ਸੂਬਾ ਸਰਕਾਰ ਕਈ ਭਰੋਸੇ ਦੇਣ ਦੇ ਬਾਵਜੂਦ ਇਸ ਵਿਸ਼ੇ ’ਤੇ ਸਾਡੇ ਨਾਲ ਹਰ ਵਾਰੀ ਧੋਖਾ ਕਰਦੀ ਰਹੀ ਹੈ : ਵਪਾਰੀ ਫ਼ੈਡਰੇਸ਼ਨ ਕਮੇਟੀ ਦੇ ਪ੍ਰਧਾਨ ਗੋਪਾਲਪਾਸ ਅਗਰਵਾਲ
ਇੰਦੌਰ: ਮੱਧ ਪ੍ਰਦੇਸ਼ ’ਚ 1.5 ਫ਼ੀ ਸਦੀ ਦਰ ਨਾਲ ਵਸੂਲਿਆ ਜਾ ਰਿਹਾ ਮੰਡੀ ਟੈਕਸ ਘਟਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਵਪਾਰੀਆਂ ਨੇ 230 ਖੇਤੀ ਪੈਦਾਵਾਰ ਮੰਡੀਆਂ ’ਚ ਸੋਮਵਾਰ ਤੋਂ ਬੇਮਿਆਦੀ ਹੜਤਾਲ ਸ਼ੁਰੂ ਕਰ ਦਿਤੀ। ਕਾਰੋਬਾਰੀਆਂ ਦੇ ਦੀ ਇਕ ਫ਼ੈਡਰੇਸ਼ਨ ਨੇ ਇਹ ਜਾਣਕਾਰੀ ਦਿਤੀ।
ਮੱਧ ਪ੍ਰਦੇਸ਼ ਕੁਲ ਅਨਾਜ ਦਲਹਨ ਤਿਲਹਨ ਵਪਾਰੀ ਫ਼ੈਡਰੇਸ਼ਨ ਕਮੇਟੀ ਦੇ ਪ੍ਰਧਾਨ ਗੋਪਾਲਪਾਸ ਅਗਰਵਾਲ ਨੇ ਕਿਹਾ, ‘‘ਅਸੀਂ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਾਂ ਕਿ ਕਿਸਾਨਾਂ ਤੋਂ ਫ਼ਸਲਾਂ ਦੀ ਖ਼ਰੀਦ ’ਤੇ ਵਪਾਰੀਆਂ ਤੋਂ 1.5 ਫ਼ੀ ਸਦੀ ਦੀ ਦਰ ਨਾਲ ਵਸੂਲਿਆ ਜਾ ਰਿਹਾ ਮੰਡੀ ਟੈਕਸ ਘਟਾਇਆ ਜਾਵੇ, ਪਰ ਸੂਬਾ ਸਰਕਾਰ ਕਈ ਭਰੋਸੇ ਦੇਣ ਦੇ ਬਾਵਜੂਦ ਇਸ ਵਿਸ਼ੇ ’ਤੇ ਸਾਡੇ ਨਾਲ ਹਰ ਵਾਰੀ ਧੋਖਾ ਕਰਦੀ ਰਹੀ ਹੈ।’’
ਉਨ੍ਹਾਂ ਕਿਹਾ ਕਿ ਹੜਤਾਲੀ ਕਾਰੋਬਾਰੀਆਂ ਦੀਆਂ ਮੰਗਾਂ ’ਚ ਮੰਡੀਆਂ ’ਚ ਕਾਰੋਬਾਰੀਆਂ ਨੂੰ ਵੰਡੀ ਸਰਕਾਰੀ ਜ਼ਮੀਨ ਦੇ ਲੀਜ਼ ਰੈਂਟ ’ਚ ਕਮੀ ਅਤੇ ਨਿਰਆਸ਼ਰਿਤ ਸਹਾਇਤਾ ਟੈਕਸ ਦੀ ਵਸੂਲੀ ਖ਼ਤਮ ਕੀਤੀ ਜਾਣੀ ਵੀ ਸ਼ਾਮਲ ਹੈ।
ਅਗਰਵਾਲ ਨੇ ਕਿਹਾ, ‘‘ਜਦੋਂ ਤਕ ਸਾਡੀਆਂ ਇਹ ਮੰਗਾਂ ਨਹੀਂ ਮਨੀਆਂ ਜਾਣਗੀਆਂ, ਉਦੋਂ ਤਕ ਸੂਬੇ ਦੀਆਂ 230 ਖੇਤੀ ਪੈਦਾਵਾਰ ਮੰਡੀਆਂ ’ਚ ਲਗਭਗ 40 ਹਜ਼ਾਰ ਕਾਰੋਬਾਰੀ ਨਾ ਤਾਂ ਮਾਲ ਖ਼ਰੀਦਣਗੇ, ਨਾ ਹੀ ਵੇਚਣਗੇ।’’
ਉਨ੍ਹਾਂ ਦਾਅਵਾ ਕੀਤਾ ਕਿ ਕਾਰੋਬਾਰੀਆਂ ਦੀ ਇਸ ਹੜਤਾਲ ਨਾਲ ਸੂਬੇ ਦੀਆਂ ਮੰਡੀਆਂ ’ਚ ਹਰ ਦਿਨ ਘੱਟ ਤੋਂ ਘੱਟ 400 ਕਰੋੜ ਰੁਪੲੈ ਦਾ ਕਾਰੋਬਾਰ ਠੱਪ ਹੋਵੇਗਾ।