
ਰੈਗੂਲੇਟਰੀ ਮਨਜ਼ੂਰੀ ਮਿਲਣ ਤੋਂ ਬਾਅਦ ਅਗਲੇ 10 ਦਿਨਾਂ ਵਿਚ ਸਪਾਈਸਜੈੱਟ ਦੇ ਬੇੜੇ 'ਚ ਸ਼ਾਮਲ ਹੋ ਜਾਣਗੇ ਜਹਾਜ਼
ਨਵੀਂ ਦਿੱਲੀ : ਹਵਾਈ ਸੇਵਾ ਦੇਣ ਵਾਲੀ ਸਪਾਈਸਜੈੱਟ ਅਪਣੇ ਬੇੜੇ 'ਚ 16 ਬੋਇੰਗ 737-800 ਐਨ.ਜੀ. ਜਹਾਜ਼ਾਂ ਨੂੰ ਸ਼ਾਮਲ ਕਰੇਗੀ। ਉਸਨੇ ਉਡਾਣ ਰਦ ਹੋਣ ਦੀ ਸਮੱਸਿਆ ਨੂੰ ਘੱਟ ਕਰਨ ਲਈ ਕੌਮਾਂਤਰੀ ਅਤੇ ਘਰੇਲੂ ਪੱਧਰ 'ਤੇ ਅਪਣੀ ਮੌਜੂਦਗੀ ਨੂੰ ਵਧਾਉਣ ਲਈ ਇਹ ਕਦਮ ਚੁੱਕਿਆ ਹੈ। ਸਾਰੇ ਜਹਾਜ਼ ਡਰਾਈ ਲੀਜ਼ (ਬਿਨਾਂ ਕਰਿਊ ਮੈਂਬਰ ਦੇ ਜਹਾਜ਼ ਪੱਟੇ 'ਤੇ ਲੈਣ ਦੀ ਵਿਵਸਥਾ) ਦੇ ਤਹਿਤ ਲਏ ਜਾਣਗੇ। ਸਪਾਈਸਜੈੱਟ ਨੇ ਸ਼ੁਕਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ।
SpiceJet
ਇਸ ਵਿਵਸਥਾ ਦੇ ਤਹਿਤ ਪੱਟੇ 'ਤੇ ਜਹਾਜ਼ ਦੇਣ ਵਾਲੀ ਕੰਪਨੀ ਬਿਨਾਂ ਕਰਿਊ ਮੈਂਬਰ ਦੇ ਕਿਸੇ ਏਅਰਲਾਈਨ ਕੰਪਨੀ ਨੂੰ ਜਹਾਜ਼ ਕਿਰਾਏ 'ਤੇ ਦਿੰਦੀ ਹੈ ਜਦੋਂਕਿ 'ਵੇਟ ਲੀਜ਼' ਦੇ ਤਹਿਤ ਪੂਰੇ ਚਾਲਕ ਦਲ ਦੇ ਨਾਲ ਜਹਾਜ਼ ਪੱਟੇ 'ਤੇ ਦਿਤੇ ਜਾਂਦੇ ਹਨ। ਏਅਰਲਾਈਨ ਨੇ ਕਿਹਾ, 'ਸਪਾਈਸਜੈੱਟ ਜਹਾਜ਼ ਕਿਰਾਏ 'ਤੇ ਲੈਣ ਦੀ ਵਿਵਸਥਾ ਦੇ ਤਹਿਤ ਅਪਣੇ ਬੇੜੇ 'ਚ 16 ਬੋਇੰਗ 737-800 ਐਨ.ਜੀ. ਜਹਾਜ਼ ਸ਼ਾਮਲ ਕਰੇਗੀ। ਜਹਾਜ਼ਾਂ ਦੇ ਆਯਾਤ ਲਈ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਨੋਟੀਫਿਕੇਸ਼ਨ ਸਰਟੀਫਿਕੇਟ(ਐਨ.ਓ.ਸੀ.) ਲਈ ਅਰਜ਼ੀ ਦਿਤੀ ਹੈ।
ਕੰਪਨੀ ਨੇ ਕਿਹਾ ਕਿ ਰੈਗੂਲੇਟਰੀ ਮਨਜ਼ੂਰੀ ਮਿਲਣ ਤੋਂ ਬਾਅਦ ਅਗਲੇ 10 ਦਿਨਾਂ ਵਿਚ ਸਪਾਈਸਜੈੱਟ ਦੇ ਬੇੜੇ ਵਿਚ ਜਹਾਜ਼ ਸ਼ਾਮਲ ਹੋਣ ਲੱਗ ਜਾਣਗੇ। ਸਪਾਈਸਜੈੱਟ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਉਡਾਣ ਰਦ ਹੋਣ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇਗਾ ਸਗੋਂ ਇਸ ਦੀ ਸਹਾਇਤਾ ਨਾਲ ਕੌਮਾਂਤਰੀ ਅਤੇ ਘਰੇਲੂ ਪੱਧਰ 'ਤੇ ਅਪਣੀ ਮੌਜੂਦਗੀ ਵਧਾਉਣ 'ਚ ਵੀ ਮਦਦ ਮਿਲੇਗੀ।
Boeing 737-800 NG aircraft
ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਡਾਇਰੈਕਟਰ ਅਜੇ ਸਿੰਘ ਨੇ ਕਿਹਾ ਕਿ ਇਹ ਬੋਇੰਗ 737 ਐੱਸ ਦੀ ਪਹਲੀ ਲਾਟ ਹੈ, ਜਿਸਨੂੰ ਏਅਰਲਾਈਨ ਅਪਣੇ ਬੇੜੇ ਵਿਚ ਸ਼ਾਮਲ ਕਰ ਰਿਹਾ ਹੈ। ਸਪਾਈਸਜੈੱਟ ਵਲੋਂ ਇਹ ਐਲਾਨ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਉਡਾਣਾਂ ਦੀ ਗਿਣਤੀ 'ਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਅਤੇ ਹਵਾਈ ਉਡਾਣਾਂ ਦੇ ਕਿਰਾਏ ਤੇਜ਼ੀ ਨਾਲ ਵਧ ਰਹੇ ਹਨ। ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਜੈੱਟ ਏਅਰਵੇਜ਼ ਦੇ ਬੇੜੇ ਦੇ ਕਰੀਬ 90 ਫ਼ੀ ਸਦੀ ਜਹਾਜ਼ ਆਪਰੇਸ਼ਨ ਤੋਂ ਬਾਹਰ ਹੋਣ ਕਾਰਨ Àਡਾਣ ਰਦ ਹੋਣ ਦੀ ਦਿੱਕਤ ਪੈਦਾ ਹੋਈ ਹੈ। (ਪੀਟੀਆਈ)