
ਪਿਛਲੇ ਸਾਲ 24 ਦੇ ਮੁਕਾਬਲੇ ਇਸ ਸਾਲ 51 ਲੋਕਾਂ ਦੀ ਦੌਲਤ ਦੁੱਗਣੀ ਹੋਈ, ਅਰਬਪਤੀਆਂ ਦੀ ਗਿਣਤੀ 259 ਤਕ ਪੁੱਜੀ, 12 ਸਾਲਾਂ ’ਚ 4.4 ਗੁਣਾ ਵਾਧਾ
ਫਾਲਗੁਨੀ ਨਾਇਰ ਨੂੰ ਪਛਾੜ ਕੇ ਜ਼ੋਹੋ ਦੀ ਰਾਧਾ ਵੇਮਬੂ ਸਭ ਤੋਂ ਅਮੀਰ ਭਾਰਤੀ ਔਰਤ ਬਣੀ
ਮੁੰਬਈ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਅਡਾਨੀ ਸਮੂਹ ਦੇ ਮੁਖੀ ਗੌਤਮ ਅਡਾਨੀ ਨੂੰ ਪਛਾੜ ਕੇ ਸਭ ਤੋਂ ਅਮੀਰ ਭਾਰਤੀ ਬਣ ਗਏ ਹਨ। ‘360 ਵਨ ਵੈਲਥ ਹੁਰੂਨ ਇੰਡੀਆ’ ਦੀ ਭਾਰਤੀ ਅਮੀਰਾਂ ਦੀ 2023 ਦੀ ਸੂਚੀ ਅਨੁਸਾਰ, ਰਿਲਾਇੰਸ ਇੰਡਸਟਰੀਜ਼ ਦੇ 66 ਸਾਲਾਂ ਦੇ ਮੁਖੀ ਦੀ ਦੌਲਤ ਮਾਮੂਲੀ ਦੋ ਫ਼ੀ ਸਦੀ ਵਧ ਕੇ 8.08 ਲੱਖ ਕਰੋੜ ਰੁਪਏ ਹੋ ਗਈ ਹੈ, ਜਦਕਿ ਅਡਾਨੀ ਦੀ ਜਾਇਦਾਦ 57 ਫ਼ੀ ਸਦੀ ਘਟ ਕੇ 4.74 ਲੱਖ ਕਰੋੜ ਰੁਪਏ ਰਹਿ ਗਈ ਹੈ।
ਹੁਰੂਨ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਖੋਜਕਰਤਾ ਅਨਸ ਰਹਿਮਾਨ ਜੁਨੈਦ ਨੇ ਅਡਾਨੀ ਦੀ ਜਾਇਦਾਦ ’ਚ ਕਮੀ ਲਈ ਜਨਵਰੀ ’ਚ ਪ੍ਰਕਾਸ਼ਿਤ ਹਿੰਡਨਬਰਗ ਰੀਪੋਰਟਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਅਮਰੀਕੀ ਵਿੱਤੀ ਖੋਜ ਅਤੇ ਨਿਵੇਸ਼ ਕੰਪਨੀ ਹਿੰਡਨਬਰਗ ਨੇ ਜਨਵਰੀ ’ਚ ਅਡਾਨੀ ਸਮੂਹ ’ਤੇ ਵਹੀ-ਖਾਤਿਆਂ ’ਚ ਗੜਬੜੀ ਅਤੇ ਸ਼ੇਅਰਾਂ ਦੀ ਕੀਮਤ ’ਚ ਹੇਰਾਫੇਰੀ ਨਾਲ ਵਿਦੇਸ਼ੀ ਇਕਾਈਆਂ ਦੇ ਗ਼ਲਤ ਪ੍ਰਯੋਗ ਦਾ ਦੋਸ਼ ਲਾਇਆ ਸੀ। ਇਨ੍ਹਾਂ ਦੋਸ਼ਾਂ ਤੋਂ ਬਾਅਦ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਵੱਡੀ ਕਮੀ ਆਈ ਸੀ। ਹਾਲਾਂਕਿ, ਅਡਾਨੀ ਸਮੂਹ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕੀਤਾ ਹੈ।
ਇਸ ਸੂਚੀ ’ਚ 138 ਸ਼ਹਿਰਾਂ ਦੇ ਕੁਲ 1319 ਲੋਕ ਸ਼ਾਮਲ ਹਨ। ਟੀਕਾ (ਵੈਕਸੀਨ) ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸਾਇਰਸ ਪੂਨਾਵਲਾ ਅਜੇ ਵੀ ਤੀਜੇ ਸਭ ਤੋਂ ਅਮੀਰ ਭਾਰਤੀ ਬਣੇ ਹੋਏ ਹਨ। ਉਨ੍ਹਾਂ ਦੀਆਂ ਜਾਇਦਾਦਾਂ 36 ਫ਼ੀ ਸਦੀ ਦੇ ਵਾਧੇ ਨਾਲ 2.78 ਲੱਖ ਕਰੋੜ ਰੁਪੲੈ ਹੋ ਗਈਆਂ ਹਨ। ਐੱਚ.ਸੀ.ਐੱਲ. ਟੈਕਨਾਲੋਜੀਜ਼ ਦੇ ਸ਼ਿਵ ਨਾਡਰ ਦੀ ਜਾਇਦਾਦ ’ਚ 23 ਫ਼ੀ ਸਦੀ ਦਾ ਵਾਧਾ ਹੋਇਆ ਅਤੇ ਉਹ 2.28 ਲੱਖ ਕਰੋੜ ਰੁਪਏ ਦੀਆਂ ਜਾਇਦਾਦਾਂ ਨਾਲ ਚੌਥੇ ਸਥਾਨ ’ਤੇ ਬਰਕਰਾਰ ਹਨ।
ਸਿਖਰਲੇ 10 ’ਚ ਸ਼ਾਮਲ ਜ਼ਿਆਦਾਤਰ ਲੋਕਾਂ ਦੀ ਰੈਂਕਿੰਗ ’ਚ ਸੁਧਾਰ ਹੋਇਆ ਹੈ। ਗੋਪੀਚੰਦ ਹਿੰਦੂਜਾ ਹੁਣ ਪੰਜਵੇਂ ਸਥਾਨ ’ਤੇ ਹਨ, ਜਦਕਿ ਦਿਲੀਪ ਸਾਂਘਵੀ ਛੇਵੇਂ ਸਥਾਨ ’ਤੇ, ਲਕਸ਼ਮੀ ਨਿਵਾਸ ਮਿੱਤਲ ਸੱਤਵੇਂ ਸਥਾਨ ’ਤੇ, ਕੁਮਾਰ ਮੰਗਲਮ ਬਿਰਲਾ ਨੌਵੇਂ ਸਥਾਨ ’ਤੇ ਅਤੇ ਨੀਰਜ ਬਜਾਜ ਦਸਵੇਂ ਸਥਾਨ ’ਤੇ ਹਨ। ਹਾਲਾਂਕਿ, ਡੀ-ਮਾਰਟ ਦੇ ਰਾਧਾਕਿਸ਼ਨ ਦਮਾਨੀ ਦੀ ਜਾਇਦਾਦ 18 ਫੀ ਸਦੀ ਘੱਟ ਕੇ 1.43 ਲੱਖ ਕਰੋੜ ਰੁਪਏ ਰਹਿ ਗਈ। ਇਸ ਨਾਲ ਉਹ ਅਮੀਰਾਂ ਦੀ ਸੂਚੀ ’ਚ ਤਿੰਨ ਸਥਾਨ ਖਿਸਕ ਕੇ ਅੱਠਵੇਂ ਸਥਾਨ ’ਤੇ ਆ ਗਏ ਹਨ।
ਜ਼ੋਹੋ ਦੀ ਰਾਧਾ ਵੇਮਬੂ ਨੇ ਫਾਲਗੁਨੀ ਨਾਇਰ ਨੂੰ ਪਛਾੜ ਕੇ ਸਭ ਤੋਂ ਅਮੀਰ ਭਾਰਤੀ ਔਰਤ ਬਣ ਗਈ ਹੈ, ਜਦੋਂ ਕਿ ਜ਼ੇਪਟੋ ਦੀ ਕੈਵਲਿਆ ਵੋਹਰਾ ਸੂਚੀ ’ਚ ਸਭ ਤੋਂ ਘੱਟ ਉਮਰ ਦੀ ਔਰਤ ਹੈ। 94 ਸਾਲ ਦੀ ਉਮਰ ’ਚ ਪ੍ਰੀਸੀਜ਼ਨ ਵਾਇਰਸ ਇੰਡੀਆ ਕੰਪਨੀ ਦੇ ਮਹਿੰਦਰ ਰਤੀਲਾਲ ਮਹਿਤਾ ਨੇ ਪਹਿਲੀ ਵਾਰ ਇਸ ਸੂਚੀ ’ਚ ਜਗ੍ਹਾ ਬਣਾਈ। ਹੁਰੁਨ ਨੇ ਕਿਹਾ ਕਿ ਪਿਛਲੇ ਸਾਲ ਭਾਰਤ ’ਚ ਹਰ ਤਿੰਨ ਹਫ਼ਤਿਆਂ ’ਚ ਦੋ ਨਵੇਂ ਅਰਬਪਤੀ ਸ਼ਾਮਲ ਹੋਏ ਸਨ ਅਤੇ ਹੁਣ ਅਰਬਪਤੀਆਂ ਦੀ ਗਿਣਤੀ 259 ਤਕ ਪਹੁੰਚ ਗਈ ਹੈ। ਇਹ 12 ਸਾਲਾਂ ’ਚ 4.4 ਗੁਣਾ ਵਾਧਾ ਹੈ।
ਅਸਮਾਨਤਾਵਾਂ ਬਾਰੇ ਚਿੰਤਾਵਾਂ ਦੇ ਵਿਚਕਾਰ ਪਿਛਲੇ ਸਾਲ 24 ਦੇ ਮੁਕਾਬਲੇ ਇਸ ਸਾਲ 51 ਲੋਕਾਂ ਦੀ ਦੌਲਤ ਦੁੱਗਣੀ ਹੋ ਗਈ ਹੈ। ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ’ਚ ਮੁੰਬਈ 328 ਲੋਕਾਂ ਦੇ ਨਾਲ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਨਵੀਂ ਦਿੱਲੀ ਦੇ 199 ਅਤੇ ਬੈਂਗਲੁਰੂ ਦੇ 100 ਲੋਕ ਇਸ ’ਚ ਸ਼ਾਮਲ ਹਨ। ਤਿਰੁਪੁਰ ਚੋਟੀ ਦੇ 20 ਸ਼ਹਿਰਾਂ ’ਚੋਂ ਇਕ ਸੀ ਜਿੱਥੋਂ ਦੇ ਸਭ ਤੋਂ ਅਮੀਰ ਲੋਕਾਂ ਨੇ ਇਸ ਸੂਚੀ ’ਚ ਥਾਂ ਬਣਾਈ ਹੈ। ਕੇਦਾਰ ਕੈਪੀਟਲ ਦੇ ਸਨਅਤੀ ਦਿੱਗਜ ਮਨੀਸ਼ ਕੇਜਰੀਵਾਲ 3,000 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ ’ਚ ਸ਼ਾਮਲ ਹੋਣ ਵਾਲੇ ਪ੍ਰਾਈਵੇਟ ਇਕੁਇਟੀ ਸੈਕਟਰ ਦੇ ਪਹਿਲੇ ਵਿਅਕਤੀ ਬਣ ਗਏ ਹਨ।