
ਤੁਰਕੀ ਦੇ ਰੂਸ ਅਤੇ ਯੂਕਰੇਨ ਦੋਵਾਂ ਨਾਲ ਨਜ਼ਦੀਕੀ ਸਬੰਧ ਹਨ ਅਤੇ ਉਹ ਦੋਵਾਂ ਪੱਖਾਂ ਵਿਚਾਲੇ ਚੱਲ ਰਹੀ ਜੰਗ ਨੂੰ ਰੋਕਣ ਲਈ ਵਿਚੋਲਗੀ ਕਰਨਾ ਚਾਹੁੰਦਾ ਹੈ।
ਅੰਕਾਰਾ: ਤੁਰਕੀ ਦੇ ਵਿਦੇਸ਼ ਮੰਤਰੀ ਮੇਵਲਤ ਚਾਵੁਸੋਗਲੂ ਨੇ ਸੋਮਵਾਰ ਨੂੰ ਕਿਹਾ ਕਿ ਰੂਸ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀ ਇਸ ਹਫਤੇ 10 ਮਾਰਚ ਨੂੰ ਤੁਰਕੀ ਦੇ ਤੱਟੀ ਸ਼ਹਿਰ ਅੰਤਾਲਿਆ ਦੇ ਨੇੜੇ ਮੁਲਾਕਾਤ ਕਰਨਗੇ। ਚਾਵੁਸੋਗਲੂ ਨੇ ਕਿਹਾ ਕਿ ਉਹ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਵਿਚਕਾਰ "ਤਿੰਨ-ਪੱਖੀ ਫਾਰਮੈਟ" ਮੀਟਿੰਗ ਵਿਚ ਵੀ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਤੁਰਕੀ ਦੇ ਰੂਸ ਅਤੇ ਯੂਕਰੇਨ ਦੋਵਾਂ ਨਾਲ ਨਜ਼ਦੀਕੀ ਸਬੰਧ ਹਨ ਅਤੇ ਉਹ ਦੋਵਾਂ ਪੱਖਾਂ ਵਿਚਾਲੇ ਚੱਲ ਰਹੀ ਜੰਗ ਨੂੰ ਰੋਕਣ ਲਈ ਵਿਚੋਲਗੀ ਕਰਨਾ ਚਾਹੁੰਦਾ ਹੈ।
ਤੀਜੇ ਦੌਰ ਦੀ ਗੱਲਬਾਤ ਨੂੰ ਯੂਕਰੇਨ ਨੇ ਦੱਸਿਆ ‘ਸਕਾਰਾਤਮਕ’ ਪਰ ਰੂਸ ਨੇ ਜਤਾਈ ‘ਅਸਹਿਮਤੀ’
ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਨੇ ਸੋਮਵਾਰ ਨੂੰ ਤੀਜੇ ਦੌਰ ਦੀ ਗੱਲਬਾਤ ਕੀਤੀ। ਏਐਫਪੀ ਨਿਊਜ਼ ਏਜੰਸੀ ਨੇ ਯੂਕਰੇਨੀ ਵਾਰਤਾਕਾਰ ਦੇ ਹਵਾਲੇ ਨਾਲ ਕਿਹਾ ਕਿ ਬੇਲਾਰੂਸ ਵਿਚ ਰੂਸ-ਯੂਕਰੇਨ ਦੀ ਮੀਟਿੰਗ ਦੇ ਤੀਜੇ ਦੌਰ ਦੀ ਬੈਠਕ ਵਿਚ "ਸਕਾਰਾਤਮਕ ਨਤੀਜੇ"ਦਿਖੇ। ਹਾਲਾਂਕਿ ਇਕ ਰੂਸੀ ਵਾਰਤਾਕਾਰ ਨੇ ਕਿਹਾ ਕਿ ਯੂਕਰੇਨ ਨਾਲ ਗੱਲਬਾਤ ਵਿਚ ਜਿਨ੍ਹਾਂ ਚੀਜ਼ਾਂ ਦੀ ਉਮੀਦ ਜਤਾਈ ਗਈ ਸੀ, ਉਹ "ਅਜੇ ਤੱਕ ਪੂਰੀਆਂ ਨਹੀਂ ਹੋਈਆਂ"।