
ਕਿਹਾ - ਬੈਂਕਾਂ ਦੇ ਰਲੇਵੇਂ ਦਾ ਫ਼ੈਸਲਾ ਦੇਸ਼ ਵਿਚ ਮਜ਼ਬੂਤ ਅਤੇ ਵਿਸ਼ਵ ਪੱਧਰ ਦੇ ਵੱਡੇ ਬੈਂਕ ਬਣਾਉਣ ਦੇ ਟੀਚੇ ਨਾਲ ਕੀਤਾ ਗਿਆ
ਚੇਨਈ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਜਨਤਕ ਖੇਤਰ ਦੇ ਬੈਂਕਾਂ ਦੇ ਤਜਵੀਜ਼ਸ਼ੁਦਾ ਰਲੇਵੇਂ ਨਾਲ ਮੁਲਾਜ਼ਮਾਂ ਦੀ ਨੌਕਰੀ ਜਾਣ ਦੇ ਖ਼ਤਰੇ ਦੀ ਚਿੰਤਾ ਨੂੰ ਰੱਦ ਕਰਦਿਆਂ ਕਿਹਾ ਕਿ ਰਲੇਵੇਂ ਦੇ ਫ਼ੈਸਲੇ ਨਾਲ ਕਿਸੇ ਇਕ ਮੁਲਾਜ਼ਮ ਦੀ ਵੀ ਨੌਕਰੀ ਨਹੀਂ ਜਾਵੇਗੀ।
Nirmala Sitharaman
ਸੀਤਾਰਮਣ ਨੇ ਨੌਕਰੀ ਜਾਣ ਬਾਰੇ ਬੈਂਕ ਯੂਨੀਅਨਾਂ ਦੀਆਂ ਚਿੰਤਾਵਾਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਹ ਬਿਲਕੁਲ ਤੱਥਹੀਣ ਗੱਲ ਹੈ। ਮੈਂ ਹਰ ਬੈਂਕ ਦੀਆਂ ਸਾਰੀਆਂ ਯੂਨੀਅਨਾਂ ਅਤੇ ਮੁਲਾਜ਼ਮਾਂ ਨੂੰ ਭਰੋਸਾ ਦੇਣਾ ਚਾਹੁੰਦੀ ਹਾਂ ਕਿ ਉਹ ਸ਼ੁਕਰਵਾਰ ਨੂੰ ਮੇਰੀ ਕਹੀ ਗੱਲ ਨੂੰ ਯਾਦ ਕਰਨ। ਜਦ ਅਸੀਂ ਬੈਂਕਾਂ ਦੇ ਰਲੇਵੇਂ ਦੀ ਗੱਲ ਕੀਤੀ ਤਾਂ ਮੈਂ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਕਿਸੇ ਵੀ ਮੁਲਾਜ਼ਮ ਨੂੰ ਹਟਾਇਆ ਨਹੀਂ ਜਾਵੇਗਾ। ਕਿਸੇ ਨੂੰ ਵੀ ਨਹੀਂ।’
Banks
ਉਹ ਬੈਂਕ ਯੂਨੀਅਨਾਂ ਦੁਆਰਾ ਵਿਰੋਧ ਕੀਤੇ ਜਾਣ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਵਿੱਤ ਮੰਤਰੀ ਨੇ 10 ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਇਹ ਫ਼ੈਸਲਾ ਦੇਸ਼ ਵਿਚ ਮਜ਼ਬੂਤ ਅਤੇ ਵਿਸ਼ਵ ਪੱਧਰ ਦੇ ਵੱਡੇ ਬੈਂਕ ਬਣਾਉਣ ਦੇ ਟੀਚੇ ਨਾਲ ਕੀਤਾ ਗਿਆ ਹੈ।