ 2014 ਤੋਂ ਮਾਰਚ 2024 ਦੇ ਵਿਚਕਾਰ ਸਰਕਾਰੀ ਖਜ਼ਾਨੇ ਨੂੰ 1,757.76 ਕਰੋੜ ਰੁਪਏ ਦਾ ਨੁਕਸਾਨ ਹੋਇਆ।
ਕੈਗ ਨੇ ਇਹ ਵੀ ਨੋਟ ਕੀਤਾ ਕਿ BSNL ਵਲੋਂ ਪੈਸਿਵ ਬੁਨਿਆਦੀ ਢਾਂਚਾ ਸਾਂਝਾ ਕਰਨ ਦੇ ਚਾਰਜ ਦੀ ਬਿਲਿੰਗ ਛੋਟੀ ਸੀ। ਬਿਆਨ ’ਚ ਕਿਹਾ ਗਿਆ ਹੈ, ‘‘BSNL ਵਲੋਂ ਆਰ.ਜੇ.ਆਈ.ਐਲ. ਨਾਲ ਐੱਮ.ਐੱਸ.ਏ. ’ਚ ਤੈਅ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਨਾ ਕਰਨ ਅਤੇ ਵਾਧੇ ਦੀ ਧਾਰਾ ਨੂੰ ਲਾਗੂ ਨਾ ਕਰਨ ਨਾਲ ਬੁਨਿਆਦੀ ਢਾਂਚਾ ਸਾਂਝਾ ਕਰਨ ਦੇ ਖਰਚਿਆਂ ’ਤੇ 29 ਕਰੋੜ ਰੁਪਏ (ਜੀ.ਐੱਸ.ਟੀ. ਸਮੇਤ) ਦੇ ਮਾਲੀਆ ਦਾ ਨੁਕਸਾਨ ਹੋਇਆ ਹੈ।