
ਘਰ ਬੈਠੇ ਹੀ ਆਨਲਾਈਨ ਖ਼ਰੀਦਦਾਰੀ ਕਰਨ ਦਾ ਸ਼ੌਂਕ ਹੈ, ਤਾਂ ਇਹ ਖ਼ਬਰ ਤੁਹਾਡੀ ਪ੍ਰੇਸ਼ਾਨੀ ਵਧਾ ਸਕਦੀ ਹੈ।
ਇਕ ਸਰਵੇ 'ਚ ਇਹ ਪ੍ਰਗਟਾਵਾ ਸਾਹਮਣੇ ਆਇਆ ਹੈ ਕਿ ਆਨਲਾਈਨ ਖਰੀਦਦਾਰੀ ਕਰਨ ਵਾਲੇ ਹਰ ਤੀਜੇ ਸ਼ਖਸ ਨੂੰ ਨਕਲੀ ਸਾਮਾਨ ਮਿਲ ਰਿਹਾ ਹੈ। ਲੋਕਾਂ ਦਾ ਧਿਆਨ ਖਿੱਚਣ ਲਈ ਬਹੁਤ ਸਾਰੇ ਵਿਕਰੇਤਾ ਈ-ਕਾਮਰਸ ਸਾਈਟਾਂ 'ਤੇ ਨਕਲੀ ਪ੍ਰਾਡਕਟਸ ਨੂੰ ਭਾਰੀ ਛੋਟ ਦੇ ਨਾਲ ਲਿਸਟ ਕਰਦੇ ਹਨ। ਉੱਥੇ ਹੀ, ਜ਼ਿਆਦਾਤਰ ਆਨਲਾਈਨ ਕੰਪਨੀਆਂ ਛੋਟ ਦੇ ਚੱਕਰ 'ਚ ਅਜਿਹੇ ਵਿਕਰੇਤਾਵਾਂ ਦੀ ਸਹੀ ਜਾਂਚ ਨਹੀਂ ਕਰਦੀਆਂ ਹਨ। ਹਾਲ ਹੀ, 'ਚ ਹੋਏ 2 ਸਰਵੇਖਣਾਂ 'ਚ ਇਹ ਗੱਲ ਕਹੀ ਗਈ ਹੈ ਕਿ ਇਕ ਤਿਹਾਈ ਤੋਂ ਵਧ ਗਾਹਕਾਂ ਨੂੰ ਨਕਲੀ ਪ੍ਰਾਡਕਟ ਮਿਲੇ ਹਨ। 'ਲੋਕਲ ਸਰਕਲਸ' ਨੇ ਇਸ ਮਾਮਲੇ 'ਤੇ ਲੋਕਾਂ ਦੇ ਵਿਚਾਰ ਜਾਣਨ ਲਈ 12 ਹਜ਼ਾਰ ਯੂਨੀਕ ਖਪਤਕਾਰਾਂ ਦਾ ਸਰਵੇ ਕੀਤਾ ਹੈ।ਪਹਿਲੇ ਸਰਵੇ 'ਚ 6,923 ਲੋਕਾਂ 'ਚੋਂ 38 ਫ਼ੀ ਸਦੀ ਗਾਹਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੀਤੇ ਇਕ ਸਾਲ 'ਚ ਈ-ਕਾਮਰਸ ਸਾਈਟ ਤੋਂ ਨਕਲੀ ਪ੍ਰਾਡਕਟ ਮਿਲੇ ਹਨ। 45 ਫ਼ੀ ਸਦੀ ਨੇ ਕਿਹਾ ਕਿ ਉਨ੍ਹਾਂ ਨਾਲ ਅਜਿਹਾ ਕਦੇ ਨਹੀਂ ਹੋਇਆ ਹੈ, ਜਦੋਂ ਕਿ 17 ਫ਼ੀ ਸਦੀ ਨੇ ਕਿਹਾ ਕਿ ਉਹ ਇਸ ਬਾਰੇ ਕੁੱਝ ਨਹੀਂ ਜਾਣਦੇ। ਉਥੇ ਹੀ, ਬਾਜ਼ਾਰ ਰਿਸਰਚ ਪਲੇਟਫ਼ਾਰਮ 'ਵੈਲੋਸਿਟੀ ਐਮ. ਆਰ.' ਵਲੋਂ ਕੀਤੇ ਗਏ ਇਕ ਦੂਜੇ ਸਰਵੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਬੀਤੇ 6 ਮਹੀਨਿਆਂ 'ਚ ਆਨਲਾਈਨ ਖਰੀਦਦਾਰੀ ਕਰਨ ਵਾਲੇ ਹਰ ਤੀਜੇ ਸ਼ਖਸ ਨੂੰ ਨਕਲੀ ਪ੍ਰਾਡਕਟਸ ਮਿਲੇ ਹਨ। ਇਸ ਸਰਵੇ 'ਚ 3,000 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।
online shopping
ਸਰਵੇ 'ਚ ਲੋਕਾਂ ਨੇ ਨਕਲੀ ਪ੍ਰਾਡਕਟ ਮਿਲਣ ਵਾਲੀਆਂ ਜਿਨ੍ਹਾਂ ਸਾਈਟਾਂ ਦਾ ਜ਼ਿਕਰ ਕੀਤਾ ਉਨ੍ਹਾਂ 'ਚ ਪ੍ਰਮੁੱਖ ਈ-ਕਾਮਰਸ ਸਾਈਟਾਂ ਸਨੈਪਡੀਲ, ਐਮਾਜ਼ੋਨ ਅਤੇ ਐਮਾਜ਼ੋਨ ਦਾ ਨਾਮ ਵੀ ਸ਼ਾਮਲ ਹੈ। ਲੋਕਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕਿਹੜੀ ਵੱਡੀ ਈ-ਕਾਮਰਸ ਕੰਪਨੀ ਨੇ ਬੀਤੇ ਇਕ ਸਾਲ 'ਚ ਨਕਲੀ ਪ੍ਰਾਡਕਟ ਭੇਜੇ ਹਨ, ਤਾਂ ਜਵਾਬ 'ਚ 12 ਫ਼ੀ ਸਦੀ ਨੇ ਸਨੈਪਡੀਲ, 11 ਫ਼ੀ ਸਦੀ ਨੇ ਐਮਾਜ਼ੋਨ ਅਤੇ 6 ਫ਼ੀ ਸਦੀ ਨੇ ਫਲਿੱਪਕਾਰਟ ਦਾ ਨਾਮ ਲਿਆ। 71 ਫ਼ੀ ਸਦੀ ਲੋਕ ਅਜਿਹੇ ਹਨ, ਜੋ ਜਾਂ ਤਾਂ ਆਨਲਾਈਨ ਖਰੀਦਦਾਰੀ ਨਹੀਂ ਕਰਦੇ ਜਾਂ ਉਨ੍ਹਾਂ ਨੂੰ ਨਕਲੀ ਪ੍ਰਾਡਕਟ ਨਹੀਂ ਮਿਲੇ ਹਨ। ਸਰਵੇ 'ਚ ਕਿਹਾ ਗਿਆ ਹੈ ਕਿ ਨਕਲੀ ਪ੍ਰਾਡਕਟਸ 'ਚ ਸੱਭ ਤੋਂ ਉਪਰ ਪਰਫਿਊਮ ਅਤੇ ਦੂਜੇ ਮਹਿਕ ਵਾਲੇ ਪ੍ਰਾਡਕਟ ਹਨ। ਇਸ ਦੇ ਇਲਾਵਾ ਜੁੱਤੀਆਂ, ਖੇਡਾਂ ਦੇ ਸਾਮਾਨ ਵੀ ਹਨ। ਉਥੇ ਹੀ, 51 ਫ਼ੀ ਸਦੀ ਨੇ ਕਿਹਾ ਕਿ ਦੂਜੀ ਕੈਟੇਗਰੀ ਦੇ ਪ੍ਰਾਡਕਟ ਜਿਵੇਂ ਕਿ ਫੈਸ਼ਨ ਵਾਲੇ ਕਪੜੇ, ਬੈਗ, ਗੈਜੇਟਸ ਆਦਿ 'ਚ ਵੀ ਨਕਲੀ ਸਾਮਾਨ ਮਿਲਦਾ ਹੈ। ਜ਼ਿਕਰਯੋਗ ਹੈ ਕਿ 2014 'ਚ ਦਿੱਲੀ ਹਾਈ ਕੋਰਟ ਨੇ ਇਕ ਸੇਲਰ ਨੂੰ ਬੈਨ ਕੀਤਾ ਸੀ, ਜੋ ਕਿ ਸ਼ਾਪਕਲੂਜ਼ ਡਾਟ ਕਾਮ 'ਤੇ ਆਪਣੇ ਹਰ ਪ੍ਰਾਡਕਟ ਲਈ ਨਾਮ ਯੂਜ਼ ਕਰ ਰਿਹਾ ਸੀ। ਉੱਥੇ ਹੀ, ਹਾਲ ਹੀ 'ਚ ਅਮਰੀਕਾ ਦੇ ਲਾਈਫ ਸਟਾਈਲ ਅਤੇ ਫੁਟਵੀਅਰ ਬਰਾਂਡ ਸਕੈਚਰਸ ਨੇ ਫਲਿੱਪਕਾਰਟ ਅਤੇ ਚਾਰ ਵਿਕਰੇਤਾਵਾਂ ਨੂੰ ਆਪਣੇ ਪਲੇਟਫਾਰਮ 'ਤੇ ਉਨ੍ਹਾਂ ਦੇ ਨਕਲੀ ਪ੍ਰਾਡਕਟ ਵੇਚਣ ਦਾ ਦੋਸ਼ ਲਗਾਇਆ ਸੀ। (ਏਜੰਸੀ)