
ਹਾਲਾਂਕਿ, ਨਿਫ਼ਟੀ ਆਈਟੀ ਅਤੇ ਪੀਐਸਯੂ ਬੈਂਕ ਸੂਚਕਾਂਕ ਵਿਚ ਮਾਮੂਲੀ ਕਮਜ਼ੋਰੀ ਸੀ।
ਨਵੀਂ ਦਿੱਲੀ - ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਲਗਾਤਾਰ ਚੌਥੇ ਦਿਨ ਵਾਧੇ ਦੇ ਨਾਲ ਬੰਦ ਹੋਏ। ਗਲੋਬਲ ਬਾਜ਼ਾਰ ਤੋਂ ਮਿਲੇ ਚੰਗੇ ਸੰਕੇਤਾਂ ਕਾਰਨ ਦਿਨ ਭਰ ਬਾਜ਼ਾਰ 'ਚ ਤੇਜ਼ੀ ਰਹੀ। ਬੈਂਕਿੰਗ, ਮੈਟਲ, ਵਿੱਤੀ ਸੇਵਾਵਾਂ, ਐੱਫ.ਐੱਮ.ਸੀ.ਜੀ., ਮੈਟਲ, ਫਾਰਮਾ ਖੇਤਰਾਂ 'ਚ ਖਰੀਦਦਾਰੀ ਨਾਲ ਬਾਜ਼ਾਰ ਨੂੰ ਸਮਰਥਨ ਮਿਲਿਆ। ਹਾਲਾਂਕਿ, ਨਿਫ਼ਟੀ ਆਈਟੀ ਅਤੇ ਪੀਐਸਯੂ ਬੈਂਕ ਸੂਚਕਾਂਕ ਵਿਚ ਮਾਮੂਲੀ ਕਮਜ਼ੋਰੀ ਸੀ।
ਕਾਰੋਬਾਰ ਦੇ ਅੰਤ 'ਚ ਸੈਂਸੈਕਸ 456 ਅੰਕ ਚੜ੍ਹ ਕੇ 60,571 ਅੰਕ 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 134 ਅੰਕਾਂ ਦੇ ਵਾਧੇ ਨਾਲ 18,070 ਦੇ ਪੱਧਰ 'ਤੇ ਬੰਦ ਹੋਇਆ। ਇਹ ਨਿਫਟੀ ਦਾ 8 ਮਹੀਨਿਆਂ ਦਾ ਉੱਚ ਪੱਧਰੀ ਬੰਦ ਹੋਣਾ ਹੈ। ਸੈਂਸੈਕਸ ਦੇ 30 ਵਿਚੋਂ 24 ਸਟਾਕ ਹਰੇ ਨਿਸ਼ਾਨ 'ਤੇ ਰਹੇ। ਬੀਐੱਸਈ 'ਤੇ 3600 ਸ਼ੇਅਰਾਂ ਦਾ ਕਾਰੋਬਾਰ ਹੋਇਆ, ਜਿਨ੍ਹਾਂ 'ਚੋਂ 1860 ਸ਼ੇਅਰ ਬੜ੍ਹਤ 'ਤੇ ਰਹੇ। ਜਦਕਿ 1637 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ।
ਹੁਣ ਕੱਚਾ ਤੇਲ 7 ਮਹੀਨਿਆਂ 'ਚ ਸਭ ਤੋਂ ਸਸਤਾ ਹੋ ਰਿਹਾ ਹੈ, ਜਦਕਿ ਡਾਲਰ ਵਧਿਆ ਹੈ, ਜਿਸ ਕਾਰਨ ਅਮਰੀਕੀ ਸ਼ੇਅਰ ਬਾਜ਼ਾਰ 'ਚ ਉਤਸ਼ਾਹ ਹੈ। ਘਰੇਲੂ ਸ਼ੇਅਰ ਬਾਜ਼ਾਰ ਨੂੰ ਵੀ ਇਸ ਦਾ ਫ਼ਾਇਦਾ ਮਿਲ ਰਿਹਾ ਹੈ। ਏਸ਼ੀਆਈ ਸ਼ੇਅਰ ਬਾਜ਼ਾਰ ਦੀ ਗੱਲ ਕਰੀਏ ਤਾਂ ਜਾਪਾਨ ਦਾ ਨਿੱਕੇਈ 0.19 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ, ਜਦਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ ਵੀ 0.33 ਫੀਸਦੀ ਚੜ੍ਹ ਕੇ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਹੈਂਗ ਸੇਂਗ ਵੀ 0.47 ਫੀਸਦੀ ਵਧਿਆ ਹੈ।