
ਰਿਲਾਇੰਸ ਇੰਡਸਟਰੀਜ਼ ਲਿਮਟਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਦੁਨੀਆਂ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।
ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਲਿਮਟਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਦੁਨੀਆਂ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਗੂਗਲ ਦੇ ਸਹਿ-ਸੰਸਥਾਪਕ ਲੈਰੀ ਪੇਜ ਨੂੰ ਪਿੱਛੇ ਛੱਡ ਕੇ ਉਹਨਾਂ ਨੇ ਇਹ ਸਥਾਨ ਹਾਸਲ ਕੀਤਾ ਹੈ। ਬਲੂਮਬਰਗ ਬਿਲੇਨੀਅਰਸ ਇੰਡੈਕਸ ਮੁਤਾਬਕ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਹੁਣ 72.4 ਅਰਬ ਡਾਲਰ ਹੋ ਗਈ ਹੈ।
Mukesh Ambani
ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਦੁਨੀਆਂ ਵਿਚ ਸਭ ਤੋਂ ਵੱਡੇ ਨਿਵੇਸ਼ਕ ਵਾਰੇਨ ਬਫੇ ਨੂੰ ਪਛਾੜਿਆ ਸੀ। ਦੱਸ ਦਈਏ ਕਿ ਦੁਨੀਆਂ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਮੁਕੇਸ਼ ਅੰਬਾਨੀ ਪੂਰੇ ਏਸ਼ੀਆ ਦੇ ਇਕਲੌਤੇ ਵਿਅਕਤੀ ਹਨ। ਰਿਲਾਇੰਸ ਇੰਡਸਟਰੀਜ਼ ਚੇਅਰਮੈਨ ਦੀ ਜਾਇਦਾਦ ਵਿਚ ਵਾਧੇ ਦਾ ਕਾਰਨ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ ਲਗਾਤਾਰ ਵਾਧਾ ਰਿਹਾ ਹੈ।
Reliance Industries
ਮਾਰਚ ਤੋਂ ਬਾਅਦ ਹੁਣ ਤੱਕ ਰਿਲਾਇੰਸ ਦੇ ਸ਼ੇਅਰਾਂ ਵਿਚ ਦੁੱਗਣਾ ਵਾਧਾ ਹੋਇਆ ਹੈ। ਦਰਅਸਲ ਹਾਲ ਹੀ ਵਿਚ ਰਿਲਾਇੰਸ ਦੀ ਟੈਕਨਾਲੋਜੀ ਇਕਾਈ ਜੀਓ ਪਲੇਟਫਾਰਮ ਨੇ ਕਈ ਗਲੋਬਲ ਕੰਪਨੀਆਂ ਦੇ ਨਾਲ ਸਮਝੌਤਾ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿਚ ਫੇਸਬੁੱਕ ਵੀ ਸ਼ਾਮਲ ਹੈ। ਇਸ ਤੋਂ ਬਾਅਦ ਹੀ ਰਿਲਾਇੰਸ ਦੇ ਸ਼ੇਅਰਾਂ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
Reliance Jio
ਤਿੰਨ ਮਹੀਨਿਆਂ ਵਿਚ ਰਿਲਾਇੰਸ ਜੀਓ ਵਿਚ 12 ਵਿਦੇਸ਼ੀ ਕੰਪਨੀਆਂ ਨਿਵੇਸ਼ ਕਰ ਚੁੱਕੀਆਂ ਹਨ। ਰਿਲਾਇੰਸ ਨੇ ਜੀਓ ਪਲੇਟਫਾਰਮ ਦੀ ਹਿੱਸੇਦਾਰੀ ਵਿਕਰੀ ਨਾਲ 117,588.45 ਕਰੋੜ ਰੁਪਏ ਕਮਾਏ ਹਨ। ਰਿਲਾਇੰਸ ਨੂੰ ਹੁਣ ਤੱਕ ਜੀਓ ਪਲੇਟਫਾਰਮ ਦੀ 25.09 ਹਿੱਸੇਦਾਰੀ ਲਈ ਨਿਵੇਸ਼ ਮਿਲ ਚੁੱਕਾ ਹੈ।
Jeff Bezos
ਇਸ ਸੂਚੀ ਵਿਚ ਪਹਿਲੇ ਨੰਬਰ ‘ਤੇ ਐਮਾਜ਼ੋਨ ਦੇ ਸੀਈਓ ਜੇਫ ਬੇਜੋਸ ਹਨ। ਉਹਨਾਂ ਦੀ ਨੈੱਟਵਰਥ 184 ਅਰਬ ਡਾਲਰ ਹੈ। ਇਸ ਤੋਂ ਬਾਅਦ ਛੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਵਿਚ ਬਿਲ ਗੇਟਸ, ਬਰਨਾਰਡ ਆਰਨੌਲਟ, ਮਾਰਕ ਜ਼ੁਕਰਬਰਗ, ਸਟੇਲੇ ਬਾਲਮਰ ਅਤੇ ਮੁਕੇਸ਼ ਅੰਬਾਨੀ ਹਨ।