
ਪਿਛਲੇ ਸਾਲ ਲਗਭਗ 27 ਫੀ ਸਦੀ ਦੇ ਵਾਧੇ ਤੋਂ ਬਾਅਦ ਇਸ ਸਾਲ ਵੀ ਸੋਨੇ ’ਚ ਤੇਜ਼ੀ ਜਾਰੀ ਹੈ
ਨਵੀਂ ਦਿੱਲੀ : ਇਸ ਸਾਲ ਹੁਣ ਤਕ ਸੋਨੇ ਦੀਆਂ ਕੀਮਤਾਂ ’ਚ 11 ਫ਼ੀ ਸਦੀ ਤੋਂ ਵੱਧ ਦਾ ਵਾਧਾ ਹੋਣ ਦੇ ਮੱਦੇਨਜ਼ਰ ਮਾਹਰਾਂ ਨੇ ਕਿਹਾ ਕਿ ਇਸ ਪੱਧਰ ’ਤੇ ਸੋਨੇ ’ਚ ਨਵੇਂ ਨਿਵੇਸ਼ ਲਈ ਸਾਵਧਾਨ ਅਤੇ ਸੰਤੁਲਿਤ ਪਹੁੰਚ ਅਪਣਾਉਣ ਦੀ ਜ਼ਰੂਰਤ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸੋਨੇ ਨੇ ਇਕੁਇਟੀ ਅਤੇ ਬਾਂਡ ਦੋਹਾਂ ਨੂੰ ਪਿੱਛੇ ਛੱਡ ਦਿਤਾ ਹੈ। ਇਹ ਰੁਝਾਨ ਆਲਮੀ ਅਨਿਸ਼ਚਿਤਤਾਵਾਂ ਅਤੇ ਰੁਪਏ ਦੀ ਗਿਰਾਵਟ ਦੇ ਨਾਲ ਜਾਰੀ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਨਿਵੇਸ਼ ਦੀ ਰਕਮ ਦੀ ਵੰਡ ਨਿਵੇਸ਼ਕਾਂ ਦੀ ਜੋਖਮ ਦੀ ਭੁੱਖ, ਉਦੇਸ਼ਾਂ ਅਤੇ ਸਮਾਂ-ਸੀਮਾ ’ਤੇ ਅਧਾਰਤ ਹੋਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਲਗਭਗ 27 ਫੀ ਸਦੀ ਦੇ ਵਾਧੇ ਤੋਂ ਬਾਅਦ ਇਸ ਸਾਲ ਵੀ ਸੋਨੇ ’ਚ ਤੇਜ਼ੀ ਜਾਰੀ ਹੈ। ਇਸ ਸਾਲ ਸੋਨੇ ਦੀ ਕੀਮਤ ’ਚ 11.20 ਫੀ ਸਦੀ ਦਾ ਵਾਧਾ ਹੋਇਆ ਹੈ। ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀ ਰੀਸਰਚ) ਮਾਨਵ ਮੋਦੀ ਨੇ ਕਿਹਾ ਕਿ ਸਾਲ ਦੀ ਸ਼ੁਰੂਆਤ ਤੋਂ ਹੀ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਦਾ ਰੁਝਾਨ ਰਿਹਾ ਹੈ। ਹਾਲਾਂਕਿ ਕੀਮਤਾਂ ’ਚ ਤੇਜ਼ੀ ਨਾਲ ਵਾਧੇ ਨੂੰ ਵੇਖਦੇ ਹੋਏ ਇਸ ਪੱਧਰ ’ਤੇ ਸੋਨੇ ’ਚ ਨਵਾਂ ਨਿਵੇਸ਼ ਕਰਦੇ ਸਮੇਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਮਹਿਤਾ ਇਕੁਇਟੀਜ਼ ਲਿਮਟਿਡ ਐਮਸੀਐਕਸ ਫਿਊਚਰਜ਼ ’ਚ ਸੋਨਾ ਇਸ ਸਾਲ ਦੇ ਪਹਿਲੇ 50 ਦਿਨਾਂ ’ਚ 11.2 ਫੀ ਸਦੀ ਵਧ ਕੇ 77,500 ਰੁਪਏ ਤੋਂ 86,200 ਰੁਪਏ ’ਤੇ ਪਹੁੰਚ ਗਿਆ ਹੈ। ਪਿਛਲੇ ਸਾਲ ਸੋਨੇ ’ਚ ਕਰੀਬ 27 ਫੀ ਸਦੀ ਦਾ ਉਛਾਲ ਆਇਆ ਸੀ। ਇਸ ਦਾ ਮਤਲਬ ਹੈ ਕਿ ਜਨਵਰੀ 2024 ਤੋਂ ਲੈ ਕੇ ਹੁਣ ਤਕ ਇਸ ’ਚ 38 ਫੀ ਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਸ ਤੇਜ਼ ਉਛਾਲ ਨੂੰ ਵੇਖਦੇ ਹੋਏ, ਮੌਜੂਦਾ ਪੱਧਰਾਂ ’ਤੇ ਨਵੇਂ ਨਿਵੇਸ਼ ਕਰਨਾ ਬਹੁਤ ਵਧੀਆ ਵਿਚਾਰ ਨਹੀਂ ਹੋ ਸਕਦਾ।
ਸੋਨੇ ਦੀ ਕੀਮਤ ’ਚ ਵਾਧੇ ਦੇ ਕਾਰਨਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਨਿਸ਼ਚਿਤਤਾ ਦੇ ਵਿਚਕਾਰ ਸੋਨੇ ’ਚ ਨਿਵੇਸ਼ ਵਧਿਆ ਹੈ। ਮੌਜੂਦਾ ਗਲੋਬਲ ਤਣਾਅ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰਿਫ ਲਗਾਉਣ ਦੀਆਂ ਧਮਕੀਆਂ ਦੇ ਵਿਚਕਾਰ ਵਧਦੀ ਅਨਿਸ਼ਚਿਤਤਾ ਕਾਰਨ ਸੋਨੇ ਦਾ ਨਿਵੇਸ਼ ਆਕਰਸ਼ਕ ਬਣ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕੀ ਫੈਡਰਲ ਰਿਜ਼ਰਵ ਵਲੋਂ ਦਰਾਂ ’ਚ ਕਟੌਤੀ ਦੀ ਘੱਟ ਸੰਭਾਵਨਾ ਅਤੇ ਦੀਵਾਲੀ 2024 ਤੋਂ ਬਾਅਦ ਰੁਪਏ ਦੀ ਐਕਸਚੇਂਜ ਰੇਟ ’ਚ 3 ਫੀ ਸਦੀ ਦੀ ਭਾਰੀ ਗਿਰਾਵਟ ਨੇ ਵੀ ਕੀਮਤਾਂ ਨੂੰ ਹੁਲਾਰਾ ਦਿਤਾ ਹੈ।
ਸੈਂਸੈਕਸ ਦੀਆਂ ਸਿਖਰਲੀਆਂ 10 ਕੰਪਨੀਆਂ ’ਚੋਂ ਅੱਠ ਦੇ ਬਾਜ਼ਾਰ ਪੂੰਜੀਕਰਨ ’ਚ 1.65 ਲੱਖ ਕਰੋੜ ਰੁਪਏ ਦੀ ਗਿਰਾਵਟ ਆਈ
ਨਵੀਂ ਦਿੱਲੀ : ਸੈਂਸੈਕਸ ਦੀਆਂ ਚੋਟੀ ਦੀਆਂ 10 ਸੱਭ ਤੋਂ ਕੀਮਤੀ ਕੰਪਨੀਆਂ ਵਿਚੋਂ ਅੱਠ ਦੇ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) ਵਿਚ ਪਿਛਲੇ ਹਫਤੇ ਕੁਲ ਮਿਲਾ ਕੇ 1,65,784.9 ਕਰੋੜ ਰੁਪਏ ਦੀ ਗਿਰਾਵਟ ਆਈ। ਸ਼ੇਅਰ ਬਾਜ਼ਾਰ ’ਚ ਮੰਦੀ ਦੇ ਰੁਝਾਨ ਦਰਮਿਆਨ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.) ਦੇ ਸ਼ੇਅਰਾਂ ’ਚ ਸੱਭ ਤੋਂ ਜ਼ਿਆਦਾ ਗਿਰਾਵਟ ਆਈ।
ਪਿਛਲੇ ਹਫਤੇ ਬੀ.ਐਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 628.15 ਅੰਕ ਯਾਨੀ 0.82 ਫੀ ਸਦੀ ਡਿੱਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 133.35 ਅੰਕ ਯਾਨੀ 0.58 ਫੀ ਸਦੀ ਡਿੱਗ ਗਿਆ। ਸਮੀਖਿਆ ਅਧੀਨ ਹਫਤੇ ਦੌਰਾਨ ਟੀ.ਸੀ.ਐਸ. ਦਾ ਬਾਜ਼ਾਰ ਪੂੰਜੀਕਰਨ 53,185.89 ਕਰੋੜ ਰੁਪਏ ਘਟ ਕੇ 13,69,717.48 ਕਰੋੜ ਰੁਪਏ ਰਹਿ ਗਿਆ। ਭਾਰਤੀ ਏਅਰਟੈੱਲ ਦਾ ਬਾਜ਼ਾਰ ਪੂੰਜੀਕਰਨ 44,407.77 ਕਰੋੜ ਰੁਪਏ ਘਟ ਕੇ 9,34,223.77 ਕਰੋੜ ਰੁਪਏ ਰਹਿ ਗਿਆ।
ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 18,235.45 ਕਰੋੜ ਰੁਪਏ ਘਟ ਕੇ 8,70,579.68 ਕਰੋੜ ਰੁਪਏ ਰਹਿ ਗਿਆ। ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 17,962.62 ਕਰੋੜ ਰੁਪਏ ਘਟ ਕੇ 5,26,684.38 ਕਰੋੜ ਰੁਪਏ ਰਹਿ ਗਿਆ। ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 17,086.61 ਕਰੋੜ ਰੁਪਏ ਘਟ ਕੇ 7,53,700.15 ਕਰੋੜ ਰੁਪਏ ਰਹਿ ਗਿਆ।
ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਨ 11,949.42 ਕਰੋੜ ਰੁਪਏ ਘਟ ਕੇ 5,01,750.43 ਕਰੋੜ ਰੁਪਏ ਅਤੇ ਐਚਡੀਐਫਸੀ ਬੈਂਕ ਦਾ ਬਾਜ਼ਾਰ ਪੂੰਜੀਕਰਨ 2,555.53 ਕਰੋੜ ਰੁਪਏ ਘਟ ਕੇ 12,94,152.82 ਕਰੋੜ ਰੁਪਏ ਰਹਿ ਗਿਆ। ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਦਾ ਮੁਲਾਂਕਣ 401.61 ਕਰੋੜ ਰੁਪਏ ਘਟ ਕੇ 6,43,955.96 ਕਰੋੜ ਰੁਪਏ ਰਹਿ ਗਿਆ।
ਇਸ ਦੇ ਉਲਟ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 14,547.3 ਕਰੋੜ ਰੁਪਏ ਵਧ ਕੇ 16,61,369.42 ਕਰੋੜ ਰੁਪਏ ਹੋ ਗਿਆ। ਬਜਾਜ ਫਾਈਨਾਂਸ ਦਾ ਬਾਜ਼ਾਰ ਪੂੰਜੀਕਰਨ 384.33 ਕਰੋੜ ਰੁਪਏ ਵਧ ਕੇ 5,20,466.75 ਕਰੋੜ ਰੁਪਏ ਹੋ ਗਿਆ।
ਰਿਲਾਇੰਸ ਇੰਡਸਟਰੀਜ਼ ਨੇ ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ’ਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਇਸ ਤੋਂ ਬਾਅਦ ਟੀ.ਸੀ.ਐਸ., ਐਚ.ਡੀ.ਐਫ.ਸੀ. ਬੈਂਕ, ਭਾਰਤੀ ਏਅਰਟੈੱਲ, ਆਈ.ਸੀ.ਆਈ.ਸੀ.ਆਈ. ਬੈਂਕ, ਇਨਫੋਸਿਸ, ਐਸ.ਬੀ.ਆਈ., ਐਚ.ਯੂ.ਐਲ., ਬਜਾਜ ਫਾਈਨਾਂਸ ਅਤੇ ਆਈ.ਟੀ. ਸੀ ਦਾ ਸਥਾਨ ਰਿਹਾ।
ਵਿਦੇਸ਼ੀ ਨਿਵੇਸ਼ਕਾਂ ਨੇ ਫ਼ਰਵਰੀ ’ਚ ਹੁਣ ਤਕ ਸ਼ੇਅਰ ਬਾਜ਼ਾਰਾਂ ਤੋਂ 23,710 ਕਰੋੜ ਰੁਪਏ ਕੱਢੇ
ਮੁੰਬਈ : ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਇਸ ਮਹੀਨੇ ਹੁਣ ਤਕ ਭਾਰਤੀ ਸ਼ੇਅਰ ਬਾਜ਼ਾਰ ਤੋਂ 23,710 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ ਹੈ। ਸਾਲ 2025 ’ਚ ਹੁਣ ਤਕ ਐੱਫ.ਪੀ.ਆਈ. ਨੇ ਭਾਰਤੀ ਸ਼ੇਅਰਾਂ ਤੋਂ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ ਹੈ। ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ.ਕੇ. ਵਿਜੇਕੁਮਾਰ ਦਾ ਮੰਨਣਾ ਹੈ ਕਿ ਭਾਰਤ ’ਚ ਐੱਫ.ਪੀ.ਆਈ. ਨਿਵੇਸ਼ ਦੀ ਮੁੜ ਸੁਰਜੀਤੀ ਉਦੋਂ ਹੋਵੇਗੀ ਜਦੋਂ ਆਰਥਕ ਵਿਕਾਸ ਅਤੇ ਕਾਰਪੋਰੇਟ ਕਮਾਈ ’ਚ ਸੁਧਾਰ ਹੋਵੇਗਾ। ਇਸ ਦੇ ਸੰਕੇਤ ਦੋ ਤੋਂ ਤਿੰਨ ਮਹੀਨਿਆਂ ’ਚ ਮਿਲਣ ਦੀ ਉਮੀਦ ਹੈ।
ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਇਸ ਮਹੀਨੇ ਹੁਣ ਤਕ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ 23,710 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ। ਇਸ ਤੋਂ ਪਹਿਲਾਂ ਜਨਵਰੀ ’ਚ ਉਨ੍ਹਾਂ ਨੇ 78,027 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ। ਸਾਲ 2025 ’ਚ ਹੁਣ ਤਕ ਐੱਫ.ਪੀ.ਆਈ. ਨੇ 1,01,737 ਕਰੋੜ ਰੁਪਏ ਦੀ ਵਿਕਰੀ ਕੀਤੀ ਹੈ। ਇੰਨੀ ਮਜ਼ਬੂਤ ਵਿਕਰੀ ਕਾਰਨ ਨਿਫਟੀ ਨੇ ਸਾਲਾਨਾ ਆਧਾਰ ’ਤੇ ਇਸ ਮਿਆਦ ਦੌਰਾਨ ਚਾਰ ਫੀ ਸਦੀ ਦਾ ਨਕਾਰਾਤਮਕ ਰਿਟਰਨ ਦਿਤਾ ਹੈ।
ਮਾਰਨਿੰਗਸਟਾਰ ਇਨਵੈਸਟਮੈਂਟ ਰੀਸਰਚ ਇੰਡੀਆ ਦੇ ਐਸੋਸੀਏਟ ਡਾਇਰੈਕਟਰ-ਮੈਨੇਜਰ ਰੀਸਰਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸਟੀਲ ਅਤੇ ਐਲੂਮੀਨੀਅਮ ਦੀ ਆਯਾਤ ’ਤੇ ਨਵੇਂ ਟੈਰਿਫ ਲਗਾਉਣ ਅਤੇ ਕਈ ਦੇਸ਼ਾਂ ’ਤੇ ਜਵਾਬੀ ਟੈਰਿਫ ਲਗਾਉਣ ’ਤੇ ਵਿਚਾਰ ਕਰਨ ਦੀ ਖਬਰ ਤੋਂ ਬਾਅਦ ਬਾਜ਼ਾਰ ਦੀਆਂ ਚਿੰਤਾਵਾਂ ਵਧ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਸੰਭਾਵਤ ਗਲੋਬਲ ਵਪਾਰ ਜੰਗ ਦਾ ਡਰ ਫਿਰ ਤੋਂ ਪੈਦਾ ਕਰ ਦਿਤਾ ਹੈ, ਜਿਸ ਨਾਲ ਐੱਫ.ਪੀ.ਆਈ. ਨੂੰ ਭਾਰਤ ਸਮੇਤ ਉੱਭਰ ਰਹੇ ਬਾਜ਼ਾਰਾਂ ਵਿਚ ਅਪਣੀ ਜੋਖਮ ਦੀ ਭੁੱਖ ਦਾ ਮੁੜ ਮੁਲਾਂਕਣ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ।
ਸ਼੍ਰੀਵਾਸਤਵ ਨੇ ਕਿਹਾ ਕਿ ਘਰੇਲੂ ਮੋਰਚੇ ’ਤੇ ਕੰਪਨੀਆਂ ਦੇ ਉਮੀਦ ਤੋਂ ਕਮਜ਼ੋਰ ਤਿਮਾਹੀ ਨਤੀਜਿਆਂ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਨੇ ਭਾਰਤੀ ਜਾਇਦਾਦਾਂ ਦੀ ਮੰਗ ਨੂੰ ਹੋਰ ਕਮਜ਼ੋਰ ਕਰ ਦਿਤਾ ਹੈ। ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਵਿਜੇਕੁਮਾਰ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ ’ਚ ਟਰੰਪ ਦੀ ਜਿੱਤ ਤੋਂ ਬਾਅਦ ਅਮਰੀਕੀ ਬਾਜ਼ਾਰ ’ਚ ਬਾਕੀ ਦੁਨੀਆਂ ਤੋਂ ਪੂੰਜੀ ਦਾ ਭਾਰੀ ਪ੍ਰਵਾਹ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਚੀਨੀ ਸਟਾਕ ਸਸਤੇ ਹਨ, ਇਸ ਲਈ ‘ਭਾਰਤ ਵਿਚ ਵਿਕਰੀ ਅਤੇ ਚੀਨ ਵਿਚ ਖਰੀਦ’ ਪਹੁੰਚ ਫਿਲਹਾਲ ਜਾਰੀ ਰਹਿ ਸਕਦੀ ਹੈ।