
ਵਿੱਤੀ ਵਰ੍ਹੇ 2022 ਤੋਂ 2023 ਵਿਚਕਾਰ ਕੌਮਾਂਤਰੀ ਪੱਧਰ ’ਤੇ ਵੀ ਖੇਤੀ-ਤਕਨਾਲੋਜੀ ਨਿਵੇਸ਼ ’ਚ 10 ਫ਼ੀ ਸਦੀ ਦੀ ਕਮੀ
ਨਵੀਂ ਦਿੱਲੀ: ਵਿੱਤੀ ਵਰ੍ਹੇ 2021-22 ਅਤੇ 2022-23 ਵਿਚਕਾਰ ਭਾਰਤੀ ਖੇਤੀ-ਤਕਨਾਲੋਜੀ ਅਧਾਰਤ ਸਟਾਰਟਅੱਪ ਦੇ ਨਿਵੇਸ਼ ’ਚ 45 ਫ਼ੀ ਸਦੀ ਦੀ ਕਮੀ ਆਈ ਹੈ। ਇਸ ਦਾ ਮੁੱਖ ਕਾਰਨ ਕੌਮਾਂਤਰੀ ਵਿਆਜ ਦਰਾਂ ’ਚ ਵਾਧਾ ਅਤੇ ਵਧਦੀ ਅਨਿਸ਼ਚਿਤਤਾ ਵਿਚਕਾਰ ਨਿਵੇਸ਼ਕਾਂ ਦਾ ਵੱਧ ਚੌਕਸ ਰਹਿਣਾ ਮੰਨਿਆ ਜਾ ਰਿਹਾ ਹੈ। ਇਹ ਰੀਪੋਰਟ ’ਚ ਇਹ ਗੱਲ ਕਹੀ ਗਈ।
ਸਲਾਹਕਾਰ ਕੰਪਨੀ ਐਫ਼.ਐੱਸ.ਜੀ. ਦੀ ਰੀਪੋਰਟ ਅਨੁਸਾਰ ਸਾਲ 2022 ਤੋਂ 2023 ਵਿਚਕਾਰ ਕੌਮਾਂਤਰੀ ਪੱਧਰ ’ਤੇ ਖੇਤੀ-ਤਕਨਾਲੋਜੀ ਨਿਵੇਸ਼ ’ਚ 10 ਫ਼ੀ ਸਦੀ ਦੀ ਕਮੀ ਆਈ ਹੈ।
ਐਫ਼.ਐੱਸ.ਜੀ. ਨੂੰ ਵਿੱਤੀ ਵਰ੍ਹੇ 2024 ’ਚ ਵੀ ਨਿਵੇਸ਼ ’ਚ ਕਮੀ ਆਉਣ ਦੀ ਉਮੀਦ ਹੈ। ਵਿੱਤੀ ਵਰ੍ਹੇ 2025 ’ਚ ਇਸ ਦੇ ਵਧਣ ਦੀ ਉਮੀਦ ਹੈ। ਉਸ ਨੂੰ ਉਮੀਦ ਹੈ ਕਿ ਸਟਾਰਟ ਅੱਪ ਅਗਲੇ ਵਿੱਤੀ ਵਰ੍ਹੇ ਤੋਂ ਨਿਪਟਣ ਲਈ ਲਾਭ ਵਧਾਉਣ ’ਤੇ ਧਿਆਨ ਕੇਂਦਰਤ ਕਰਨਾ ਜਾਰੀ ਰੱਖਣਗੇ। ਰੀਪੋਰਟ ਅਨੁਸਾਰ, ‘‘ਨਿਵੇਸ਼ਕਾਂ ਦੇ ਚੌਕਸ ਰਹਿਣ ਅਤੇ ਅਪਣੇ ਸੀਮਤ ਫ਼ੰਡ ਨੂੰ ਸਥਾਪਤ ਕਾਰੋਬਾਰੀ ਮਾਡਲ ’ਚ ਲਾਉਣ ਦੀ ਸੰਭਾਵਨਾ ਹੈ।’’
ਕੰਪਨੀ ਦੇ ਪ੍ਰਬੰਧਕ ਡਾਇਰੈਕਟਰ (ਏਸ਼ੀਆ ਮੁਖੀ) ਰਿਸ਼ੀ ਅਗਰਵਾਲ ਨੇ ਕਿਹਾ, ‘‘ਨਿਵੇਸ਼ ਦੀ ਗਤੀਸ਼ੀਲਤਾ ’ਚ ਬਦਲਾਅ ਕੌਮਾਂਤਰੀ ਆਰਥਕ ਰੁਝਾਨਾਂ ਪ੍ਰਤੀ ਭਾਰਤੀ ਖੇਤੀ-ਤਕਨਾਲੋਜੀ ਖੇਤਰ ਦੀ ਸੰਵੇਦਨਸ਼ੀਲਤਾ ਨੂੰ ਉਜਾਗਰ ਕਰਦਾ ਹੈ। ਸਟਾਰਟਅੱਪ ਨੂੰ ਅਪਣੇ ਕਾਰੋਬਾਰੀ ਮਾਡਲ ਨੂੰ ਬਿਹਤਰ ਕਰਨ ਅਤੇ ਲਾਭਦਾਇਕ ਬਣਾਉਣ ਲਈ ਇਸ ਹੌਲੀ ਨਿਵੇਸ਼ ਮਿਆਦ ਦਾ ਪ੍ਰਯੋਗ ਕਰਨਾ ਚਾਹੀਦਾ ਹੈ।’’