ਕਿਹਾ, ਜੇ ਤੁਸੀਂ ਖੱਡਿਆਂ ਅਤੇ ਗੰਦਗੀ ਵਾਲੀਆਂ ਸੜਕਾਂ ’ਤੇ ਵੀ ਟੋਲ ਵਸੂਲਦੇ ਹੋ, ਤਾਂ ਤੁਹਾਨੂੰ ਲੋਕਾਂ ਦੀ ਪ੍ਰਤੀਕਿਰਿਆ ਦਾ ਵੀ ਸਾਹਮਣਾ ਕਰਨਾ ਪਵੇਗਾ
ਨਵੀਂ ਦਿੱਲੀ: ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਜੇਕਰ ਸੜਕਾਂ ਚੰਗੀ ਹਾਲਤ ’ਚ ਨਹੀਂ ਹਨ ਤਾਂ ਹਾਈਵੇਅ ਚਲਾਉਣ ਵਾਲੀਆਂ ਏਜੰਸੀਆਂ ਨੂੰ ਪ੍ਰਯੋਗਕਰਤਾਵਾਂ ਤੋਂ ਟੋਲ ਨਹੀਂ ਵਸੂਲਣਾ ਚਾਹੀਦਾ।
ਗਡਕਰੀ ਸੈਟੇਲਾਈਟ ਅਧਾਰਤ ਟੋਲ ਕੁਲੈਕਸ਼ਨ ਪ੍ਰਣਾਲੀ ’ਤੇ ਇਕ ਗਲੋਬਲ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸਨ। ਇਸ ਪ੍ਰਣਾਲੀ ਨੂੰ ਚਾਲੂ ਵਿੱਤੀ ਸਾਲ ’ਚ ਹੀ 5,000 ਕਿਲੋਮੀਟਰ ਤੋਂ ਵੱਧ ਦੇ ਰਾਜਮਾਰਗਾਂ ’ਤੇ ਲਾਗੂ ਕੀਤਾ ਜਾਣਾ ਹੈ। ਗਡਕਰੀ ਨੇ ਕਿਹਾ, ‘‘ਜੇ ਤੁਸੀਂ ਚੰਗੇ ਮਿਆਰ ਵਾਲੀ ਸੇਵਾ ਪ੍ਰਦਾਨ ਨਹੀਂ ਕਰਦੇ ਹੋ, ਤਾਂ ਤੁਹਾਨੂੰ ਟੋਲ ਨਹੀਂ ਲੈਣਾ ਚਾਹੀਦਾ। ਅਸੀਂ ਅਪਣੇ ਹਿੱਤਾਂ ਦੀ ਰੱਖਿਆ ਲਈ ਉਪਭੋਗਤਾਵਾਂ ਨੂੰ ਚਾਰਜ ਕਰਨ ਅਤੇ ਟੋਲ ਇਕੱਤਰ ਕਰਨ ਦੀ ਕਾਹਲੀ ’ਚ ਹਾਂ।’’
ਉਨ੍ਹਾਂ ਕਿਹਾ, ‘‘ਤੁਹਾਨੂੰ ਪ੍ਰਯੋਗਕਰਤਾ ਚਾਰਜ ਸਿਰਫ ਉਥੇ ਹੀ ਵਸੂਲਣੇ ਚਾਹੀਦੇ ਹਨ ਜਿੱਥੇ ਤੁਸੀਂ ਸੱਭ ਤੋਂ ਵਧੀਆ ਮਿਆਰ ਵਾਲੀ ਸੜਕ ਪ੍ਰਦਾਨ ਕਰ ਰਹੇ ਹੋ। ਜੇ ਤੁਸੀਂ ਖੱਡਿਆਂ ਅਤੇ ਗੰਦਗੀ ਵਾਲੀਆਂ ਸੜਕਾਂ ’ਤੇ ਵੀ ਟੋਲ ਵਸੂਲਦੇ ਹੋ, ਤਾਂ ਤੁਹਾਨੂੰ ਲੋਕਾਂ ਦੀ ਪ੍ਰਤੀਕਿਰਿਆ ਦਾ ਵੀ ਸਾਹਮਣਾ ਕਰਨਾ ਪਵੇਗਾ।’’
ਭਾਰਤੀ ਕੌਮੀ ਰਾਜਮਾਰਗ ਅਥਾਰਟੀ (ਐਨ.ਐਚ.ਏ.ਆਈ.) ਮੌਜੂਦਾ ਫਾਸਟੈਗ ਪ੍ਰਣਾਲੀ ਦੇ ਅੰਦਰ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ (ਜੀ.ਐਨ.ਐਸ.ਐਸ.) ’ਤੇ ਅਧਾਰਤ ਇਲੈਕਟਰਾਨਿਕ ਟੋਲ ਕੁਲੈਕਸ਼ਨ (ਈ.ਟੀ.ਸੀ.) ਪ੍ਰਣਾਲੀ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਸ਼ੁਰੂਆਤ ’ਚ, ਇਕ ਹਾਈਬ੍ਰਿਡ ਮਾਡਲ ਦੀ ਵਰਤੋਂ ਕੀਤੀ ਜਾਏਗੀ ਜਿਸ ’ਚ ਰੇਡੀਓ ਫ?ਰੀਕੁਐਂਸੀ ਆਈਡੈਂਟੀਫਿਕੇਸ਼ਨ (ਆਰ.ਐਫ.ਆਈ.ਡੀ.) ਅਧਾਰਤ ਟੋਲ ਕੁਲੈਕਸ਼ਨ ਅਤੇ ਜੀਐਨਐਸਐਸ-ਅਧਾਰਤ ਟੋਲ ਸਿਸਟਮ ਦੋਵੇਂ ਮਿਲ ਕੇ ਕੰਮ ਕਰਨਗੇ।
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨ.ਐੱਚ.ਏ.ਆਈ.) ਨੇ ਕਿਹਾ ਹੈ ਕਿ ਇਸ ਨੂੰ ਪਹਿਲਾਂ ਵਪਾਰਕ ਗੱਡੀਆਂ ’ਤੇ ਲਾਗੂ ਕੀਤਾ ਜਾਣਾ ਚਾਹੀਦਾ ਹੈ। ਬਾਅਦ ’ਚ, ਇਸ ਪ੍ਰਣਾਲੀ ਨੂੰ ਨਿੱਜੀ ਗੱਡੀਆਂ ਲਈ ਵੀ ਵਧਾਉਣ ਦਾ ਪ੍ਰਸਤਾਵ ਹੈ। ਇਸ ਦੇ ਨਾਲ ਹੀ ਐਨ.ਐਚ.ਏ.ਆਈ. ਨੇ ਧੋਖਾਧੜੀ ਦਾ ਪਤਾ ਲਗਾਉਣ ਲਈ ਡਰਾਈਵਰ ਦੇ ਵਿਵਹਾਰ ਅਤੇ ਡੇਟਾ ਦੇ ਵਿਸ਼ਲੇਸ਼ਣ ਦੀ ਵੀ ਸਿਫਾਰਸ਼ ਕੀਤੀ ਹੈ।