
ਪਹਿਲਾ ਪੜਾਅ ਪਤਝੜ ਦੇ ਮੌਸਮ ਤਕ ਪੂਰਾ ਹੋਣ ਦੀ ਉਮੀਦ
ਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਵਿਆਪਕ ਦੁਵਲੇ ਵਪਾਰ ਸਮਝੌਤੇ (ਬੀ.ਟੀ.ਏ.) ਵਲ ਵਧ ਰਹੇ ਹਨ। ਨਵੀਂ ਦਿੱਲੀ ’ਚ ਚਾਰ ਦਿਨਾਂ ਦੀ ਗੱਲਬਾਤ ਤੋਂ ਬਾਅਦ, ਦੋਵੇਂ ਦੇਸ਼ ਖੇਤਰਵਾਰ ਮਾਹਰ ਪੱਧਰ ਦੀ ਗੱਲਬਾਤ ‘ਵਰਚੁਅਲ’ ਜ਼ਰੀਏ ਰਾਹੀਂ ਸ਼ੁਰੂ ਕਰਨ ਲਈ ਸਹਿਮਤ ਹੋਏ ਹਨ, ਜਿਸ ਦਾ ਉਦੇਸ਼ ਜਲਦੀ ਹੀ ਵਿਅਕਤੀਗਤ ਗੱਲਬਾਤ ਦਾ ਦੌਰ ਹੈ। ਬੀ.ਟੀ.ਏ. ਦੇ ਪਹਿਲੇ ਪੜਾਅ ਨੂੰ 2025 ਦੇ ਪਤਝੜ ਤਕ ਪੂਰਾ ਕਰਨ ਦਾ ਟੀਚਾ ਹੈ, ਜਿਸ ਦਾ ਵਿਆਪਕ ਟੀਚਾ 2030 ਤਕ ਦੁਵਲੇ ਵਪਾਰ ਨੂੰ ਮੌਜੂਦਾ 190 ਅਰਬ ਡਾਲਰ ਤੋਂ ਦੁੱਗਣਾ ਕਰ ਕੇ 500 ਅਰਬ ਡਾਲਰ ਕਰਨਾ ਹੈ।
ਇਹ ਫੈਸਲਾ ਭਾਰਤ ਅਤੇ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਦੀ ਚਾਰ ਦਿਨਾਂ ਗੱਲਬਾਤ ਤੋਂ ਬਾਅਦ ਲਿਆ ਗਿਆ। ਇਹ ਗੱਲਬਾਤ ਸ਼ਨੀਵਾਰ ਨੂੰ ਇੱਥੇ ਖਤਮ ਹੋਈ। ਦੱਖਣੀ ਅਤੇ ਮੱਧ ਏਸ਼ੀਆ ਲਈ ਸਹਾਇਕ ਅਮਰੀਕੀ ਵਪਾਰ ਪ੍ਰਤੀਨਿਧੀ ਬ੍ਰੈਂਡਨ ਲਿੰਚ ਦੀ ਅਗਵਾਈ ਵਿਚ ਅਮਰੀਕੀ ਅਧਿਕਾਰੀਆਂ ਦੀ ਇਕ ਟੀਮ ਗੱਲਬਾਤ ਲਈ ਇੱਥੇ ਆਈ ਸੀ।
ਮੰਤਰਾਲੇ ਨੇ ਕਿਹਾ, ‘‘ਖੇਤਰਵਾਰ ਮਾਹਰ-ਪਧਰੀ ਗੱਲਬਾਤ ਆਉਣ ਵਾਲੇ ਹਫ਼ਤਿਆਂ ’ਚ ‘ਵਰਚੂਅਲ’ ਜ਼ਰੀਏ ਨਾਲ ਸ਼ੁਰੂ ਹੋਵੇਗੀ ਅਤੇ ਵਿਅਕਤੀਗਤ ਗੱਲਬਾਤ ਦੇ ਦੌਰ ਦਾ ਰਾਹ ਪੱਧਰਾ ਕਰੇਗੀ।’’
ਇਸ ਸਮਝੌਤੇ ਦਾ ਉਦੇਸ਼ ਬਾਜ਼ਾਰ ਪਹੁੰਚ ਨੂੰ ਵਧਾਉਣਾ, ਟੈਰਿਫ ਰੁਕਾਵਟਾਂ ਨੂੰ ਘਟਾਉਣਾ ਅਤੇ ਸਪਲਾਈ ਚੇਨ ਏਕੀਕਰਣ ਨੂੰ ਡੂੰਘਾ ਕਰਨਾ ਹੈ। ਭਾਰਤ ਕਪੜੇ ਵਰਗੇ ਅਪਣੇ ਕਿਰਤ-ਅਧਾਰਤ ਖੇਤਰਾਂ ਦੀ ਰੱਖਿਆ ਨੂੰ ਤਰਜੀਹ ਦੇ ਰਿਹਾ ਹੈ, ਜਦਕਿ ਅਮਰੀਕਾ ਖੇਤੀਬਾੜੀ, ਪੈਟਰੋਕੈਮੀਕਲਜ਼ ਅਤੇ ਆਟੋਮੋਬਾਈਲ ਵਰਗੇ ਉਦਯੋਗਾਂ ’ਚ ਰਿਆਇਤਾਂ ਚਾਹੁੰਦਾ ਹੈ।
ਅਮਰੀਕਾ ਭਾਰਤ ਦਾ ਸੱਭ ਤੋਂ ਵੱਡਾ ਵਪਾਰਕ ਭਾਈਵਾਲ ਬਣਿਆ ਹੋਇਆ ਹੈ ਅਤੇ 2023-24 ’ਚ ਦੋ-ਪੱਖੀ ਵਸਤਾਂ ਦਾ ਵਪਾਰ 119.71 ਅਰਬ ਡਾਲਰ ਤਕ ਪਹੁੰਚ ਗਿਆ ਹੈ। ਪ੍ਰਮੁੱਖ ਅਮਰੀਕੀ ਨਿਰਯਾਤ ’ਚ ਬਦਾਮ ਅਤੇ ਈਥਾਨੋਲ ਸ਼ਾਮਲ ਹਨ, ਜਦਕਿ ਭਾਰਤ ਦਾ ਨਿਰਯਾਤ ਦਵਾਈਆਂ ਦੇ ਫਾਰਮੂਲੇਸ਼ਨਾਂ ਤੋਂ ਲੈ ਕੇ ਟੈਕਸਟਾਈਲ ਤਕ ਹੈ। ਦੋਹਾਂ ਦੇਸ਼ਾਂ ਨੇ ਸਹਿਯੋਗ ਪ੍ਰਤੀ ਅਪਣੀ ਵਚਨਬੱਧਤਾ ਦੁਹਰਾਈ ਅਤੇ ਇਸ ਨੂੰ ਆਪਸੀ ਆਰਥਕ ਲਚਕੀਲੇਪਣ ਅਤੇ ਵਿਕਾਸ ਦੀ ਦਿਸ਼ਾ ’ਚ ਇਕ ਮੀਲ ਪੱਥਰ ਦਸਿਆ । ਇਹ ਗੱਲਬਾਤ ਨਿਰਪੱਖ, ਸੁਰੱਖਿਅਤ ਅਤੇ ਰੁਜ਼ਗਾਰ ਆਧਾਰਤ ਵਪਾਰ ਲਈ ਸਾਂਝੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।