
64.6 ਅਰਬ ਡਾਲਰ ਹੋਈ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਦੀ ਨੈੱਟਵਰਥ
ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਦੁਨੀਆ ਦੇ ਟਾਪ 10 ਅਮੀਰਾਂ ਦੀ ਲਿਸਟ ਵਿਚ ਸ਼ਾਮਲ ਹੋ ਗਏ ਹਨ। ਫੋਰਬਸ ਰੀਅਲ ਟਾਇਮ ਬਿਲੇਨੀਅਰ ਦੀ ਲਿਸਟ ਮੁਤਾਬਕ ਮੁਕੇਸ਼ ਅੰਬਾਨੀ ਦੀ ਨੈੱਟਵਰਥ ਹੁਣ 64.6 ਅਰਬ ਡਾਲਰ ਹੋ ਗਈ ਹੈ। ਅੰਬਾਨੀ ਦੀ ਨੈੱਟਵਰਥ ਵਿਚ ਇਹ ਵਾਧਾ ਸ਼ੁੱਕਰਵਾਰ ਨੂੰ ਆਰਆਈਐਲ ਦੇ ਸ਼ੇਅਰਾਂ ਵਿਚ ਆਏ ਜ਼ਬਰਦਸਤ ਉਛਾਲ ਦੇ ਚਲਦਿਆਂ ਹੋਇਆ ਹੈ।
Mukesh Ambani
ਰਿਲਾਇੰਸ ਇੰਡਸਟਰੀਜ਼ ਦੇ ਕਰਜ਼ਾਮੁਕਤ ਹੋਣ ਦੇ ਐਲਾਨ ਤੋਂ ਬਾਅਦ ਸ਼ੁੱਕਰਵਾਰ ਨੂੰ ਇਸ਼ ਦੇ ਸ਼ੇਅਰ ਆਲ ਟਾਈਮ ਉੱਚ ਪੱਧਰ ‘ਤੇ ਪਹੁੰਚ ਗਏ ਸੀ। ਰਿਲਾਇੰਸ ਇੰਡਸਟਰੀਜ਼ ਨੇ ਜਿਓ ਪਲੇਟਫਾਰਮਸ ਵਿਚ ਆਪਣੀ 24.71 ਪ੍ਰਤੀਸ਼ਤ ਹਿੱਸੇਦਾਰੀ ਵੇਚ ਕੇ ਸਿਰਫ 58 ਦਿਨਾਂ ਵਿਚ 1,68,818 ਕਰੋੜ ਰੁਪਏ ਜੋੜ ਕੇ ਕਰਜ਼ਾ ਉਤਾਰ ਦਿੱਤਾ। ਸ਼ੁੱਕਰਵਾਰ ਨੂੰ ਸ਼ੇਅਰ ਮਾਰਕੀਟ ਬੰਦ ਹੋਣ ਤੋਂ ਬਾਅਦ ਕੰਪਨੀ ਦਾ ਮਾਰਕਿਟ ਕੈਪੀਟਲ 11.52 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ।
Mukesh Ambani
ਇਹ ਭਾਰਤ ਦੀ ਪਹਿਲੀ ਅਜਿਹੀ ਕੰਪਨੀ ਹੈ ਜਿਸ ਦੀ ਮਾਰਕੀਟ ਕੈਪੀਟਲ 150 ਅਰਬ ਡਾਲਰ ਹੈ। ਇਸ ਦੇ ਨਾਲ ਹੀ ਆਰਆਈਐਲ ਦੁਨੀਆ ਦੀ ਸਭ ਤੋਂ ਕੀਮਤੀ ਊਰਜਾ ਕੰਪਨੀਆਂ ਦੇ ਕਲੱਬ ਵਿਚ ਵੀ ਸ਼ਾਮਲ ਹੋ ਗਈ ਹੈ ਅਤੇ ਇਸ ਨੇ ਮਾਰਕੀਟ ਪੂੰਜੀਕਰਣ ਦੇ ਮਾਮਲੇ ਵਿਚ ਆਪਣੇ ਰਣਨੀਤਕ ਭਾਈਵਾਲ ਬ੍ਰਿਟਿਸ਼ ਤੇਲ ਦੀ ਵੱਡੀ ਕੰਪਨੀ ਬੀਪੀ ਪੀਐਲਸੀ ਨੂੰ ਪਛਾੜ ਦਿੱਤਾ ਹੈ।
Jeff Bezos
ਦੱਸ ਦਈਏ ਕਿ ਫੋਰਬਸ ਦੀ ਰੀਅਲ ਟਾਈਮ ਬਿਲੇਨੀਅਰ ਰੈਂਕਿੰਗ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੇ ਰੋਜ਼ਾਨਾ ਉਤਾਰ-ਚੜਾਅ ਨੂੰ ਟਰੈਕ ਕਰਦੀ ਹੈ। ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ 160.4 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਇਸ ਲਿਸਟ ਵਿਚ ਟਾਪ ‘ਤੇ ਹਨ ਅਤੇ ਬਿਲ ਗੇਟਸ 109.9 ਬਿਲੀਅਨ ਡਾਲਰ ਦੇ ਨਾਲ ਦੂਜੇ ਸਥਾਨ ‘ਤੇ ਹਨ। ਅੰਬਾਨੀ ਗੂਗਲ ਦੇ ਸਹਿ-ਸੰਸਥਾਪਕ ਲੈਰੀ ਪੇਜ ਤੋਂ ਇਕ ਸਟੈੱਪ ਹੇਠਾਂ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 64.8 ਬਿਲੀਅਨ ਡਾਲਰ ਹੈ।