
ਸਰਕਾਰ ਨੇ ਬੁੱਧਵਾਰ ਨੂੰ ਸਾਫ਼ ਕੀਤਾ ਕਿ ਸਰਕਾਰੀ ਟੈਲੀਕਾਮ ਕੰਪਨੀਆਂ ਬੀਐਸਐਨਐਲ ਅਤੇ ਐਮਟੀਐਨਐਲ਼ ਨੂੰ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਨਵੀਂ ਦਿੱਲੀ: ਭਾਰਤ ਸੰਚਾਰ ਨਿਗਮ ਲਿਮਟਡ ਕੰਪਨੀ ਪਿਛਲੇ ਕੁਝ ਸਮੇਂ ਤੋਂ ਗੰਭੀਰ ਸੰਕਟ ਨਾਲ ਜੂਝ ਰਹੀ ਹੈ। ਸਥਿਤੀ ਇਹ ਹੋ ਗਈ ਹੈ ਕਿ ਸਰਕਾਰੀ ਟੈਲੀਕਾਮ ਆਪਰੇਟਰ ਕੋਲ ਅਪਣੇ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਦੇ ਪੈਸੇ ਵੀ ਨਹੀਂ ਹਨ। ਉਧਰ ਸਰਕਾਰ ਨੇ ਬੁੱਧਵਾਰ ਨੂੰ ਸਾਫ਼ ਕੀਤਾ ਕਿ ਸਰਕਾਰੀ ਟੈਲੀਕਾਮ ਕੰਪਨੀਆਂ ਬੀਐਸਐਨਐਲ ਅਤੇ ਐਮਟੀਐਨਐਲ਼ ਨੂੰ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਸਰਕਾਰ ਇਹਨਾਂ ਕੰਪਨੀਆਂ ਨੂੰ ਸੰਕਟ ਵਿਚੋਂ ਕੱਢਣ ਲਈ ਵਪਾਰਕ ਤਿਆਰੀਆਂ ਕਰ ਰਹੀ ਹੈ।
BSNL and MTNL
ਟੈਲੀਕਾਮ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਲੋਕ ਸਭਾ ਨੂੰ ਦੱਸਿਆ ਕਿ ਐਮਟੀਐਨਐਲ ਨੂੰ ਬੰਦ ਕਰਨ ਦੀ ਕੋਈ ਪੇਸ਼ਕਸ਼ ਨਹੀਂ ਰੱਖੀ ਗਈ। ਇਸੇ ਤਰ੍ਹਾਂ ਬੀਐਸਐਨਐਲ ਨੂੰ ਵੀ ਬੰਦ ਕਰਨ ਲਈ ਕੋਈ ਪੇਸ਼ਕਸ਼ ਨਹੀਂ ਰੱਖੀ ਗਈ ਹੈ। ਰਵਿਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਇੰਡੀਅਨ ਇੰਸਟੀਚਿਊਟ ਆਫ ਮੈਨਜੇਮੈਂਟ, ਅਹਿਮਦਾਬਾਦ ਅਤੇ ਡੇਲਾਈਟ ਬੀਐਸਐਨਐਲ ਅਤੇ ਐਮਟੀਐਨਐਲ ਨੂੰ ਸੰਕਟ ਵਿਚੋਂ ਕੱਢਣ ਲਈ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਉਹਨਾਂ ਦੇ ਸੁਝਾਅ ਅਤੇ ਪਲਾਨ ਦੇ ਹਿਸਾਬ ਨਾਲ ਬੀਐਸਐਨਐਲ ਅਤੇ ਐਮਟੀਐਨਐਲ ਲਈ ਇਕ ਵਿਆਪਕ ਪਲਾਨ ਦੀ ਤਿਆਰੀ ਕੀਤੀ ਜਾ ਰਹੀ ਹੈ।
BSNL Telecom Company
ਲੋਕ ਸਭਾ ਵਿਚ ਸ਼ੇਅਰ ਕੀਤੇ ਗਏ ਅੰਕੜਿਆਂ ਮੁਤਾਬਕ ਐਮਟੀਐਨਐਲ ਦੇ ਮਾਰਕਿਟ ਸ਼ੇਅਰ ਵਿਚ ਘਾਟਾ ਹੋਇਆ ਹੈ ਜਦਕਿ ਬੀਐਸਐਨਐਲ ਦਾ ਮਾਰਕਿਟ ਸ਼ੇਅਰ ਪੂਰੇ ਭਾਰਤ ਵਿਚ ਇਸ ਸਮੇਂ 9.63 ਫੀਸਦੀ ਤੋਂ ਵਧ ਕੇ 10.72 ਫੀਸਦੀ ਹੋ ਗਿਆ ਹੈ। ਰਵਿਸ਼ੰਕਰ ਪ੍ਰਸਾਦ ਨੇ ਕਿਹਾ ਕਿ ਫੰਡ ਦੀ ਕਮੀ ਚਲਦਿਆਂ ਐਮਟੀਐਨਐਲ ਵਿਚ ਪਿਛਲੇ ਪੰਜ-ਛੇ ਮਹੀਨਿਆਂ ਵਿਚ ਤਨਖ਼ਾਹ ਦੇਣ ਵਿਚ ਦੇਰੀ ਹੋਈ ਹੈ। ਉਹਨਾਂ ਕਿਹਾ ਕਿ ਬੀਐਸਐਨਐਲ ਦੇ ਕਰਮਚਾਰੀਆਂ ਨੂੰ ਲਗਾਤਾਰ ਸੈਲਰੀ ਦਿੱਤੀ ਜਾ ਰਹੀ ਹੈ। ਅਧਿਕਾਰਕ ਅੰਕੜਿਆਂ ਮੁਤਾਬਕ 31 ਮਾਰਚ 2019 ਤੱਕ ਬੀਐਸਐਨਐਲ ਵਿਚ ਕੁੱਲ 1,63,902 ਕਰਮਚਾਰੀ ਕੰਮ ਕਰ ਰਹੇ ਸਨ। ਉਥੇ ਹੀ ਐਮਟੀਐਨਐਲ ਦੇ ਕਰਮਚਾਰੀਆਂ ਦੀ ਗਿਣਤੀ 21,679 ਹੈ।