
ਯੂਕਰੇਨ 'ਤੇ ਰੂਸੀ ਹਮਲੇ ਦੇ ਵਿਰੋਧ 'ਚ ਅਮਰੀਕਾ ਅਤੇ ਬ੍ਰਿਟੇਨ ਨੇ ਰੂਸ ਤੋਂ ਤੇਲ ਖਰੀਦਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਵਾਸ਼ਿੰਗਟਨ: ਯੂਕਰੇਨ 'ਤੇ ਰੂਸੀ ਹਮਲੇ ਦੇ ਵਿਰੋਧ 'ਚ ਅਮਰੀਕਾ ਅਤੇ ਬ੍ਰਿਟੇਨ ਨੇ ਰੂਸ ਤੋਂ ਤੇਲ ਖਰੀਦਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਯੂਰਪੀ ਸੰਘ ਰੂਸੀ ਤੇਲ 'ਤੇ ਆਪਣੀ ਨਿਰਭਰਤਾ ਘਟਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਇਹ ਕਦਮ "ਰੂਸ ਦੀ ਅਰਥਵਿਵਸਥਾ ਦੇ ਬਹੁਤ ਮਹੱਤਵਪੂਰਨ ਹਿੱਸੇ" ਨੂੰ ਨੁਕਸਾਨ ਪਹੁੰਚਾਏਗਾ।
ਤੇਲ ਅਤੇ ਗੈਸ ਦਾ ਨਿਰਯਾਤ ਰੂਸੀ ਅਰਥਵਿਵਸਥਾ ਲਈ ਮਾਲੀਏ ਦਾ ਇਕ ਮਹੱਤਵਪੂਰਨ ਸਰੋਤ ਹੈ ਪਰ ਰੂਸ ਦੇ ਨਾਲ-ਨਾਲ ਇਸ ਕਦਮ ਦਾ ਅਸਰ ਪੱਛਮੀ ਦੇਸ਼ਾਂ 'ਤੇ ਵੀ ਪੈਣ ਵਾਲਾ ਹੈ। ਰੂਸ ਦੀ ਅਰਥਵਿਵਸਥਾ ਊਰਜਾ ਨਿਰਯਾਤ 'ਤੇ ਬਹੁਤ ਜ਼ਿਆਦਾ ਨਿਰਭਰ ਹੈ। ਇਹ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਉਤਪਾਦਕ ਹੈ। ਇਸ ਤੋਂ ਪਹਿਲਾਂ ਸਾਊਦੀ ਅਰਬ ਅਤੇ ਅਮਰੀਕਾ ਆਉਂਦੇ ਹਨ।
Russian President Vladimir Putin
ਰੂਸ ਤੋਂ ਤੇਲ ਦੀ ਖਰੀਦ 'ਤੇ ਪਾਬੰਦੀ ਲਗਾਉਣ ਤੋਂ ਪਹਿਲਾਂ ਰੂਸ ਨੇ ਚਿਤਾਵਨੀ ਦਿੱਤੀ ਸੀ ਕਿ ਇਸ ਦੇ ਵਿਸ਼ਵ ਅਰਥਵਿਵਸਥਾ ਲਈ ਗੰਭੀਰ ਨਤੀਜੇ ਹੋ ਸਕਦੇ ਹਨ। ਉਹ ਜਰਮਨੀ ਦੀ ਮੁੱਖ ਗੈਸ ਪਾਈਪਲਾਈਨ ਨੂੰ ਸਪਲਾਈ ਰੋਕ ਦੇਵੇਗਾ। ਅਮਰੀਕਾ ਅਤੇ ਬ੍ਰਿਟੇਨ ਦੇ ਇਸ ਫੈਸਲੇ ਤੋਂ ਬਾਅਦ ਦੋਹਾਂ ਦੇਸ਼ਾਂ 'ਚ ਤੇਲ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਵਧ ਗਈਆਂ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ’ਤੇ ਇਸ ਫੈਸਲੇ ਲਈ ਦੋਵਾਂ ਧਿਰਾਂ ਦਾ ਦਬਾਅ ਸੀ। ਰੂਸ ਖਿਲਾਫ਼ ਹੋਰ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਜਾ ਰਹੀ ਸੀ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ, "ਅਸੀਂ ਰੂਸ ਤੋਂ ਤੇਲ, ਗੈਸ ਅਤੇ ਊਰਜਾ ਦੇ ਸਾਰੇ ਆਯਾਤ ਨੂੰ ਬੰਦ ਕਰ ਰਹੇ ਹਾਂ।" ਹਾਲਾਂਕਿ ਉਹਨਾਂ ਦਾ ਇਹ ਵੀ ਮੰਨਣਾ ਸੀ ਕਿ ਇਸ ਕਦਮ ਦਾ ਅਮਰੀਕਾ 'ਤੇ ਵੀ ਅਸਰ ਪਵੇਗਾ। ਇਸੇ ਤਰ੍ਹਾਂ ਬ੍ਰਿਟੇਨ ਵੀ 2022 ਦੇ ਅੰਤ ਤੱਕ ਪੜਾਅਵਾਰ ਤਰੀਕੇ ਨਾਲ ਰੂਸ ਤੋਂ ਤੇਲ ਦੀ ਦਰਾਮਦ 'ਤੇ ਪਾਬੰਦੀ ਲਗਾ ਦੇਵੇਗਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਮੰਨਿਆ ਕਿ ਇਸ ਕਦਮ ਦਾ ਰੂਸ 'ਤੇ ਤੁਰੰਤ ਕੋਈ ਅਸਰ ਨਹੀਂ ਪਵੇਗਾ ਪਰ ਇਸ ਨਾਲ ਉਸ 'ਤੇ ਹੋਰ ਦਬਾਅ ਜ਼ਰੂਰ ਪਵੇਗਾ।