
ਹਾਦਸੇ ਦਾ ਸ਼ਿਕਾਰ ਹੋਣ ਵਾਲੇ ਕਈ ਲੋਕਾਂ ਦੇ ਪਰਵਾਰਾਂ ਨੇ ਬੋਇੰਗ ਕੰਪਨੀ 'ਤੇ ਮੁਕੱਦਮਾ ਦਾਇਰ ਕੀਤਾ ਹੋਇਆ ਹੈ
ਨਿਊਯਾਰਕ : ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਨੇ ਐਲਾਨ ਕੀਤਾ ਹੈ ਕਿ ਉਹ ਹਾਦਸਾਗ੍ਰਸਤ ਦੋ 737 ਮੈਕਸ ਜਹਾਜ਼ਾਂ ਦੇ ਪੀੜਤ ਪਰਵਾਰਾਂ ਨੂੰ 10 ਕਰੋੜ ਡਾਲਰ (ਲਗਭਗ 688 ਕਰੋੜ ਰੁਪਏ) ਦੀ ਮਦਦ ਦੇਵੇਗੀ।
Boeing
ਕੰਪਨੀ ਨੇ ਅਗਲੇ ਸਾਲਾਂ ਲਈ ਇਸ ਨੂੰ ਸ਼ੁਰੂਆਤੀ ਰਕਮ ਦੱਸਦਿਆਂ ਕਿਹਾ ਕਿ ਇਥੋਪੀਅਨ ਏਅਰਲਾਈਨਜ਼ ਅਤੇ ਲਾਇਨ ਏਅਰ ਵੱਲੋਂ ਸੰਚਾਲਤ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਕਾਰਨ ਪ੍ਰਭਾਵਤ ਖੇਤਰਾਂ 'ਚ ਲੋਕਾਂ ਦੀ ਮਦਦ ਅਤੇ ਆਰਥਕ ਹਾਲਤ ਨੂੰ ਠੀਕ ਕਰਨ ਲਈ ਉਹ ਸਥਾਨਕ ਸਰਕਾਰਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਨਾਲ ਕੰਮ ਕਰੇਗੀ। ਸ਼ਿਕਾਗੋ ਦੀ ਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਉਹ ਪੀੜਤ ਪਰਵਾਰਾਂ ਦੀ ਸਿਖਿਆ, ਵਧੀਆ ਜ਼ਿੰਦਗੀ ਅਤੇ ਉਨ੍ਹਾਂ ਦੀ ਆਰਥਕ ਹਾਲਤ ਨੂੰ ਸੁਧਾਰਨ ਲਈ ਕੰਮ ਕਰੇਗੀ।
Boeing
ਹਾਦਸੇ ਦਾ ਸ਼ਿਕਾਰ ਹੋਣ ਵਾਲੇ ਕਈ ਲੋਕਾਂ ਦੇ ਪਰਵਾਰਾਂ ਨੇ ਬੋਇੰਗ ਕੰਪਨੀ 'ਤੇ ਮੁਕੱਦਮਾ ਦਾਇਰ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਬੋਇੰਗ ਦੇ ਇਸ ਜਹਾਜ਼ ਤੋਂ 5 ਮਹੀਨੇ ਤੋਂ ਵੀ ਘੱਟ ਸਮੇਂ 'ਚ ਦੋ ਹਾਦਸਿਆਂ ਵਿਚ 346 ਲੋਕਾਂ ਦੀ ਮੌਤ ਹੋ ਗਈ ਸੀ। ਅਜਿਹੇ 'ਚ ਲੋਕਾਂ ਦਾ ਭਰੋਸਾ ਜਿੱਤ ਪਾਉਣਾ ਕੰਪਨੀ ਲਈ ਕਾਫ਼ੀ ਮੁਸ਼ਕਲ ਹੋਵੇਗਾ।
Boeing
ਦੱਸ ਦੇਈਏ ਕਿ ਪਿਛਲੇ ਸਾਲ 29 ਅਕਤੂਬਰ ਨੂੰ ਲਾਇਨ ਏਅਰ ਦੀ ਉਡਾਨ ਨੰਬਰ 610 ਦਾ ਬੋਇੰਗ 737 ਜਹਾਜ਼ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਉਡਾਨ ਭਰਨ ਦੇ 13 ਮਿੰਟ ਬਾਅਦ ਜਾਵਾ ਸੀ ਦੇ ਉੱਪਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਵਾਈ ਹਾਦਸੇ 'ਚ 189 ਲੋਕਾਂ ਦੀ ਮੌਤ ਹੋਈ ਸੀ। ਇਸੇ ਸਾਲ 10 ਮਾਰਚ ਨੂੰ ਇਥੋਪੀਆ ਏਅਰ ਲਾਈਨ ਦਾ ਜਹਾਜ਼ ਵੀ ਉਡਾਨ ਭਰਨ ਦੇ ਕੁਝ ਸਮੇਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ 'ਚ 157 ਲੋਕਾਂ ਦੀ ਮੌਤ ਹੋਈ ਸੀ।