
ਦੇਸ਼ ਵਿਚ ਕੋਰੋਨਾ ਵਾਇਰਸ ਦੇ ਕਹਿਰ ਦੇ ਵਿਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਵੱਡਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਕਹਿਰ ਦੇ ਵਿਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਵੱਡਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਨਕਮ ਟੈਕਸ ਰਿਟਰਨ ਦੀ ਤਰੀਕ ਵਿੱਤੀ ਸਾਲ 2018-19 ਲਈ ਵਧਾ ਕੇ 30 ਜੂਨ ਕਰ ਦਿੱਤੀ ਗਈ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਦੇਰੀ ਨਾਲ ਰਿਟਰਨ ਦਾਖਲ ਕਰਨ ‘ਤੇ 12 ਫੀਸਦੀ ਦੀ ਬਜਾਏ 9 ਫੀਸਦੀ ਵਿਆਜ ਲੱਗੇਗਾ। ਇਸ ਦੇ ਨਾਲ ਹੀ ਟੀਡੀਐਸ ‘ਤੇ ਵਿਆਜ 18 ਤੋਂ ਘਟਾ ਕੇ 9 ਫੀਸਦੀ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਪ੍ਰੈਸ ਕਾਨਫਰੰਸ ਵਿਚ ਅਧਾਰ-ਪੈਨ ਲਿੰਕ ਕਰਨ ਦੀ ਡੈੱਡਲਾਈਨ ਨੂੰ ਵੀ ਵਧਾ ਕੇ 30 ਜੂਨ 2020 ਕਰ ਦਿੱਤਾ ਹੈ।
ਦੱਸ ਦਈਏ ਕਿ ਅਧਾਰ ਕਾਰਡ ਅਤੇ ਪੈਨ ਕਾਰਡ ਨੂੰ ਲਿੰਕ ਕਰਨ ਦੀ ਆਖਰੀ ਤਰੀਕ 31 ਮਾਰਚ 2020 ਸੀ। ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 500 ਤੋਂ ਜ਼ਿਆਦਾ ਹੋ ਗਈ ਹੈ ਅਤੇ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਨੇ ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 560 ਜ਼ਿਲ੍ਹਿਆਂ ਵਿਚ ਕੋਰੋਨਾ ਵਾਇਰਸ ਦਾ ਪ੍ਰਭਾਵ ਰੋਕਣ ਲਈ ਪੂਰੀ ਤਰ੍ਹਾਂ ਲਾਕ-ਡਾਊਨ ਕਰ ਦਿੱਤਾ ਹੈ।
ਇਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ 24 ਮਾਰਚ ਨੂੰ ਰਾਤ 8 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਪੀਐਮ ਮੋਦੀ ਨੇ ਅਪਣੇ ਟਵੀਟ ਵਿਚ ਇਹ ਜਾਣਕਾਰੀ ਦਿੱਤੀ ਹੈ। ਮੋਦੀ ਨੇ ਟਵੀਟ ਵਿਚ ਕਿਹਾ, ‘ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਦੇ ਸਬੰਧ ਵਿਚ ਕੁਝ ਜਰੂਰੀ ਗੱਲਾਂ ਦੇਸ਼ ਵਾਸੀਆਂ ਨਾਲ ਸਾਂਝੀਆਂ ਕਰਾਂਗਾ’। ਉਹਨਾਂ ਨੇ ਕਿਹਾ, ‘ਅੱਜ 24 ਮਾਰਚ ਰਾਤ 8 ਵਜੇ ਦੇਸ਼ ਨੂੰ ਸੰਬੋਧਨ ਕਰਾਂਗਾ’।