
ਪ੍ਰਧਾਨ ਮੰਤਰੀ ਮੋਦੀ ਨੂੰ ਵੀ ਕੀਤੀ ਕੰਪਨੀ ਨੂੰ ਬਚਾਉਣ ਦੀ ਅਪੀਲ
ਮੁੰਬਈ : ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹਵਾਈ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਦੇ ਪਾਇਲਟਾਂ ਦੇ ਇਕ ਸੰਗਠਨ ਨੇ ਭਾਰਤੀ ਸਟੇਟ ਬੈਂਕ ਨੂੰ 1500 ਕਰੋੜ ਰੁਪਏ ਜਾਰੀ ਕਰਨ ਦੀ ਅਪੀਲ ਕੀਤੀ ਹੈ। ਸੰਗਠਨ ਨੇ ਕੰਪਨੀ ਵਿਚ ਕੰਮ ਕਰ ਰਹੇ 20 ਹਜ਼ਾਰ ਲੋਕਾਂ ਦੀਆਂ ਨੌਕਰੀਆਂ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਹੈ।
Jet Airways
ਪਿਛਲੇ ਮਹੀਨੇ ਤਿਆਰ ਯੋਜਨਾ ਤਹਿਤ ਭਾਰਤੀ ਸਟੇਟ ਬੈਂਕ ਨੂੰ ਜੈੱਟ ਏਅਰਵੇਜ਼ ਵਿਚ 1500 ਕਰੋੜ ਰੁਪਏ ਲਗਾਉਣੇ ਹਨ। ਜੈੱਟ ਏਅਰਵੇਜ਼ ਦੇ ਪਾਇਲਟਾਂ ਦੇ ਸੰਗਠਨ ਨੈਸ਼ਨਲ ਐਵੀਏਟਰ ਗਿਲਡ ਦੇ ਉਪ ਪ੍ਰਧਾਨ ਆਦਿਮ ਵਾਲਿਆਣੀ ਨੇ ਕੰਪਨੀ ਦੇ ਮੁੱਖ ਦਫ਼ਤਰ ਸਿਰੋਆ ਸੈਂਟਰ ਵਿਚ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਜੈੱਟ ਏਅਰਵੇਜ਼ ਨੂੰ ਚਲਾਈ ਰੱਖਣ ਲਈ ਭਾਰਤੀ ਸਟੇਟ ਬੈਂਕ ਨੂੰ 1500 ਕਰੋੜ ਰੁਪਏ ਜਾਰੀ ਕਰਨ ਦੀ ਅਪੀਲ ਕਰਦੇ ਹਨ।
Narendra Modi
ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਇਸ ਕੰਪਨੀ ਵਿਚ ਕੰਮ ਕਰ ਰਹੇ 20 ਹਜ਼ਾਰ ਲੋਕਾਂ ਦੀਆਂ ਨੌਕਰੀਆਂ ਨੂੰ ਬਚਾਉਣ ਤਾਕਿ ਉਨ੍ਹਾਂ ਦੇ ਪਰਵਾਰ ਦੀ ਰੋਜ਼ੀ-ਰੋਟੀ ਚਲਦੀ ਰਹੇ। ਇਸ ਤੋਂ ਪਹਿਲਾਂ ਕੰਪਨੀ ਦੇ ਪਾਇਲਟ, ਇੰਜੀਨੀਅਰ ਅਤੇ ਕੈਬਿਨ ਸਟਾਫ਼ ਅਪਣੀ ਇਕਜੁਟਤਾ ਦਾ ਪ੍ਰਗਟਾਵਾ ਕਰਨ ਲਈ ਮੁੱਖ ਦਫ਼ਤਰ ਵਿਚ ਇਕੱਠਾ ਹੋਇਆ। ਜ਼ਿਕਰਯੋਗ ਹੈ ਕਿ ਕੰਪਨੀ ਦਾ ਪਾਇਲਟਾਂ, ਇੰਜੀਨੀਅਰਾਂ ਅਤੇ ਸੀਨੀਅਰ ਮੁਲਾਜ਼ਮਾਂ ਨੂੰ ਦਸੰਬਰ 2018 ਤੋਂ ਤਨਖ਼ਾਹ ਨਹੀਂ ਮਿਲੀ ਹੈ ਜਦਕਿ ਕੰਪਨੀ ਮਾਰਚ ਵਿਚ ਕੁੱਝ ਹੋਰ ਵਰਗ ਦੇ ਮੁਲਾਜ਼ਮਾਂ ਨੂੰ ਵੀ ਤਨਖ਼ਾਹ ਦੇਣ ਵਿਚ ਅਸਫ਼ਲ ਰਹੀ ਹੈ। (ਏਜੰਸੀ)