
ਕੇਂਦਰੀ ਬੈਂਕ ਵੱਲੋਂ ਬੈਂਕਿੰਗ ਰੈਗੂਲੇਸ਼ਨ ਐਕਟ 1949 ਤਹਿਤ ਚਾਰ ਸਹਿਕਾਰੀ ਬੈਂਕਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ
ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਚਾਰ ਸਹਿਕਾਰੀ ਬੈਂਕਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਵਿਚ ਗਾਹਕਾਂ ਨੂੰ ਆਪਣੇ ਬੈਂਕ ਖਾਤਿਆਂ ਵਿਚੋਂ ਪੈਸੇ ਕਢਵਾਉਣ ਲਈ ਸੀਮਾ ਤੈਅ ਕਰਨਾ ਸ਼ਾਮਲ ਹੈ। ਆਰਬੀਆਈ ਅਨੁਸਾਰ ਸਾਈਬਾਬਾ ਜਨਤਾ ਸਹਿਕਾਰੀ ਬੈਂਕ, ਦਿ ਸੂਰੀ ਫ੍ਰੈਂਡਜ਼ ਯੂਨੀਅਨ ਕੋ-ਆਪਰੇਟਿਵ ਬੈਂਕ ਲਿਮਟਿਡ, ਸੂਰੀ (ਪੱਛਮੀ ਬੰਗਾਲ) ਅਤੇ ਬਹਿਰਾਇਚ ਦੇ ਨੈਸ਼ਨਲ ਅਰਬਨ ਕੋ-ਆਪਰੇਟਿਵ ਬੈਂਕ ਲਿਮਟਿਡ 'ਤੇ ਪਾਬੰਦੀ ਲਗਾਈ ਗਈ ਹੈ।
ਹੁਕਮਾਂ ਅਨੁਸਾਰ ਸਾਈਬਾਬਾ ਜਨਤਾ ਸਹਿਕਾਰੀ ਬੈਂਕ ਦੇ ਜਮ੍ਹਾਕਰਤਾ 20,000 ਰੁਪਏ ਤੋਂ ਵੱਧ ਨਹੀਂ ਕਢਵਾ ਸਕਦੇ। ਜਦਕਿ ਸੂਰੀ ਫਰੈਂਡਜ਼ ਯੂਨੀਅਨ ਕੋ-ਆਪਰੇਟਿਵ ਬੈਂਕ ਲਈ ਇਹ ਸੀਮਾ 50,000 ਰੁਪਏ ਹੈ। ਇਸੇ ਤਰ੍ਹਾਂ ਨੈਸ਼ਨਲ ਅਰਬਨ ਕੋ-ਆਪਰੇਟਿਵ ਬੈਂਕ ਦੇ ਮਾਮਲੇ ਵਿਚ ਕਢਵਾਉਣ ਦੀ ਸੀਮਾ ਪ੍ਰਤੀ ਗਾਹਕ 10,000 ਰੁਪਏ ਕਰ ਦਿੱਤੀ ਗਈ ਹੈ। ਰਿਜ਼ਰਵ ਬੈਂਕ ਨੇ ਬਿਜਨੌਰ ਸਥਿਤ ਯੂਨਾਈਟਿਡ ਇੰਡੀਆ ਕੋ-ਆਪਰੇਟਿਵ ਬੈਂਕ ਲਿਮਟਿਡ 'ਤੇ ਵੀ ਪਾਬੰਦੀਆਂ ਲਗਾਈਆਂ ਹਨ, ਜਿਸ ਵਿਚ ਗਾਹਕਾਂ ਦੁਆਰਾ ਫੰਡ ਕਢਵਾਉਣ 'ਤੇ ਕਈ ਪਾਬੰਦੀਆਂ ਸ਼ਾਮਲ ਹਨ।
ਕੇਂਦਰੀ ਬੈਂਕ ਵੱਲੋਂ ਬੈਂਕਿੰਗ ਰੈਗੂਲੇਸ਼ਨ ਐਕਟ 1949 ਤਹਿਤ ਚਾਰ ਸਹਿਕਾਰੀ ਬੈਂਕਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜੋ ਛੇ ਮਹੀਨਿਆਂ ਤੱਕ ਲਾਗੂ ਰਹਿਣਗੀਆਂ। ਇਹ ਕਦਮ ਇਹਨਾਂ ਬੈਂਕਾਂ ਦੀ ਵਿਗੜਦੀ ਆਰਥਿਕ ਹਾਲਤ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਇਕ ਹੋਰ ਬਿਆਨ ਵਿਚ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਸੂਰਯੋਦਯ ਸਮਾਲ ਫਾਈਨਾਂਸ ਬੈਂਕ ਨੂੰ 'ਧੋਖਾਧੜੀ' ਨਾਲ ਸਬੰਧਤ ਕੁਝ ਨਿਯਮਾਂ ਦੀ ਉਲੰਘਣਾ ਕਰਨ ਲਈ 57.75 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।