
‘ਬੀ ਗ੍ਰੇਡ’ ਦੇ ਭਾਰੀ ਸ਼ੀਰੇ ਅਤੇ ਗੰਨੇ ਦੇ ਰਸ/ਖੰਡ/ਸ਼ੀਰਾ ਤੋਂ ਪੈਦਾ ਹੋਣ ਵਾਲੇ ਈਥਾਨੋਲ ਦੀਆਂ ਕੀਮਤਾਂ ਨਹੀਂ ਬਦਲਣਗੀਆਂ
ਨਵੀਂ ਦਿੱਲੀ : ਕੇਂਦਰੀ ਕੈਬਨਿਟ ਨੇ ਬੁਧਵਾਰ ਨੂੰ ਸਪਲਾਈ ਸਾਲ 2024-25 ਲਈ ‘ਸੀ ਸ਼੍ਰੇਣੀ’ ਦੇ ਸ਼ੀਰੇ ਤੋਂ ਪ੍ਰਾਪਤ ਈਥਾਨੋਲ (ਐਕਸ-ਮਿੱਲ) ਦੀ ਕੀਮਤ 1.69 ਰੁਪਏ ਵਧਾ ਕੇ 57.97 ਰੁਪਏ ਪ੍ਰਤੀ ਲੀਟਰ ਕਰਨ ਨੂੰ ਪ੍ਰਵਾਨਗੀ ਦੇ ਦਿਤੀ ਹੈ। ਈਥਾਨੋਲ ਦਾ ਸਪਲਾਈ ਵਰ੍ਹਾ 1 ਨਵੰਬਰ ਤੋਂ 31 ਅਕਤੂਬਰ ਤਕ ਚਲਦਾ ਹੈ।
ਖੰਡ ਉਦਯੋਗ ਦੇ ਉਪ-ਉਤਪਾਦਾਂ ਤੋਂ ਈਥਾਨੋਲ ਉਤਪਾਦਨ ਨੂੰ ਵਧਾਉਣ ਦੇ ਉਦੇਸ਼ ਨਾਲ ਕੀਮਤਾਂ ’ਚ ਵਾਧਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਭਾਰਤ 2025-26 ਤਕ ਪਟਰੌਲ ’ਚ 20 ਫ਼ੀ ਸਦੀ ਈਥਾਨੋਲ ਮਿਸ਼ਰਣ ਦੇ ਅਪਣੇ ਟੀਚੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਹਿਲਾਂ 2030 ਤਕ ਪਟਰੌਲ ’ਚ 20 ਫ਼ੀ ਸਦੀ ਈਥਾਨੋਲ ਮਿਸ਼ਰਣ ਪ੍ਰਾਪਤ ਕਰਨ ਦਾ ਟੀਚਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀ.ਸੀ.ਈ.ਏ.) ਨੇ ‘ਬੀ ਗ੍ਰੇਡ’ ਦੇ ਭਾਰੀ ਸ਼ੀਰੇ ਅਤੇ ਗੰਨੇ ਦੇ ਰਸ/ਖੰਡ/ਸ਼ੀਰਾ ਤੋਂ ਪੈਦਾ ਹੋਣ ਵਾਲੇ ਈਥਾਨੋਲ ਦੀਆਂ ਕੀਮਤਾਂ ਕ੍ਰਮਵਾਰ 60.73 ਰੁਪਏ ਪ੍ਰਤੀ ਲੀਟਰ ਅਤੇ 65.61 ਰੁਪਏ ਪ੍ਰਤੀ ਲੀਟਰ ’ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਗੰਨਾ ਉਤਪਾਦਾਂ ਦੇ ਮੁਕਾਬਲੇ ਗ੍ਰੇਡ ਸੀ ਸ਼ੀਰੇ ’ਚ ਖੰਡ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਉਨ੍ਹਾਂ ਕਿਹਾ, ‘‘ਈਥਾਨੋਲ ਉਤਪਾਦਨ ਲਈ ਅਸੀਂ ਸੀ ਗ੍ਰੇਡ ਸ਼ੀਰੇ ਨੂੰ ਜਿੰਨਾ ਜ਼ਿਆਦਾ ਉਤਸ਼ਾਹਿਤ ਕਰਾਂਗੇ, ਇਹ ਕਿਸਾਨਾਂ ਅਤੇ ਵਾਤਾਵਰਣ ਦੋਹਾਂ ਲਈ ਲਾਭਦਾਇਕ ਹੋਵੇਗਾ।’’
ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ (ਓ.ਐੱਮ.ਸੀ.) ਮੌਜੂਦਾ ਸਪਲਾਈ ਸਾਲ 2024-25 (ਨਵੰਬਰ-ਅਕਤੂਬਰ) ਦੌਰਾਨ ਸਰਕਾਰ ਦੇ ਈਥਾਨੋਲ ਮਿਸ਼ਰਤ ਪਟਰੌਲ (ਈ.ਬੀ.ਪੀ.) ਪ੍ਰੋਗਰਾਮ ਤਹਿਤ ਸੋਧੀਆਂ ਦਰਾਂ ’ਤੇ ਈਥਾਨੋਲ ਖਰੀਦਣਗੀਆਂ। ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ‘ਸੀ’ ਹੈਵੀ ਸ਼ੀਰਾ ਈਥਾਨੋਲ ਦੀ ਕੀਮਤ ਵਿਚ 3 ਫੀ ਸਦੀ ਵਾਧੇ ਦਾ ਉਦੇਸ਼ ਵਧੇ ਹੋਏ ਮਿਸ਼ਰਣ ਟੀਚਿਆਂ ਨੂੰ ਪੂਰਾ ਕਰਨ ਲਈ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੈ।
ਪਿਛਲੇ ਸਾਲਾਂ ਦੀ ਤਰ੍ਹਾਂ, ਗੰਨਾ ਕਿਸਾਨਾਂ ਦੀ ਸਹਾਇਤਾ ਲਈ ਵਸਤੂ ਅਤੇ ਸੇਵਾਵਾਂ ਟੈਕਸ (ਜੀ.ਐਸ.ਟੀ.) ਅਤੇ ਆਵਾਜਾਈ ਖਰਚਿਆਂ ਦਾ ਭੁਗਤਾਨ ਵੱਖਰੇ ਤੌਰ ’ਤੇ ਕੀਤਾ ਜਾਵੇਗਾ। ਕੀਮਤਾਂ ’ਚ ਤਬਦੀਲੀ ਵਧੇ ਹੋਏ ਮਿਸ਼ਰਣ ਟੀਚਿਆਂ ਨੂੰ ਪੂਰਾ ਕਰਨ ਲਈ ਉਚਿਤ ਈਥਾਨੋਲ ਸਪਲਾਈ ਨੂੰ ਯਕੀਨੀ ਬਣਾਉਣ ’ਚ ਸਹਾਇਤਾ ਕਰੇਗੀ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (ਓ.ਐੱਮ.ਸੀ.) ਨੇ ਚਾਲੂ ਸਪਲਾਈ ਸਾਲ ’ਚ 18 ਫੀ ਸਦੀ ਮਿਸ਼ਰਣ ਹਾਸਲ ਕਰਨ ਦਾ ਟੀਚਾ ਰੱਖਿਆ ਹੈ।
ਆਲ ਇੰਡੀਆ ਸ਼ੂਗਰ ਟਰੇਡ ਐਸੋਸੀਏਸ਼ਨ (ਏ.ਆਈ.ਐੱਸ.ਟੀ.ਏ.) ਦੇ ਚੇਅਰਮੈਨ ਪ੍ਰਫੁੱਲ ਵਿਠਲਾਨੀ ਨੇ ਕੀਮਤਾਂ ’ਚ ਚੋਣਵੇਂ ਵਾਧੇ ਨੂੰ ਸਾਵਧਾਨੀ ਦਾ ਉਪਾਅ ਕਰਾਰ ਦਿਤਾ ਅਤੇ ਕਿਹਾ ਕਿ ਸਰਕਾਰ ਗੰਨੇ ਦੇ ਰਸ ਅਤੇ ਬੀ-ਗੁੜ ਤੋਂ ਬਣੇ ਈਥਾਨੋਲ ਦੀਆਂ ਕੀਮਤਾਂ ’ਚ ਵਾਧਾ ਨਾ ਕਰ ਕੇ ਖੰਡ ਉਤਪਾਦਨ ਨੂੰ ਵਧਾਉਣਾ ਚਾਹੁੰਦੀ ਹੈ।
ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਵਲੋਂ ਈਥਾਨੋਲ ਮਿਸ਼ਰਣ 2013-14 ’ਚ 38 ਕਰੋੜ ਲੀਟਰ ਤੋਂ ਵਧ ਕੇ 2023-24 ’ਚ 707 ਕਰੋੜ ਲੀਟਰ ਹੋ ਗਿਆ ਹੈ, ਜਿਸ ਨਾਲ ਔਸਤਨ 14.60 ਫ਼ੀ ਸਦੀ ਦਾ ਮਿਸ਼ਰਣ ਹੋਇਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਈਬੀਪੀ ਪ੍ਰੋਗਰਾਮ ਨਾਲ ਵਿਦੇਸ਼ੀ ਮੁਦਰਾ ਵਿਚ 1,13,007 ਕਰੋੜ ਰੁਪਏ ਤੋਂ ਵੱਧ ਦੀ ਬਚਤ ਹੋਈ ਹੈ ਅਤੇ ਇਕ ਦਸੰਬਰ, 2024 ਤਕ ਦੇ ਦਹਾਕੇ ਵਿਚ ਲਗਭਗ 193 ਲੱਖ ਟਨ ਕੱਚੇ ਤੇਲ ਦੀ ਦਰਾਮਦ ਤੋਂ ਬਚਿਆ ਹੈ।