
ਅਰਥਚਾਰੇ ਬਾਰੇ ਸਫ਼ੈਦ ਪੱਤਰ ਲਿਆਂਦਾ ਜਾਵੇ
ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਦੁਆਰਾ ਕੇਂਦਰ ਸਰਕਾਰ ਨੂੰ 1.76 ਲੱਖ ਕਰੋੜ ਰੁਪਏ ਤਬਦੀਲ ਕਰਨ ਦੇ ਫ਼ੈਸਲੇ ਸਬੰਧੀ ਕਾਂਗਰਸ ਨੇ ਨਰਿੰਦਰ ਮੋਦੀ ਸਰਕਾਰ ਵਿਰੁਧ ਦੇਸ਼ ਨੂੰ ਆਰਥਕ ਐਮਰਜੈਂਸੀ ਅਤੇ ਦੀਵਾਲੀਆਪਣ ਵਲ ਧੱਕਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਸਰਕਾਰ ਇਕ ਹਫ਼ਤੇ ਅੰਦਰ ਅਰਥਚਾਰੇ ਦੀ ਹਾਲਤ ਬਾਰੇ ਸਫ਼ੈਦ ਪੱਤਰ ਲਿਆਏ।
RBI
ਪਾਰਟੀ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਨੇ ਕਿਹਾ ਕਿ ਆਰਬੀਆਈ ਨਾਲ ਜੁੜਿਆ ਫ਼ੈਸਲਾ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਦਾ ਅਰਥਚਾਰਾ ਡੂੰਘੇ ਸੰਕਟ ਵਿਚ ਹੈ ਪਰ ਸਰਕਾਰ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਭਾਰਤ ਡੂੰਘੇ ਆਰਥਕ ਸੰਕਟ ਵਿਚ ਹੈ। ਜੀਡੀਪੀ ਲਗਾਤਾਰ ਡਿੱਗ ਰਹੀ ਹੈ। ਰੁਪਏ ਦਾ ਮੁਲ ਘਟ ਰਿਹਾ ਹੈ। ਅਸਲ ਵਿਚ ਭਾਰਤ ਵਿਚ ਬੇਰੁਜ਼ਗਾਰੀ 20 ਫ਼ੀ ਸਦੀ ਤੋਂ ਉਪਰ ਹੈ। ਹਰ ਮਾਹਰ ਇਸ ਨਾਲ ਸਹਿਮਤ ਹੋਵੇਗਾ।’ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਰਜ਼ਾ ਵੀ ਨਹੀਂ ਮਿਲ ਰਿਹਾ। ਦੇਸ ਦਾ ਨਿਰਯਾਤ ਜਿਥੇ ਪੰਜ ਸਾਲ ਪਹਿਲਾਂ ਸੀ, ਉਥੇ ਹੀ ਅਟਕਿਆ ਹੋਇਆ ਹੈ।
Anand Sharma
ਉਨ੍ਹਾਂ ਦੋਸ਼ ਲਾਇਆ, ‘ਆਰਬੀਆਈ ਤੋਂ ਪੈਸਾ ਲੈਣ ਦਾ ਫ਼ੈਸਲਾ ਖ਼ਤਰਨਾਕ ਹੈ। ਦੁਨੀਆਂ ਵਿਚ ਕਿਤੇ ਵੀ ਕੇਂਦਰੀ ਬੈਂਕ ਅਪਣੇ ਫ਼ੰਡ ਦਾ ਪੈਸਾ ਸਰਕਾਰ ਨੂੰ ਨਹੀਂ ਦਿੰਦਾ। ਇਥੋਂ ਪਤਾ ਚਲਦਾ ਹੈ ਕਿ ਭਾਰਤ ਦੀ ਅਰਥਵਿਵਸਥਾ ਡੂੰਘੇ ਸੰਕਟ ਵਿਚ ਹੈ। ਉਨ੍ਹਾਂ ਕਿਹਾ, ‘ਸਾਰੇ ਪੁਰਾਣੇ ਗਵਰਨਰਾਂ ਨੇ ਇਸ ਦਾ ਵਿਰੋਧ ਕੀਤਾ ਸੀ। ਰਘੂਰਾਮ ਰਾਜਨ ਨੇ ਇਸ ਦਾ ਵਿਰੋਧ ਕੀਤਾ ਅਤੇ ਉਰਜਿਤ ਪਟੇਲ ਨੇ ਅਸਤੀਫ਼ਾ ਦੇ ਦਿਤਾ। ਇਹ ਹਾਲਾਤ ਇਸ ਸਰਕਾਰ ਦੀਆਂ ਨੀਤੀਆਂ ਅਤੇ ਬਦਇੰਤਜ਼ਾਮੀ ਕਾਰਨ ਪੈਦਾ ਹੋਏ ਹਨ।’ ਇਸ ਤੋਂ ਪਹਿਲਾਂ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਵਾਲ ਕੀਤਾ ਕਿ ਕੀ ਆਰਬੀਆਈ ਤੋਂ ਮਿਲੇ ਇਸ ਪੈਸੇ ਦੀ ਵਰਤੋਂ ਭਾਜਪਾ ਦੇ ਪੂੰਜੀਪਤੀ ਮਿੱਤਰਾਂ ਨੂੰ ਬਚਾਉਣ ਲਈ ਕੀਤੀ ਜਾਵੇਗੀ।