
ਜੈੱਟ ਦੇ ਪਾਇਲਟਾਂ ਅਤੇ ਇੰਜੀਨੀਅਰਾਂ ਨੂੰ 30 ਤੋਂ 50 ਫੀਸਦੀ ਘੱਟ ਤਨਖ਼ਾਹ ’ਤੇ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਹੈ
ਨਵੀਂ ਦਿੱਲੀ- ਵਿੱਤੀ ਸੰਕਟ ਨਾਲ ਜੱਦੋ ਜਹਿਦ ਕਰ ਰਹੀ ਹਵਾਈ ਸੇਵਾਵਾਂ ਮੁਹੱਈਆਂ ਕਰਵਾਉਣ ਵਾਲੀ ਜੈੱਟ ਏਅਰਵੇਜ਼ ਦੀ ਮੁਕਾਬਲੇਬਾਜ਼ ਕੰਪਨੀ ਸਪਾਈਜ਼ ਜੈੱਟ ਹੁਣ ਜੈੱਟ ਏਅਰਵੇਜ਼ ਲਈ ਹੋਰ ਮੁਸੀਬਤ ਬਣ ਕੇ ਸਾਹਮਣੇ ਆਈ ਹੈ। ਉਸ ਨੇ ਜੈੱਟ ਦੇ ਪਾਇਲਟਾਂ ਅਤੇ ਇੰਜੀਨੀਅਰਾਂ ਨੂੰ 30 ਤੋਂ 50 ਫੀਸਦੀ ਘੱਟ ਤਨਖ਼ਾਹ ’ਤੇ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਹੈ। ਉਦਯੋਗ ਸੂਤਰਾਂ ਮੁਤਾਬਕ ਸਸਤਾ ਸਫ਼ਰ ਮੁਹੱਈਆ ਕਰਵਾਉਣ ਵਾਲੀ ਕੰਪਨੀ ਸਪਾਈਜ਼ ਜੈੱਟ ਨੇ ਜੈੱਟ ਏਅਰਵੇਜ਼ ਦੇ ਪਾਇਲਟਾਂ ਨੂੰ 30 ਫੀਸਦੀ ਘੱਟ ਤਨਖ਼ਾਹ ’ਤੇ ਭਰਤੀ ਹੋਣ ਦਾ ਸੱਦਾ ਦਿੱਤਾ ਹੈ। ਜਦ ਕਿ ਇੰਜੀਨੀਅਰਾਂ ਨੂੰ 50 ਫ਼ੀਸਦੀ ਘੱਟ ਤਨਖ਼ਾਹ ’ਤੇ ਕੰਪਨੀ ਚ ਭਰਤੀ ਹੋ ਸਕਦੇ ਹਨ।
SpiceJet Airways
ਸੂਤਰਾਂ ਮੁਤਾਬਕ ਜੈੱਟ ਏਅਰਵੇਜ਼ ਦੇ ਬੰਦ ਹੋਣ ਦੇ ਖਦਸ਼ੇ ਕਾਰਨ ਪੇਸ਼ੇਵਰ ਤਨਖਾਹ ਘੱਟ ਲੈਣ ਲਈ ਰਾਜ਼ੀ ਹੋ ਗਏ ਹਨ ਅਤੇ ਜੈੱਟ ਏਅਰਵੇਜ਼ ਚ 4 ਲੱਖ ਰੁਪਏ ਮਹੀਨਾ ਤਨਖਾਹ ਲੈਣ ਵਾਲੇ ਲੋਕਾਂ ਨੂੰ 2 ਲੱਖ ਰੁਪਏ ਮਹੀਨਾ ਤਨਖਾਹ ਦੀ ਪੇਸ਼ਕਸ਼ ਹੈ। ਸਪਾਈਜ਼ ਜੈੱਟ ਨਾਲ ਜੁੜਣ ਵਾਲੇ ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਸੀਂ ਹੋਮਲੋਨ ਲੈ ਚੁੱਕੇ ਹਾਂ ਅਤੇ ਇਸ ਤੋਂ ਇਲਾਵਾ ਸਾਡੇ ਕਈ ਹੋਰ ਖਰਚੇ ਵੀ ਹਨ। ਜਿਸ ਲਈ ਸਾਨੂੰ ਸਮੇਂ ਸਿਰ ਤਨਖ਼ਾਹ ਚਾਹੀਦੀ ਹੈ।ਦੱਸਣਯੋਗ ਹੈ ਕਿ ਕਰਜ਼ੇ ਅਤੇ ਘਾਟੇ ਦੀ ਮਾਰ ਝੱਲ ਰਹੀ ਜੈੱਟ ਏਅਰਵੇਜ਼ ਆਪਣੇ ਵਜੂਦ ਲਈ ਸੰਘਰਸ਼ ਕਰ ਰਹੀ ਹੈ ਜਦਕਿ ਇਹ ਏਅਰਲਾਈਨ ਲਗਭਗ 90 ਫ਼ੀਸਦੀ ਉਡਾਨਾਂ ਰੱਦ ਕਰ ਚੁੱਕੀ ਹੈ।