
ਵਿਸ਼ਵ ਬੈਂਕ ਦੀ ਰੀਪੋਰਟ ਮੁਤਾਬਕ ਚੁਨੌਤੀ ਪੂਰਨ ਗਲੋਬਲ ਵਾਤਾਵਰਣ ਦੇ ਬਾਵਜੂਦ ਭਾਰਤ ਦੀ ਵਿਕਾਸ ਦਰ ਮਜ਼ਬੂਤ ਬਣੀ ਹੋਈ
India GDP : ਵਿਸ਼ਵ ਬੈਂਕ ਨੇ ਖੇਤੀਬਾੜੀ ਖੇਤਰ ’ਚ ਸੁਧਾਰ ਅਤੇ ਪੇਂਡੂ ਮੰਗ ਦੇ ਕਾਰਨ ਚਾਲੂ ਵਿੱਤੀ ਸਾਲ 2024-25 ’ਚ ਭਾਰਤੀ ਅਰਥਵਿਵਸਥਾ ਦੇ 7 ਫ਼ੀਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ ਲਗਾਇਆ ਹੈ। ਵਿਸ਼ਵ ਬੈਂਕ ਨੇ ਇਸ ਤੋਂ ਪਹਿਲਾਂ ਜੂਨ ’ਚ ਅਨੁਮਾਨ ਲਗਾਇਆ ਸੀ ਕਿ ਭਾਰਤ ਦੀ ਵਿਕਾਸ ਦਰ 6.6 ਫ਼ੀ ਸਦੀ ਹੋਵੇਗੀ।
ਮੰਗਲਵਾਰ ਨੂੰ ਜਾਰੀ ਵਿਸ਼ਵ ਬੈਂਕ ਦੀ ਰੀਪੋਰਟ ਮੁਤਾਬਕ ਚੁਨੌਤੀ ਪੂਰਨ ਗਲੋਬਲ ਵਾਤਾਵਰਣ ਦੇ ਬਾਵਜੂਦ ਭਾਰਤ ਦੀ ਵਿਕਾਸ ਦਰ ਮਜ਼ਬੂਤ ਬਣੀ ਹੋਈ ਹੈ। ਵਿਸ਼ਵ ਬੈਂਕ ਦੇ ਸੀਨੀਅਰ ਅਰਥਸ਼ਾਸਤਰੀ ਰਾਨ ਲੀ ਨੇ ਕਿਹਾ ਕਿ ਮਾਨਸੂਨ ਅਤੇ ਨਿੱਜੀ ਖਪਤ ’ਚ ਸੁਧਾਰ ਦੇ ਮੱਦੇਨਜ਼ਰ ਭਾਰਤ ਦੇ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਅਨੁਮਾਨ ’ਚ ਸੋਧ ਕੀਤੀ ਗਈ ਹੈ।
ਵਿਸ਼ਵ ਬੈਂਕ ਨੇ ਅਪਣੀ ‘ਇੰਡੀਆ ਡਿਵੈਲਪਮੈਂਟ ਅਪਡੇਟ’ ਰੀਪੋਰਟ ’ਚ ਕਿਹਾ ਹੈ ਕਿ ਦਖਣੀ ਏਸ਼ੀਆ ਖੇਤਰ ਦੀ ਵਿਕਾਸ ਦਰ 2024-25 ’ਚ 7 ਫੀ ਸਦੀ ਰਹਿਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ’ਚ ਸੁਧਾਰ ਨਾਲ ਉਦਯੋਗ ’ਚ ਆਈ ਮਾਮੂਲੀ ਗਿਰਾਵਟ ਦੀ ਅੰਸ਼ਕ ਤੌਰ ’ਤੇ ਪੂਰਤੀ ਹੋਵੇਗੀ ਅਤੇ ਸੇਵਾਵਾਂ ਮਜ਼ਬੂਤ ਰਹਿਣਗੀਆਂ। ਖੇਤੀਬਾੜੀ ’ਚ ਉਮੀਦ ਅਨੁਸਾਰ ਸੁਧਾਰ ਨਾਲ ਪੇਂਡੂ ਮੰਗ ’ਚ ਵੀ ਸੁਧਾਰ ਹੋਵੇਗਾ।