
ਦੋਵੇਂ ਧਿਰਾਂ ਦੋਹਾਂ ਦੇਸ਼ਾਂ ਦਰਮਿਆਨ ਸਿੱਧੀਆਂ ਹਵਾਈ ਸੇਵਾਵਾਂ ਮੁੜ ਸ਼ੁਰੂ ਕਰਨ ਲਈ ਸਿਧਾਂਤਕ ਤੌਰ ’ਤੇ ਸਹਿਮਤ ਹੋਈਆਂ
ਨਵੀਂ ਦਿੱਲੀ : ਭਾਰਤ ਅਤੇ ਚੀਨ ਨੇ ਸੋਮਵਾਰ ਨੂੰ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਅਤੇ ਦੋਵੇਂ ਪੱਖ ਸਬੰਧਾਂ ਨੂੰ ਸਥਿਰ ਕਰਨ ਅਤੇ ਬਹਾਲ ਕਰਨ ਲਈ ਕੁੱਝ ਲੋਕ-ਕੇਂਦਰਿਤ ਕਦਮ ਚੁੱਕਣ ’ਤੇ ਸਹਿਮਤ ਹੋਏ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੀ ਬੀਜਿੰਗ ’ਚ ਅਪਣੇ ਚੀਨੀ ਹਮਰੁਤਬਾ ਸੁਨ ਵੀਡੋਂਗ ਨਾਲ ਗੱਲਬਾਤ ਤੋਂ ਬਾਅਦ ਦਿਤੀ।
ਦੋਵੇਂ ਧਿਰਾਂ ਦੋਹਾਂ ਦੇਸ਼ਾਂ ਦਰਮਿਆਨ ਸਿੱਧੀਆਂ ਹਵਾਈ ਸੇਵਾਵਾਂ ਮੁੜ ਸ਼ੁਰੂ ਕਰਨ ਲਈ ਸਿਧਾਂਤਕ ਤੌਰ ’ਤੇ ਸਹਿਮਤ ਹੋਈਆਂ। ਦੋਹਾਂ ਧਿਰਾਂ ਦੇ ਸਬੰਧਤ ਤਕਨੀਕੀ ਅਧਿਕਾਰੀ ਜਲਦੀ ਹੀ ਇਸ ਉਦੇਸ਼ ਲਈ ਇਕ ਨਵੀਨਤਮ ਢਾਂਚੇ ’ਤੇ ਗੱਲਬਾਤ ਕਰਨਗੇ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਕਤੂਬਰ ’ਚ ਕਜ਼ਾਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਈ ਬੈਠਕ ’ਚ ਸਹਿਮਤੀ ਬਣੀ ਸੀ ਕਿ ਦੋਹਾਂ ਪੱਖਾਂ ਨੇ ਭਾਰਤ-ਚੀਨ ਦੁਵਲੇ ਸਬੰਧਾਂ ਦੀ ਸਥਿਤੀ ਦੀ ਵਿਆਪਕ ਸਮੀਖਿਆ ਕੀਤੀ ਅਤੇ ਸਬੰਧਾਂ ਨੂੰ ਸਥਿਰ ਕਰਨ ਅਤੇ ਬਹਾਲ ਕਰਨ ਲਈ ਕੁੱਝ ਲੋਕ-ਕੇਂਦਰਿਤ ਕਦਮ ਚੁੱਕਣ ’ਤੇ ਸਹਿਮਤੀ ਪ੍ਰਗਟਾਈ।
ਇਸ ਨੇ ਕਿਹਾ, ‘‘ਇਸ ਸੰਦਰਭ ’ਚ ਦੋਹਾਂ ਧਿਰਾਂ ਨੇ 2025 ਦੀਆਂ ਗਰਮੀਆਂ ਤਕ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।’’ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਧਿਰਾਂ ਸਰਹੱਦ ਪਾਰ ਦਰਿਆਵਾਂ ਨਾਲ ਸਬੰਧਤ ਅੰਕੜਿਆਂ ਦੀ ਵਿਵਸਥਾ ਅਤੇ ਹੋਰ ਸਹਿਯੋਗ ਦੀ ਬਹਾਲੀ ’ਤੇ ਚਰਚਾ ਕਰਨ ਲਈ ਭਾਰਤ-ਚੀਨ ਮਾਹਰ ਪੱਧਰੀ ਪ੍ਰਣਾਲੀ ਦੀ ਜਲਦੀ ਬੈਠਕ ਬੁਲਾਉਣ ’ਤੇ ਵੀ ਸਹਿਮਤ ਹੋਈਆਂ।
ਬਿਆਨ ’ਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਮੀਡੀਆ ਅਤੇ ਥਿੰਕ ਟੈਂਕਾਂ ਦਰਮਿਆਨ ਸੰਪਰਕ ਸਮੇਤ ਲੋਕਾਂ ਦੇ ਆਪਸੀ ਆਦਾਨ-ਪ੍ਰਦਾਨ ਨੂੰ ਹੋਰ ਉਤਸ਼ਾਹਤ ਕਰਨ ਅਤੇ ਸੁਵਿਧਾਜਨਕ ਬਣਾਉਣ ਲਈ ਉਚਿਤ ਕਦਮ ਚੁੱਕਣ ’ਤੇ ਸਹਿਮਤ ਹੋਈਆਂ।