
ਕਿਹਾ - ਵਿਕਾਸ ਕੰਮਾਂ ਲਈ ਵਰਕ ਫ਼ੋਰਸ ਦਾ ਗਠਨ ਕਰਾਂਗੇ
ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਅਤੇ ਲੱਦਾਖ਼ ਵਿਚ ਵਿਕਾਸ ਕੰਮ ਲਈ ਕੰਪਨੀ ਵਿਸ਼ੇਸ਼ ਵਰਕਫ਼ੋਰਸ ਯਾਨੀ ਕਾਰਜ ਦਲ ਦਾ ਗਠਨ ਕਰੇਗੀ। ਕੰਪਨੀ ਦੀ 42ਵੀਂ ਸਾਲਾਨਾ ਆਮ ਸਭਾ ਨੂੰ ਸੰਬੋਧਤ ਕਰਦਿਆਂ ਅੰਬਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੰਮੂ ਕਸ਼ਮੀਰ ਅਤੇ ਲੱਦਾਖ਼ ਦੇ ਵਿਕਾਸ ਲਈ ਕੀਤੀ ਗਈ ਅਪੀਲ ਨੂੰ ਧਿਆਨ ਵਿਚ ਰਖਦਿਆਂ ਅਸੀਂ ਜੰਮੂ ਕਸ਼ਮੀਰ ਅਤੇ ਲੱਦਾਖ਼ ਦੇ ਲੋਕਾਂ ਨੂੰ ਸਾਰੀਆਂ ਵਿਕਾਸ ਲੋੜਾਂ ਵਿਚ ਮਦਦ ਲਈ ਪ੍ਰਤੀਬੱਧ ਹੈ।
RIL
ਉਨ੍ਹਾਂ ਕਿਹਾ, 'ਰਿਲਾਇੰਸ ਇਸ ਲਈ ਵਿਸ਼ੇਸ਼ ਕਾਰਜ ਬਲ ਦਾ ਗਠਨ ਕਰੇਗੀ। ਆਉਣ ਵਾਲੇ ਮਹੀਨਿਆਂ ਵਿਚ ਜੰਮੂ ਕਸ਼ਮੀਰ ਅਤੇ ਲੱਦਾਖ਼ ਲਈ ਅਸੀਂ ਅਪਣੀਆਂ ਬਹੁਤ ਸਾਰੀਆਂ ਵਿਕਾਸ ਤਰਜੀਹਾਂ ਦਾ ਐਲਾਨ ਕਰਾਂਗੇ।' ਜ਼ਿਕਰਯੋਗ ਹੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੱਠ ਅਗੱਸਤ ਨੂੰ ਦੇਸ਼ ਦੇ ਨਾਮ ਸੰਬੋਧਨ ਵਿਚ ਉਦਯੋਗ ਜਗਤ ਨੂੰ ਜੰਮੂ ਕਸ਼ਮੀਰ ਅਤੇ ਲੱਦਾਖ਼ ਖੇਤਰ ਦੇ ਵਿਕਾਸ ਲਈ ਅੱਗੇ ਆਉਣ ਦਾ ਸੱਦਾ ਦਿਤਾ ਸੀ। ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਖ਼ਤਮ ਕਰਨ ਮਗਰੋਂ ਮੋਦੀ ਨੇ ਦੇਸ਼ ਨੂੰ ਸੰਬੋਧਤ ਕੀਤਾ ਸੀ।
Mukesh Ambani
ਜ਼ਿਕਰਯੋਗ ਹੈ ਕਿ ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਚਰਚਾ ਸ਼ੁਰੂ ਹੋ ਗਈ ਸੀ ਕਿ ਵੱਡੇ ਵੱਡੇ ਉਦਯੋਗਪਤੀ ਹੁਣ ਜੰਮੂ ਕਸ਼ਮੀਰ ਵਿਚ ਸਨਅਤਾਂ ਲਾਉਣ 'ਚ ਦਿਲਚਸਪੀ ਵਿਖਾਉਣਗੇ। ਭਾਜਪਾ ਦੇ ਵਿਰੋਧੀਆਂ ਦਾ ਕਹਿਣਾ ਸੀ ਕਿ ਇਸ ਧਾਰਾ ਨੂੰ ਖ਼ਤਮ ਕਰਨ ਦਾ ਇਕ ਕਾਰਨ ਇਹ ਵੀ ਹੈ ਕਿ ਭਾਜਪਾ ਨੇ ਵੱਡੇ ਵੱਡੇ ਸਨਅਤਕਾਰਾਂ ਨਾਲ ਗੰਢਤੁੱਪ ਕੀਤੀ ਹੈ ਅਤੇ ਯੋਜਨਾ ਤਹਿਤ ਉਨ੍ਹਾਂ ਲਈ ਜੰਮੂ ਕਸ਼ਮੀਰ ਦੇ ਦਰਵਾਜ਼ੇ ਖੋਲ੍ਹ ਦਿਤੇ ਹਨ। ਉਦਯੋਗ ਜਗਤ ਦੇ ਮਾਹਰ ਨੇ ਅਪਣਾ ਨਾਮ ਨਾਲ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਮੁਕੇਸ਼ ਅੰਬਾਨੀ ਦਾ ਤਾਜ਼ਾ ਐਲਾਨ ਇਸ ਕਥਿਤ ਗੰਢਤੁਪ ਵਲ ਹੀ ਇਸ਼ਾਰਾ ਕਰਦਾ ਹੈ।