
ਵਪਾਰ, ਅਤਿਵਾਦ ਤੇ ਹੋਰ ਮਸਲਿਆਂ 'ਤੇ ਚਰਚਾ
ਓਸਾਕਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਦੁਵੱਲੇ ਵਪਾਰ ਸਮੇਤ ਵੱਖ-ਵੱਖ ਮੁੱਦਿਆਂ 'ਤੇ 'ਖੁਲ੍ਹੇ ਮਾਹੌਲ ਵਿਚ ਅਤੇ ਸਾਰਥਕ' ਗੱਲਬਾਤ ਕੀਤੀ। ਦੋਹਾਂ ਆਗੂਆਂ ਨੇ ਅਤਿਵਾਦ ਜਿਹੀਆਂ ਵੱਡੀਆਂ ਵਿਸ਼ਵ ਚੁਨੌਤੀਆਂ ਨਾਲ ਸਿੱਝਣ ਲਈ ਵਿਸ਼ਵ ਨੂੰ ਮਜ਼ਬੂਤ ਅਗਵਾਈ ਦੇਣ ਦਾ ਸੰਕਲਪ ਲਿਆ। ਜੀ 20 ਸੰਮੇਲਨ ਲਈ ਜਾਪਾਨ ਆਏ ਮੋਦੀ ਨੇ ਟਰੰਪ ਨੂੰ ਪੱਤਰ ਜ਼ਰੀਏ 'ਭਾਰਤ ਪ੍ਰਤੀ ਅਪਣਾ ਪਿਆਰ' ਪ੍ਰਗਟ ਕਰਨ ਲਈ ਧਨਵਾਦ ਦਿਤਾ।
G20 Summit
ਇਹ ਪੱਤਰ ਅਮਰੀਕੀ ਰਾਸ਼ਟਰਪਤੀ ਨੇ ਇਸ ਹਫ਼ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਪੀਓ ਜ਼ਰੀਏ ਮੋਦੀ ਨੂੰ ਭੇਜਿਆ ਸੀ। ਮੋਦੀ ਨੇ ਕਿਹਾ ਕਿ ਅਮਰੀਕਾ ਨਾਲ ਆਰਥਕ ਅਤੇ ਸਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਹ ਪ੍ਰਤੀਬੱਧ ਹੈ। ਦੋਹਾਂ ਆਗੂਆਂ ਨੇ ਜੀ 20 ਸੰਮੇਲਨ ਤੋਂ ਪਾਸੇ, 5 ਜੀ, ਦੁਵੱਲੇ ਰਿਸ਼ਤਿਆਂ ਅਤੇ ਰਖਿਆ ਸਬੰਧਾਂ ਬਾਰੇ ਚਰਚਾ ਕੀਤੀ।
G20 Summit
ਮੋਦੀ ਨੇ ਬੈਠਕ ਮਗਰੋਂ ਟਵਿਟਰ 'ਤੇ ਲਿਖਿਆ, 'ਰਾਸ਼ਟਰਪਤੀ ਟਰੰਪ ਨਾਲ ਕਈ ਮੁੱਦਿਆਂ 'ਤੇ ਚਰਚਾ ਹੋਈ। ਅਸੀਂ ਤਕਨੀਕ ਦੀ ਸ਼ਕਤੀ ਦੀ ਵਰਤੋਂ ਦੇ ਉਪਾਅ, ਰਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਬਿਹਤਰ ਬਣਾਉਣ ਤੋਂ ਇਲਾਵਾ ਵਪਾਰ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ।'
G20 Summit
ਦੋਹਾਂ ਧਿਰਾਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟ ਕੀਤੀ ਕਿ ਵਪਾਰ ਮੁੱਦਿਆਂ ਬਾਰੇ ਵਣਜ ਮੰਤਰੀਆਂ ਦੀ ਬੈਠਕ ਛੇਤੀ ਹੀ ਹੋਵੇਗੀ। ਟਰੰਪ ਨੇ ਹਾਲੇ ਇਕ ਦਿਨ ਪਹਿਲਾਂ, ਭਾਰਤ ਨੂੰ ਬਾਦਾਮ, ਅਖ਼ਰੋਟ ਸਮੇਤ ਕੁੱਝ ਅਮਰੀਕੀ ਉਤਪਾਦਾਂ 'ਤੇ ਹਾਲ ਹੀ ਵਿਚ ਲਾਏ ਗਏ 'ਜ਼ਿਆਦਾ ਕਰ' ਵਾਪਸ ਲੈਣ ਲਈ ਕਿਹਾ ਸੀ। ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਪੱਤਰਕਾਰਾਂ ਨੂੰ ਦਸਿਆ ਕਿ ਦੋਹਾਂ ਆਗੂਆਂ ਨੇ ਬਹੁਤ ਹੀ ਸਾਰਥਕ ਅਤੇ ਖੁਲ੍ਹੇ ਮਾਹੌਲ ਵਿਚ ਚਰਚਾ ਕੀਤੀ। ਰਾਸ਼ਟਰਪਤੀ ਟਰੰਪ ਨੇ ਮੋਦੀ ਨੂੰ ਜਿੱਤ ਦੀ ਵਧਾਈ ਦਿਤੀ।
G20 Summit: PM Modi and US President Donald Trump
ਦੋਹਾਂ ਆਗੂਆਂ ਦੀ ਬੈਠਕ ਬਾਰੇ ਵਾਈਟ ਹਾਊਸ ਤੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਦੋਹਾਂ ਆਗੂਆਂ ਨੇ ਰਣਨੀਤਕ ਭਾਈਵਾਲੀ ਲਈ ਹੋਈ ਪ੍ਰਗਤੀ ਅਤੇ ਇਸ ਨੂੰ ਅਗਲੇ ਪੱਧਰ 'ਤੇ ਲਿਜਾਣ ਲਈ ਅਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਬਿਆਨ ਮੁਤਾਬਕ ਦੋਹਾਂ ਆਗੂਆਂ ਨੇ ਆਰਥਕ, ਵਪਾਰਕ, ਰਖਿਆ ਅਤੇ ਸੁਰੱਖਿਆ, ਅਤਿਵਾਦ ਦੀ ਰੋਕਥਾਮ ਅਤੇ ਪੁਲਾੜ ਸਮੇਤ ਵੱਖ ਵੱਖ ਖੇਤਰਾਂ ਵਿਚ ਅਮਰੀਕਾ-ਭਾਰਤ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰਾਂ ਕੀਤੀਆਂ। ਵਿਦੇਸ਼ ਸਕੱਤਰ ਗੋਖਲੇ ਮੁਤਾਬਕ ਈਰਾਨ ਦੇ ਸੰਦਰਭ ਵਿਚ ਮੋਦੀ ਨੇ ਊਰਜਾ ਸਬੰਧੀ ਅਪਣੀਆਂ ਚਿੰਤਾਵਾਂ ਅਤੇ ਖੇਤਰ ਵਿਚ ਸ਼ਾਂਤੀ ਤੇ ਸਥਿਰਤਾ ਨਾਲੀ ਜੁੜੇ ਖ਼ਦਸ਼ਿਆਂ ਦੀ ਗੱਲ ਕੀਤੀ। ਉਨ੍ਹਾਂ ਇਸ਼ਾਰਾ ਕੀਤਾ ਕਿ ਭਾਰਤ ਦੀ ਕੁਲ ਊਰਜਾ ਲੋੜ ਵਿਚ ਈਰਾਨ 11 ਫ਼ੀ ਸਦੀ ਸਪਲਾਈ ਕਰਦਾ ਹੈ।
G20 Summit: PM Modi and US President Donald Trump
ਤੇਲ ਕੀਮਤਾਂ ਸਥਿਰ ਰਹਿਣਗੀਆਂ : ਟਰੰਪ
ਰਾਸ਼ਟਰਪਤੀ ਟਰੰਪ ਨੇ ਉਮੀਦ ਪ੍ਰਗਟ ਕੀਤੀ ਕਿ ਤੇਲ ਦੀਆਂ ਕੀਮਤਾਂ ਸਥਿਰ ਰਹਿਣਗੀਆਂ। ਟਰੰਪ ਨੇ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ ਖਾੜੀ ਦੇਸ਼ਾਂ ਵਿਚ ਸਥਿਰਤਾ ਯਕੀਨੀ ਬਣਾਉਣ ਵਾਸਤੇ ਅਮਰੀਕਾ ਦੁਆਰਾ ਚੁੱਕੇ ਜਾ ਰਹੇ ਕਦਮਾਂ ਬਾਰੇ ਚਰਚਾ ਕੀਤੀ। ਦੋਵੇਂ ਧਿਰਾਂ ਇਸ ਗੱਲ 'ਤੇ ਸਹਿਮਤ ਹੋਈਆਂ ਕਿ ਉਹ ਈਰਾਨ ਦੇ ਮੁੱਦੇ ਅਤੇ ਖੇਤਰ ਵਿਚ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣ ਲਈ ਇਕ ਦੂਜੇ ਦੇ ਸੰਪਰਕ ਵਿਚ ਰਹਿਣਗੀਆਂ।
G20 Summit
ਮੋਦੀ ਦੀ ਈ ਆਗੂਆਂ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਨਾਲ ਬੈਠਕ ਕੀਤੀ ਜਿਸ ਦੌਰਾਨ ਦੋਹਾਂ ਆਗੂਆਂ ਨੇ ਭਾਰਤ ਜਰਮਨੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਸਾਈਬਰ ਸੁਰੱਖਿਆ ਜਿਹੇ ਖੇਤਰਾਂ ਵਿਚ ਤਾਲਮੇਲ ਵਧਾਉਣ ਬਾਰੇ ਚਰਚਾ ਕੀਤੀ।
G20 Summit
ਦੋਹਾਂ ਆਗੂਆਂ ਨੇ ਜੀ 20 ਸੰਮੇਲਨ ਤੋਂ ਪਾਸੇ ਬੈਠਕ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦਸਿਆ, 'ਚੰਗੀ ਦੋਸਤੀ ਨੂੰ ਹੋਰ ਪੱਕੀ ਕਰਨ ਲਈ ਮੋਦੀ ਨੇ ਮਰਕਲ ਨਾਲ ਮੁਲਾਕਾਤ ਕੀਤੀ। ਰੇਲਵੇ ਦੇ ਆਧੁਨਿਕੀਕਰਨ, ਸਾਈਬਰ ਸੁਰੱਖਿਆ ਅਤੇ ਹੁਨਰ ਵਿਕਾਸ ਜਿਹੇ ਖੇਤਰਾਂ ਵਿਚ ਤਾਲਮੇਲ ਵਧਾਉਣ ਬਾਰੇ ਚਰਚਾ ਹੋਈ।'
G20 Summit
ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਚਿਨਪਿੰਗ ਨਾਲ ਵੀ ਮੁਲਾਕਾਤ ਕੀਤੀ ਅਤੇ ਅਤਿਵਾਦ ਰੋਕਥਾਮ ਤੇ ਜਲਵਾਯੂ ਤਬਦੀਲੀ ਸਮੇਤ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ।
G20 Summit