
ਫ਼ਰਵਰੀ 2019 ’ਚ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਭਾਰਤੀ ਸੁਰੱਖਿਆ ਬਲਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲਾ ਕੀਤਾ ਗਿਆ ਸੀ
Explosives used in Pulwama attack were purchased from Amazon: ਆਲਮੀ ਅਤਿਵਾਦ ਵਿੱਤਪੋਸ਼ਣ ਨਿਗਰਾਨ (ਐਫ.ਏ.ਟੀ.ਐਫ.) ਨੇ ਫ਼ਰਵਰੀ 2019 ਦੇ ਪੁਲਵਾਮਾ ਅਤਿਵਾਦੀ ਹਮਲੇ ਅਤੇ 2022 ਦੇ ਗੋਰਖਨਾਥ ਮੰਦਰ ਹਾਦਸੇ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਈ-ਕਾਮਰਸ ਮੰਚ ਅਤੇ ਆਨਲਾਈਨ ਭੁਗਤਾਨ ਸੇਵਾਵਾਂ ਦੀ ਦੁਰਵਰਤੋਂ ਅਤਿਵਾਦ ਦੇ ਵਿੱਤਪੋਸ਼ਣ ਲਈ ਕੀਤੀ ਜਾ ਰਹੀ ਹੈ।
ਅਤਿਵਾਦ ਦੇ ਵਿੱਤੀ ਜੋਖਮਾਂ ਉਤੇ ਅਪਣੇ ਵਿਆਪਕ ਅਪਡੇਟ ’ਚ ਐਫ.ਏ.ਟੀ.ਐਫ. ਨੇ ਅਤਿਵਾਦ ਨੂੰ ਸਰਕਾਰੀ ਸਪਾਂਸਰਸ਼ਿਪ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਰੀਪੋਰਟ ’ਚ ਜਨਤਕ ਤੌਰ ਉਤੇ ਉਪਲਬਧ ਜਾਣਕਾਰੀ ਦੇ ਕਈ ਸਰੋਤ ਅਤੇ ਪੇਸ਼ਕਾਰੀਆਂ ਸੰਕੇਤ ਦਿੰਦੇ ਹਨ ਕਿ ਕੁੱਝ ਅਤਿਵਾਦੀ ਸੰਗਠਨਾਂ ਨੂੰ ਕਈ ਕੌਮੀ ਸਰਕਾਰਾਂ ਤੋਂ ਵਿੱਤੀ ਅਤੇ ਹੋਰ ਤਰ੍ਹਾਂ ਦੀ ਸਹਾਇਤਾ ਮਿਲ ਰਹੀ ਹੈ ਅਤੇ ਜਾਰੀ ਹੈ।
ਵਫ਼ਦਾਂ ਨੇ ਟੀ.ਐਫ. (ਅਤਿਵਾਦ ਦੇ ਵਿੱਤਪੋਸ਼ਣ) ਲਈ ਸਰਕਾਰੀ ਸਪਾਂਸਰਸ਼ਿਪ ਦੀ ਵਰਤੋਂ ਜਾਂ ਤਾਂ ਫੰਡ ਇਕੱਠਾ ਕਰਨ ਦੀ ਤਕਨੀਕ ਵਜੋਂ ਜਾਂ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਲ ਕੁੱਝ ਸੰਗਠਨਾਂ ਦੀ ਵਿੱਤੀ ਪ੍ਰਬੰਧਨ ਰਣਨੀਤੀ ਦੇ ਹਿੱਸੇ ਵਜੋਂ ਕਰਨ ਦਾ ਹਵਾਲਾ ਦੇ ਕੇ ਇਸ ਰੁਝਾਨ ਬਾਰੇ ਰੀਪੋਰਟ ਕੀਤੀ। ਵਿੱਤੀ ਕਾਰਵਾਈ ਟਾਸਕ ਫੋਰਸ (ਐਫ.ਏ.ਟੀ.ਐਫ.) ਨੇ ਕਿਹਾ ਕਿ ਸਹਾਇਤਾ ਦੇ ਕਈ ਰੂਪਾਂ ਦੀ ਰੀਪੋਰਟ ਕੀਤੀ ਗਈ ਹੈ, ਜਿਸ ਵਿਚ ਸਿੱਧੀ ਵਿੱਤੀ ਸਹਾਇਤਾ, ਲੌਜਿਸਟਿਕ ਅਤੇ ਸਮੱਗਰੀ ਸਹਾਇਤਾ ਜਾਂ ਸਿਖਲਾਈ ਦੀ ਵਿਵਸਥਾ ਸ਼ਾਮਲ ਹੈ। ਜੂਨ ਵਿਚ ਐਫ.ਏ.ਟੀ.ਐਫ. ਨੇ ਅਪ੍ਰੈਲ 2025 ਦੇ ਪਹਿਲਗਾਮ ਅਤਿਵਾਦੀ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਵਿੱਤੀ ਸਹਾਇਤਾ ਤੋਂ ਬਿਨਾਂ ਅਜਿਹੇ ਹਮਲੇ ਸੰਭਵ ਨਹੀਂ ਹੁੰਦੇ।
ਭਾਰਤ ਵਿਚ ਅਤਿਵਾਦੀ ਹਮਲੇ ਲਈ ਸਮੱਗਰੀ ਦੀ ਖਰੀਦ ਲਈ ਈ-ਕਾਮਰਸ ਪਲੇਟਫਾਰਮ ਦੀ ਵਰਤੋਂ ਦਾ ਕੇਸ ਸਟੱਡੀ ਦਿੰਦੇ ਹੋਏ ਐਫ.ਏ.ਟੀ.ਐਫ. ਨੇ ਕਿਹਾ ਕਿ ਹਮਲੇ ਵਿਚ ਵਰਤੇ ਗਏ ਵਿਸਫੋਟਕ ਉਪਕਰਣ ਐਲੂਮੀਨੀਅਮ ਪਾਊਡਰ ਦਾ ਇਕ ਮੁੱਖ ਹਿੱਸਾ ਈ.ਪੀ.ਓ.ਐਮ. ਐਮਾਜ਼ਾਨ ਰਾਹੀਂ ਖਰੀਦਿਆ ਗਿਆ ਸੀ। ਇਸ ਸਮੱਗਰੀ ਦੀ ਵਰਤੋਂ ਧਮਾਕੇ ਦੇ ਅਸਰ ਨੂੰ ਵਧਾਉਣ ਲਈ ਕੀਤੀ ਗਈ ਸੀ।
ਫ਼ਰਵਰੀ 2019 ’ਚ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਭਾਰਤੀ ਸੁਰੱਖਿਆ ਬਲਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲਾ ਕੀਤਾ ਗਿਆ ਸੀ, ਜਿਸ ’ਚ 40 ਜਵਾਨ ਸ਼ਹੀਦ ਹੋ ਗਏ ਸਨ। ਭਾਰਤੀ ਅਧਿਕਾਰੀਆਂ ਨੇ ਸਿੱਟਾ ਕਢਿਆ ਕਿ ਇਹ ਹਮਲਾ ਜੈਸ਼-ਏ-ਮੁਹੰਮਦ ਨੇ ਕੀਤਾ ਸੀ।