
ਕੰਪਨੀ ‘ਤੇ ਨਿਯਮਾਂ ਦਾ ਉਲੰਘਣ ਕਰਨ ਦਾ ਅਰੋਪ
ਨਵੀਂ ਦਿੱਲੀ: ਭਾਰਤ ਦੀ ਡਿਜੀਟਲ ਪੇਮੈਂਟ ਕੰਪਨੀ ਪੇਟੀਐਮ ਨੂੰ ਗੂਗਲ ਨੇ ਝਟਕਾ ਦਿੱਤਾ ਹੈ। ਕੰਪਨੀ ਦੀ ਐਪਲੀਕੇਸ਼ਨ ਨੂੰ ਗੂਗਲ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਕੰਪਨੀ ‘ਤੇ ਨਿਯਮਾਂ ਦਾ ਉਲੰਘਣ ਕਰਨ ਦਾ ਅਰੋਪ ਲੱਗਿਆ ਹੈ। ਪੀਟੀਐਮ ਨੇ ਟਵੀਟ ਕਰਕੇ ਦੱਸਿਆ ਕਿ ਇਹ ਐਪ ਕੁਝ ਸਮੇਂ ਲਈ ਉਪਲਬਧ ਨਹੀਂ ਰਹੇਗਾ।
Paytm
ਇਸ ਤੋਂ ਇਲਾਵਾ ਪੇਟੀਐਮ ਦਾ Paytm First Games ਐਪ ਵੀ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਪੇਟੀਐਮ ਨੇ ਸ਼ੁੱਕਰਵਾਰ ਨੂੰ ਇਕ ਟਵੀਟ ਕਰ ਕੇ ਲਿਖਿਆ, ‘ਪਿਆਰੇ ਪੇਟੀਐਮਰਸ, ਪੇਟੀਐਮ ਐਂਡਰਾਇਡ ਐਪ ਨਵੇਂ ਡਾਊਨਲੋਡ ਅਤੇ ਅਪਡੇਟਸ ਲਈ ਉਪਲਬਧ ਨਹੀਂ ਹੈ। ਅਸੀਂ ਜਲਦ ਹੀ ਵਾਪਸ ਆਵਾਂਗੇ। ਤੁਹਾਡਾ ਪੂਰਾ ਪੈਸਾ ਸੁਰੱਖਿਅਤ ਹੈ ਅਤੇ ਤੁਸੀਂ ਆਮ ਦੀ ਤਰ੍ਹਾਂ ਹੀ ਪੇਟੀਐਮ ਦੀ ਵਰਤੋਂ ਕਰਨ ਦੇ ਯੋਗ ਹੋਵੋਗੇ।‘
Paytm
ਦਰਅਸਲ ਪੇਟੀਐਮ ਵੱਲੋਂ ਹਾਲ ਹੀ ਵਿਚ ਫੈਂਟੇਸੀ ਕ੍ਰਿਕਟ ਟੂਰਨਾਮੈਂਟ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹਨਾਂ ਦੋਵੇਂ ਹੀ ਐਪਸ ਨੂੰ ਹਟਾ ਦਿੱਤਾ ਗਿਆ। ਹਾਲਾਂਕਿ ਇਹ ਐਪ ਹਾਲੇ ਵੀ ਆਈਓਐਸ ਯੂਜ਼ਰਸ ਲਈ ਐਪਲ ਦੇ ਐਪ ਸਟੋਰ ‘ਤੇ ਉਪਲਬਧ ਰਹੇਗਾ। ਉੱਥੇ ਹੀ ਜਿਨ੍ਹਾਂ ਦੇ ਫੋਨ ਵਿਚ ਪਹਿਲਾਂ ਤੋਂ ਹੀ ਪੇਟੀਐਮ ਹੈ, ਉਹ ਅਪਣਾ ਐਪ ਅਤੇ ਮੋਬਾਈਲ ਵਾਲੇਟ ਪਹਿਲਾਂ ਦੀ ਤਰ੍ਹਾਂ ਵਰਤ ਸਕਣਗੇ।
Google Play Store
ਇਸ ਤੋਂ ਇਲਾਵਾ ਹੋਰ ਐਪਸ ਜਿਵੇਂ ਕਿ ਪੇਟੀਐਮ ਫ਼ਾਰ ਬਿਜ਼ਨਸ, ਪੇਟੀਐਮ ਮਾਲ, ਪੇਟੀਐਮ ਮਨੀ ਅਤੇ ਕੁਝ ਹੋਰ ਐਪਸ ਹਾਲੇ ਵੀ ਡਾਊਨਲੋਡ ਲਈ ਗੂਗਲ ਪਲੇ ਸਟੋਰ 'ਤੇ ਉਪਲਬਧ ਹਨ। ਦਰਅਸਲ ਗੂਗਲ ਨੇ ਕਿਹਾ ਸੀ ਕਿ ਖੇਡਾਂ ਵਿਚ ਸੱਟੇਬਾਜ਼ੀ ਨੂੰ ਉਤਸ਼ਾਹਿਤ ਕਰਨ ਵਾਲੇ ਐਪਸ ਨੂੰ ਪਲੇ ਸਟੋਰ ਤੋਂ ਹਟਾਇਆ ਜਾਵੇਗਾ।
Google Play Store
ਐਪ ਨੂੰ ਹਟਾਉਣ ਤੋਂ ਬਾਅਦ ਗੂਗਲ ਨੇ ਕਿਹਾ ਕਿ ਪਲੇ ਸਟੋਰ ‘ਤੇ ਭਾਰਤ ਵਿਚ ਆਨਲਾਈਨ ਕੈਸੀਨੋ ਅਤੇ ਖੇਡਾਂ ‘ਤੇ ਸੱਟੇਬਾਜ਼ੀ ਕਰਨ ਵਾਲੀਆਂ ਐਪਸ ਦੀ ਇਜਾਜ਼ਤ ਨਹੀਂ ਹੈ। ਇਸ ਸਬੰਧ ਵਿਚ ਪੇਟੀਐਮ ਨਿਯਮਾਂ ਦਾ ਉਲੰਘਣ ਕਰ ਰਹੀ ਹੈ। ਦੱਸ ਦਈਏ ਕਿ ਪੇਟੀਐਮ ਭਾਰਤ ਦਾ ਸਭ ਤੋਂ ਕੀਮਤੀ ਸਟਾਰਟਅਪ ਹੈ ਅਤੇ ਪੇਟੀਐਮ ਦਾ ਦਾਅਵਾ ਹੈ ਕਿ ਉਸ ਕੋਲ 5 ਕਰੋੜ ਮਾਸਿਕ ਐਕਟਿਵ ਯੂਜ਼ਰ ਹਨ।