
ਜਨਤਕ ਖੇਤਰ ਦੇ 21 ਬੈਂਕਾਂ ਅਤੇ ਨਿੱਜੀ ਖੇਤਰ ਦੇ ਤਿੰਨ ਮੁੱਖ ਬੈਂਕਾਂ ਨੇ ਬੀਤੇ ਵਿੱਤੀ ਸਾਲ 2017-18 ਦੌਰਾਨ ਖਾਤਿਆਂ 'ਚ ਘੱਟੋ-ਘੱਟ ਰਾਸ਼ੀ................
ਨਵੀਂ ਦਿੱਲੀ : ਜਨਤਕ ਖੇਤਰ ਦੇ 21 ਬੈਂਕਾਂ ਅਤੇ ਨਿੱਜੀ ਖੇਤਰ ਦੇ ਤਿੰਨ ਮੁੱਖ ਬੈਂਕਾਂ ਨੇ ਬੀਤੇ ਵਿੱਤੀ ਸਾਲ 2017-18 ਦੌਰਾਨ ਖਾਤਿਆਂ 'ਚ ਘੱਟੋ-ਘੱਟ ਰਾਸ਼ੀ ਨਾ ਰੱਖ ਸਕਣ ਵਾਲੇ ਉਪਭੋਗਤਾਵਾਂ ਤੋਂ 5,000 ਕਰੋੜ ਰੁਪਏ ਵਸੂਲੇ ਹਨ। ਬੈਂਕਿੰਗ ਅੰਕੜਿਆਂ 'ਚ ਇਹ ਗੱਲ ਸਾਹਮਣੇ ਆਈ ਹੈ। ਇਸ ਮਾਮਲੇ 'ਚ ਜ਼ੁਰਮਾਨਾ ਵਸੂਲਣ 'ਚ ਭਾਰਤੀ ਸਟੇਟ ਬੈਂਕ ਸੱੱਭ ਤੋਂ ਅੱਗੇ ਰਿਹਾ ਹੈ। ਇਸ ਨੇ ਕੁਲ 24 ਬੈਂਕਾਂ ਵਲੋਂ ਵਸੂਲੇ ਕੁਲ 4,989.55 ਕਰੋੜ ਰੁਪਏ ਜ਼ੁਰਮਾਨੇ ਦਾ ਲਗਭਗ ਅੱਧਾ 2,433.87 ਕਰੋੜ ਰੁਪਏ ਵਸੂਲਿਆ ਹੈ। ਜ਼ਿਕਰਯੋਗ ਹੈ ਕਿ ਐਸਬੀਆਈ ਨੂੰ ਬੀਤੇ ਵਿੱਤੀ ਸਾਲ 'ਚ 6,547 ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ।
ਜੇਕਰ ਬੈਂਕ ਨੂੰ ਇਹ ਵਾਧੂ ਆਮਦਨ ਨਾ ਹੁੰਦੀ ਤਾਂ ਉਸ ਦਾ ਨੁਕਸਾਨ ਹੋਰ ਜ਼ਿਆਦਾ ਹੁੰਦਾ। ਇਸ ਤੋਂ ਬਾਅਦ ਐਚਡੀਐਫ਼ਸੀ ਬੈਂਕ ਨੇ 590.84 ਕਰੋੜ ਰੁਪਏ, ਐਕਸਿਸ ਬੈਂਕ ਨੇ 530,12 ਕਰੋੜ ਰੁਪਏ ਅਤੇ ਆਈਸੀਆਈਸੀਆਈ ਬੈਂਕ ਨੇ 317.60 ਕਰੋੜ ਰੁਪਏ ਵਸੂਲੇ ਹਨ। ਐਸਬੀਆਈ ਨੇ 2012 ਤਕ ਖ਼ਾਤਿਆਂ 'ਚ ਘੱਟੋ-ਘੱਟ ਰਾਸ਼ੀ ਨਾ ਰੱਖਣ 'ਤੇ ਜ਼ੁਰਮਾਨਾ ਵਸੂਲਿਆ ਸੀ। ਉਸ ਨੇ ਇਹ ਵਿਵਸਥਾ ਇਕ ਅਕਤੂਬਰ 2017 ਤੋਂ ਮੁੜ ਸ਼ੁਰੂ ਕੀਤੀ ਹੈ। (ਏਜੰਸੀ)