
ਯੂਕਰੇਨ 'ਚ ਲਗਾਤਾਰ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਰੂਸ 'ਤੇ ਪੱਛਮੀ ਦੇਸ਼ਾਂ ਵੱਲੋਂ ਪਾਬੰਦੀਆਂ ਦਾ ਸਿਲਸਿਲਾ ਜਾਰੀ ਹੈ
ਨਵੀਂ ਦਿੱਲੀ: ਯੂਕਰੇਨ 'ਚ ਲਗਾਤਾਰ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਰੂਸ 'ਤੇ ਪੱਛਮੀ ਦੇਸ਼ਾਂ ਵੱਲੋਂ ਪਾਬੰਦੀਆਂ ਦਾ ਸਿਲਸਿਲਾ ਜਾਰੀ ਹੈ, ਹੁਣ ਇਸ 'ਚ ਮੈਕਡੋਨਲਡ, ਕੋਕਾ ਕੋਲਾ, ਪੈਪਸੀ ਅਤੇ ਸਟਾਰਬਕਸ ਦਾ ਨਾਂਅ ਵੀ ਜੁੜ ਗਿਆ ਹੈ। ਦਰਅਸਲ ਮੈਕਡੀ ਅਤੇ ਸਟਾਰਬਕਸ ਨੇ ਰੂਸ ਵਿਚ ਆਪਣੇ ਸਾਰੇ ਕੈਫੇ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੋਕਾ-ਕੋਲਾ ਨੇ ਕਿਹਾ ਕਿ ਉਹ ਰੂਸ 'ਚ ਆਪਣੇ ਉਤਪਾਦਾਂ ਦੀ ਵਿਕਰੀ 'ਤੇ ਪਾਬੰਦੀ ਲਗਾ ਰਹੀ ਹੈ।
ਕੋਕਾ-ਕੋਲਾ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਵਿਚ ਕੰਪਨੀ ਦੇ ਕਾਰੋਬਾਰ ਨੇ 2021 ਵਿਚ ਕੰਪਨੀ ਦੇ ਮਾਲੀਏ ਵਿਚ 1 ਤੋਂ 2 ਪ੍ਰਤੀਸ਼ਤ ਤੱਕ ਦਾ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਮੈਕਡੋਨਲਡ ਨੇ ਰੂਸ ਵਿਚ ਆਪਣੇ ਸਾਰੇ 847 ਰੈਸਟੋਰੈਂਟਾਂ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦਾ ਫੈਸਲਾ ਕੀਤਾ ਸੀ। ਸਾਰੀਆਂ ਚਾਰ ਕੰਪਨੀਆਂ ਰੂਸ ਵਿਚ ਵੱਡੇ ਪੱਧਰ 'ਤੇ ਕੰਮ ਕਰਦੀਆਂ ਹਨ। ਮੈਕਡੋਨਲਡਜ਼ ਨੇ ਕਿਹਾ ਕਿ ਉਹ ਆਪਣੇ 62,000 ਕਰਮਚਾਰੀਆਂ ਨੂੰ ਤਨਖਾਹ ਦੇ ਰਿਹਾ ਹੈ।
1990 ਵਿਚ ਮਾਸਕੋ ਦੇ ਪੁਸ਼ਕਿਨ ਸਕੁਆਇਰ ਵਿਚ ਪਹਿਲਾ ਮੈਕਡੋਨਲਡ ਸਟੋਰ ਖੋਲ੍ਹਿਆ ਗਿਆ ਸੀ। ਇਸ ਦੇ ਨਾਲ ਹੀ ਸਟਾਰਬਕਸ ਆਪਣੇ 100 ਕੈਫੇ ਬੰਦ ਕਰਨ ਜਾ ਰਿਹਾ ਹੈ। ਇਸ ਤੋਂ ਇਲਾਵਾ ਪੈਪਸੀਕੋ ਇੰਕ ਰੂਸ ਵਿਚ ਆਪਣੇ ਸਾਰੇ ਵਿਗਿਆਪਨ ਅਤੇ ਆਪਣੇ ਪੀਣ ਵਾਲੇ ਬ੍ਰਾਂਡ ਦੀ ਵਿਕਰੀ ਨੂੰ ਰੋਕ ਰਹੀ ਹੈ। ਹਾਲਾਂਕਿ ਇਸ ਨੇ ਦੁੱਧ ਅਤੇ ਬੇਬੀ ਫੂਡ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਵਿਕਰੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਕੋਕਾ-ਕੋਲਾ ਨੂੰ 1980 ਦੀਆਂ ਓਲੰਪਿਕ ਖੇਡਾਂ ਤੋਂ ਅਧਿਕਾਰਤ ਤੌਰ ’ਤੇ ਡਰਿੰਕ ਮਾਨਤਾ ਮਿਲੀ।
ਸੈਂਕੜੇ ਕੰਪਨੀਆਂ ਪਹਿਲਾਂ ਹੀ ਰੂਸ ਵਿਚ ਆਪਣੇ ਕੰਮਕਾਜ ਨੂੰ ਅਸਥਾਈ ਤੌਰ 'ਤੇ ਰੋਕ ਚੁੱਕੀਆਂ ਹਨ। ਇਸ ਸਿਲਸਿਲੇ 'ਚ ਐਮਾਜ਼ਾਨ ਨੇ ਵੀ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਆਪਣੀ ਕਲਾਊਡ ਸੇਵਾ ਲਈ ਨਵੇਂ ਗਾਹਕਾਂ ਨੂੰ ਲੈਣਾ ਬੰਦ ਕਰ ਦਿੱਤਾ ਹੈ। ਯੂਨੀਵਰਸਲ ਮਿਊਜ਼ਿਕ ਨੇ ਰੂਸ ਵਿਚ ਕੰਮਕਾਜ ਰੋਕ ਦਿੱਤਾ, ਜਦਕਿ ਆਨਲਾਈਨ ਡੇਟਿੰਗ ਸੇਵਾ ਬੰਬਲ ਇੰਕ ਨੇ ਰੂਸ ਅਤੇ ਬੇਲਾਰੂਸ ਵਿਚ ਆਪਣੇ ਸਟੋਰਾਂ ਤੋਂ ਐਪਸ ਨੂੰ ਹਟਾ ਦਿੱਤਾ।