
ਭਾਜਪਾ ਸਾਂਸਦ ਤੋਂ ਬਾਅਦ ਲੋਕ ਸਭਾ ਸਪੀਕਰ ਨੇ ਵੀ ਚੁੱਕੇ ਸੀ ਸਵਾਲ
ਇੰਦੌਰ : ਮੱਧ ਪ੍ਰਦੇਸ਼ ਦੀ ਆਰਥਕ ਰਾਜਧਾਨੀ ਇੰਦੌਰ ਤੋਂ ਚਲਣ ਵਾਲੀਆਂ 39 ਰੇਲ ਗੱਡੀਆਂ ਵਿਚ ਸਫ਼ਰ ਦੌਰਾਨ ਯਾਤਰੀਆਂ ਨੂੰ ਮਾਲਸ਼ ਦੀ ਸਹੂਲਤ ਦੇ ਕੇ ਵਧੇਰੇ ਪੈਸਾ ਕਮਾਉਣ ਦੀ ਰੇਲਵੇ ਦੀ ਨਵੀਂ ਯੋਜਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਕੇ ਬੰਦ ਹੋ ਗਈ ਹੈ। ਮੱਧਰ ਪ੍ਰਦੇਸ਼ 'ਚ ਇਕ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਸ਼ੰਕਰ ਲਾਲਵਾਨੀ ਨੇ ਇਸ ਯੋਜਨਾ ਨੂੰ ਭਾਰਤੀ ਸਭਿਆਚਾਰ ਦੇ ਉਲਟ ਕਰਾਰ ਦਿਤਾ ਸੀ। ਇਸ ਤੋਂ ਬਾਅਦ ਅੱਜ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਵੀ ਇਸ 'ਤੇ ਸਵਾਲ ਚੁੱਕੇ ਸਨ।
Indian Railways
ਪਛਮੀ ਰੇਲਵੇ ਦੇ ਰਤਲਾਮ ਮੰਡਲ ਦੇ ਇਕ ਅਧਿਕਾਰੀ ਨੇ ਸਨਿਚਰਵਾਰ ਨੂੰ ਕਿਹਾ ਕਿ ਮੱਧ ਪ੍ਰਦੇਸ਼ ਦੀ ਆਰਥਕ ਰਾਜਧਾਨੀ ਇੰਦੌਰ ਤੋਂ ਚੱਲਣ ਵਾਲੀਆਂ 39 ਰੇਲ ਗੰਡੀਆਂ 'ਚ ਮਾਲਿਸ਼ ਸੇਵਾ ਦੀ ਤਜਵੀਜ਼ ਵਾਪਸ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਰੇਲਵੇ ਲੋਕਾਂ ਦੇ ਪ੍ਰਤੀਨਿਧੀਆਂ, ਰੇਲ ਖਪਤਕਾਰਾਂ ਅਤੇ ਜਨਤਾ ਤੋਂ ਮਿਲੇ ਸਾਰੇ ਸੁਝਾਵਾਂ ਦਾ ਮਾਣ ਕਰਦਾ ਹੈ।
Massage to passengers in trains
ਇਸ ਤੋਂ ਪਹਿਲਾਂ ਅੱਜ ਲੋਕ ਸਭਾ ਸਪੀਕਰ ਨੇ ਇਸ ਸਬੰਧੀ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਸ਼ੁਕਰਵਾਰ ਇਕ ਚਿੱਠੀ ਲਿਖੀ। ਮਹਾਜਨ ਦੇ ਸਥਾਨਕ ਦਫ਼ਤਰ ਦੇ ਇਕ ਮੁਲਾਜ਼ਮ ਨੇ ਇਹ ਚਿਠੀ ਲਿਖੇ ਜਾਣ ਦੀ ਪੁਸ਼ਟੀ ਸਨਿਚਰਵਾਰ ਕੀਤੀ। ਚਿੱਠੀ ਵਿਚ ਮਹਾਜਨ ਨੇ ਗੋਇਲ ਤੋਂ ਜਾਣਨਾ ਚਾਹਿਆ ਹੈ ਕਿ ਕੀ ਪਛਮੀ ਰੇਲਵੇ ਦੇ ਰਤਲਾਮ ਰੇਲ ਮੰਡਲ ਦੀ ਪ੍ਰਸਤਾਵਿਤ ਮਾਲਸ਼ ਯੋਜਨਾ ਨੂੰ ਰੇਲ ਮੰਤਰਾਲੇ ਨੇ ਮਨਜ਼ੂਰੀ ਦਿਤੀ ਹੈ?
Massage to passengers in trains
ਮਹਾਜਨ ਨੇ ਚਿੱਠੀ ਵਿਚ ਪੁਛਿਆ, ''ਇਸ ਤਰ੍ਹਾਂ ਦੀ (ਮਾਲਸ਼) ਸਹੂਲਤ ਲਈ ਚਲਦੀ ਰੇਲ ਗੱਡੀ ਵਿਚ ਕਿਸ ਤਰ੍ਹਾਂ ਦੀ ਵਿਵਸਥਾ ਕੀਤੀ ਜਾਵੇਗੀ ਕਿਉਂਕਿ ਇਸ ਨਾਲ ਯਾਤਰੀਆਂ, ਵਿਸ਼ੇਸ਼ ਕਰ ਕੇ ਔਰਤਾਂ ਦੀ ਸੁਰਖਿਆ ਅਤੇ ਸਹਿਜਤਾ ਸਬੰਧੀ ਕਈ ਸਵਾਲ ਹੋ ਸਕਦੇ ਹਨ।'' ਲੋਕ ਸਭਾ ਸਪੀਕਰ ਨੇ ਅਪਣੀ ਚਿੱਠੀ ਵਿਚ ਰੇਲ ਮੰਤਰੀ ਤੋਂ ਇਹ ਵੀ ਪੁਛਿਆ ਕਿ ਕੀ ਇੰਦੌਰ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ 'ਤੇ ਮਸਾਜ਼ ਪਾਰਲਰ ਖੋਲੇ ਜਾਣ ਦੀ ਵੀ ਕੋਈ ਵਿਉਂਤ ਹੈ?
Train
ਮਹਾਜਨ ਤੋਂ ਪਹਿਲਾਂ, ਇੰਦੌਰ ਤੋਂ ਨਵੇਂ ਚੁਣੇ ਭਾਜਪਾ ਸਾਂਸਦ ਸ਼ੰਕਰ ਲਾਲਵਾਨੀ ਵੀ ਮਾਲਸ਼ ਯੋਜਨਾ 'ਤੇ ਰੇਲ ਮੰਤਰੀ ਨੂੰ ਚਿੱਠੀ ਲਿਖ ਚੁੱਕੇ ਹਨ। ਲਾਲਵਾਨੀ ਨੇ ਗੋਇਲ ਨੂੰ 10 ਜੂਨ ਨੂੰ ਲਿਖੀ ਚਿੱਠੀ ਵਿਚ ''ਭਾਰਤੀ ਸਭਿਆਚਾਰ ਦੇ ਮਿਆਰ'' ਦਾ ਹਵਾਲਾ ਦਿੰਦਿਆਂ ਰੇਲਵੇ ਵਲੋਂ ਪੇਸ਼ ਮਾਲਸ਼ ਸੇਵਾ ਨੂੰ 'ਆਧਾਰਹੀਨ' ਦਸਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਸੀ ਕਿ ਉਹ ਇਸ ਯੋਜਨਾ ਸਬੰਧੀ ਜਨਤਾ ਦੀਆਂ ਭਾਵਨਾਵਾਂ ਅਨੁਸਾਰ ਮੁੜ ਵਿਚਾਰ ਕੀਤਾ ਜਾਵੇ।
Massage to passengers in trains
ਜ਼ਿਕਰਯੋਗ ਹੈ ਕਿ ਰਤਲਾਮ ਰੇਲ ਮੰਡਲ ਦੇ ਅਧਿਕਾਰੀ ਅਨੁਸਾਰ ਚਲਦੀ ਗੱਡੀ ਵਿਚ ਸਵੇਰੇ 6 ਵਜੇ ਤੋਂ ਰਾਤ 10 ਵਜੇ ਦੌਰਾਨ ਇਸ ਸੇਵਾ ਤਹਿਤ ਯਾਤਰੀਆਂ ਦੇ ਪੂਰੇ ਸਰੀਰ ਦੀ ਨਹੀਂ ਸਗੋਂ ਸਿਰ ਅਤੇ ਪੈਰਾਂ ਦੀ ਮਾਲਸ਼ ਕੀਤੀ ਜਾਣੀ ਸੀ। ਇਸ ਸੇਵਾ ਬਦਲੇ ਯਾਤਰੀਆਂ ਤੋਂ 100, 200 ਅਤੇ 300 ਰੁਪਏ ਦੇ ਤਿੰਨ ਅਲੱਗ-ਅਲੱਗ ਪੈਕੇਜ ਸ਼੍ਰੇਣੀਆਂ ਤਹਿਤ ਕਿਰਾਇਆ ਲਿਆ ਜਾਣਾ ਸੀ। ਇਸ ਲਈ ਇਕ ਨਿਜੀ ਏਜੰਸੀ ਨਾਲ ਕਰਾਰ ਕੀਤਾ ਗਿਆ ਹੈ। ਇਸ ਸੇਵਾ ਨਾਲ ਰੇਲਵੇ ਦੇ ਖ਼ਜ਼ਾਨੇ ਵਿਚ ਸਾਲਾਨਾ 20 ਲੱਖ ਰੁਪਏ ਜਮ੍ਹਾ ਹੋਣ ਦੀ ਉਮੀਦ ਸੀ।